ਦਿਨ ਦਿਹਾੜੇ ਮੰਦਰ 'ਚ ਵੜ ਕੇ 30000 ਰੁਪਏ ਕੀਮਤ ਦਾ ਪਿੱਤਲ ਦਾ ਟੱਲ ਲੈ ਉੱਡੇ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ 4 ਅਕਤੂਬਰ 2026- ਪੁਲਿਸ ਜਿਲਾ ਗੁਰਦਾਸਪੁਰ ਦੇ ਥਾਣਾ ਪੁਰਾਨਾ ਸ਼ਾਲਾ ਦੇ ਤਹਿਤ ਆਉਂਦੇ ਇਤਿਹਾਸਿਕ ਅਤੇ ਧਾਰਮਿਕ ਕਸਬਾ ਤਾਲਿਬਪੁਰ ਦੇ ਇੱਕ ਮੰਦਰ ਵਿੱਚੋਂ ਦਿਨ ਦਿਹਾੜੇ ਕਰੀਬ ਪੰਦਰਾਂ ਕਿਲੋ ਵਜਨੀ ਪਿੱਤਲ ਦਾ ਟੱਲ(ਘੰਟਾ) ਚੋਰ ਚੋਰੀ ਕਰਕੇ ਲੈ ਗਏ । ਨਜਦੀਕ ਦੇ ਇੱਕ ਸੀਸੀ ਟੀਵੀ ਵਿੱਚ ਚੋਰਾਂ ਦੀ ਤਸਵੀਰ ਕੈਦ ਹੋਈ ਹੈ ਜਿਸ ਵਿੱਚ ਉਹ ਮੋਟਰਸਾਈਕਲ ਤੇ ਆਉਂਦੇ ਅਤੇ ਬੋਰੀ ਵਿੱਚ ਪਾ ਕੇ ਕੋਈ ਭਾਰੀ ਚੀਜ਼ ਲੈ ਕੇ ਜਾਂਦੇ ਨਜ਼ਰ ਆਉਂਦੇ ਹਨ। ਚੋਰੀ ਦੀ ਇਹ ਘਟਨਾ ਖਜੂਰੀਆ ਬਿਰਾਦਰੀ ਦੇ ਜਠੇਰਿਆਂ ਦੇ ਸਿੱਧ ਬਾਬਾ ਬਨਖੰਡੀ ਨਾਥ ਮੰਦਰ ਵਿਖੇ ਵਾਪਰੀ ਹੈ।
ਜਾਣਕਾਰੀ ਦਿੰਦਿਆ ਪਿੰਡ ਦੇ ਮੈਂਬਰ ਪੰਚਾਇਤ ਜੋਤੀ ਖਜੂਰੀਆ ਅਤੇ ਖਜੂਰੀਆ ਬਿਰਾਦਰੀ ਦੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਚੋਰੀ ਕੀਤੇ ਗਏ ਟੱਲ ਦੀ ਕੀਮਤ 25 ਤੋਂ 30 ਹਜਾਰ ਦੇ ਕਰੀਬ ਸੀ । ਉਹਨਾਂ ਦੱਸਿਆ ਕਿ ਸੀਸੀਟੀਵੀ ਵਿੱਚ ਚੋਰਾਂ ਦੇ ਚਿਹਰੇ ਸਾਫ ਨਜ਼ਰ ਆ ਰਹੇ ਹਨ ਅਤੇ ਪੁਲਿਸ ਨੂੰ ਇਹ ਸੀਸੀਟੀਵੀ ਵੀ ਮੁਹਈਆ ਕਰਵਾਈ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਉੱਥੇ ਹੀ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਦੇ ਮੰਦਰਾ ਵਿਖੇ ਵਿੱਚ ਵੀ ਇੱਕ ਚੋਰ ਵੱਲੋਂ ਚੋਰੀਆਂ ਖਰੀਦੀਆਂ ਗਈਆਂ ਸਨ ਅਤੇ ਉਸਦੀ ਸੀਸੀਟੀਵੀ ਫੁਟੇਜ ਵੀ ਇਲਾਕਾ ਨਿਵਾਸੀਆਂ ਵੱਲੋਂ ਸਬੰਧਤ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਨੂੰ ਦੇ ਦਿੱਤੀ ਸੀ ਪਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਲਗਾਤਾਰ ਚੋਰ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਜੋ ਬੇਹਦ ਮੰਦਭਾਗਾ ਹੈ ਪਰ ਮਾਮਲੇ ਵਿੱਚ ਪੁਲਿਸ ਦੀ ਚੁੱਪੀ ਹੈਰਾਨੀਜਨਕ ਹੈ।
- Download Babushahi App
-
-