ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਵੱਲੋਂ ਪ੍ਰਸਿੱਧ ਇਤਿਹਾਸਕਾਰ ਸੇਲਬਰਾਹ ਦੀਆਂ ਕਿਤਾਬਾਂ 'ਤੇ ਰਾਜ ਪੱਧਰੀ ਗੋਸ਼ਟੀ 17 ਸਤੰਬਰ ਨੂੰ
ਬਾਬੂਸ਼ਾਹੀ ਬਿਊਰੋ
ਰਾਮਪੁਰਾ ਫੂਲ / ਪੰਚਕੂਲਾ 8 ਸਤੰਬਰ, 2026 -
ਹਰਿਆਣਾ ਸਰਕਾਰ ਦੁਆਰਾ ਸਥਾਪਿਤ ਖੁਦ ਮੁਖਤਿਆਰ ਸੰਸਥਾ ‘ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ’ ਵੱਲੋਂ ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਜੀ ਦੀਆਂ ਲਿਖਤਾਂ ਉੱਤੇ ਇੱਕ ਰਾਜ ਪੱਧਰੀ ਗੋਸ਼ਟੀ ਕਰਵਾਈ ਜਾ ਰਹੀ ਹੈ। ਇਹ ਸਮਾਗਮ 17 ਸਤੰਬਰ, 2026 (ਦਿਨ ਵੀਰਵਾਰ) ਨੂੰ ਅਕਾਦਮੀ ਭਵਨ, ਸੈਕਟਰ 14, ਪੰਚਕੂਲਾ ਵਿਖੇ ਆਯੋਜਿਤ ਹੋਵੇਗਾ। ਗੋਸ਼ਟੀ ਦਾ ਮੁੱਖ ਵਿਸ਼ਾ "ਸਪਤ ਸਿੰਧੂ ਦੀ ਇਤਿਹਾਸਕਾਰੀ ਵਿੱਚ ਹਰਭਜਨ ਸਿੰਘ ਸੇਲਬਰਾਹ ਦਾ ਯੋਗਦਾਨ (ਮਾਲਵਾ ਅਤੇ ਪੁਆਧ ਖੇਤਰਾਂ ਦੇ ਸੰਦਰਭ ਵਿੱਚ)" ਰੱਖਿਆ ਗਿਆ ਹੈ। ਇਸ ਸਮਾਗਮ ਵਿੱਚ ਸਾਹਿਤ ਜਗਤ ਦੀਆਂ ਨਾਮਵਰ ਸ਼ਖਸੀਅਤਾਂ ਤੋਂ ਇਲਾਵਾ ਡਾਕਟਰ ਜਸਵੰਤ ਸਿੰਘ ਅਤੇ ਡਾਕਟਰ ਜਗਪਾਲ ਸਿੰਘ ਲੇਖਕ ਦੀਆਂ ਰਚਨਾਵਾਂ 'ਤੇ ਆਪਣੇ ਖੋਜ ਪਰਚੇ ਪੜ੍ਹਨਗੇ।
ਪੰਜਾਬੀ ਸਾਹਿਤ ਸਭਾ (ਰਜਿ:) ਰਾਮਪੁਰਾ ਫੂਲ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, 14 ਦਸੰਬਰ 1952 ਨੂੰ ਪਿਤਾ ਮਲਕੀਤ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਪਿੰਡ ਸੇਲਬਰਾਹ ਵਿਖੇ ਜਨਮੇ ਸਰਦਾਰ ਹਰਭਜਨ ਸਿੰਘ ਨੇ ਬਿਜਲੀ ਬੋਰਡ ਵਿੱਚ ਸੇਵਾ ਤੋਂ ਬਾਅਦ ਲਗਭਗ 32 ਸਾਲ ਸਮਾਜਿਕ ਸਿੱਖਿਆ ਅਧਿਆਪਕ ਵਜੋਂ ਸੇਵਾ ਨਿਭਾਈ। ਸਾਲ 2006 ਤੋਂ ਇਤਿਹਾਸਕਾਰੀ ਦੇ ਖੇਤਰ ਵਿੱਚ ਕਦਮ ਰੱਖਦਿਆਂ, ਉਨ੍ਹਾਂ ਨੇ ਸਾਲ 2010 ਵਿੱਚ ਮਾਲਵਾ ਦੇ ਪ੍ਰਸਿੱਧ ਇਤਿਹਾਸਕਾਰ ਸਵ. ਜਗਜੀਤ ਸਿੰਘ ਗੁਰਨੇ ਕਲਾਂ ਨੂੰ ਗੁਰੂ ਧਾਰਨ ਕਰਕੇ ਖੋਜ ਕਾਰਜ ਦੇ ਗੁਣ ਸਿੱਖੇ।
ਸਾਲ 2020 ਤੋਂ ਹੁਣ ਤੱਕ ਉਨ੍ਹਾਂ ਦੀਆਂ 9 ਇਤਿਹਾਸਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੇ ਪਾਂਡੇ ਬਹੀਆਂ, ਸ਼ਿਲਾਲੇਖਾਂ, ਹੱਥ-ਲਿਖਤਾਂ ਅਤੇ ਬਜ਼ੁਰਗਾਂ ਨਾਲ ਮੁਲਾਕਾਤਾਂ ਵਰਗੇ ਠੋਸ ਸਰੋਤਾਂ ਦੇ ਆਧਾਰ 'ਤੇ ਜੈਤੋ ਮੋਰਚੇ ਦੇ ਬਾਨੀ ਗਿਆਨੀ ਇੰਦਰ ਸਿੰਘ ਮੌੜ, ਭੱਟੀ ਭਾਈਚਾਰਾ, ਜ਼ਿਲਾ ਬਠਿੰਡਾ ਦੇ ਪਿੰਡਾਂ ਦਾ ਇਤਿਹਾਸ, ਬਾਬਾ ਮੂਲ ਚੰਦ ਜੀ, ਭਾਈ ਪੰਜਾਬ ਸਿੰਘ ਬਹਿਲੋਕਾ, ਬਾਬਾ ਕਾਲੂ ਨਾਥ ਜੀ, ਅਤੇ ਸਿੱਧੂਆਂ ਦਾ ਵਡੇਰਾ ਸਿੱਧ ਤਿਲਕਰਾ ਜੀ ਵਰਗੀਆਂ ਮਹੱਤਵਪੂਰਨ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਪੁਸਤਕਾਂ (ਆਰਿਫ਼ ਬਰਕਤੇ ਪਿੰਡ ਸਿਧਾਣਾ, ਸਰਵੇ ਪੁਸਤਕ ਭਗਤਾ ਭਾਈਕਾ, ਆਯੁਰਵੈਦ ਕੋਸ਼ ਸਟੀਕ) ਛਪਾਈ ਅਧੀਨ ਹਨ ਅਤੇ ਮੁਜ਼ਾਰਾ ਲਹਿਰ ਦੇ ਯੋਧੇ ਜਥੇਦਾਰ ਅਨੋਖ ਸਿੰਘ ਜਿਉਂਦ ਅਤੇ ਮਹਾਰਾਜਾ ਰਿਪੂਦਮਨ ਸਿੰਘ ਨਾਭਾ 'ਤੇ ਆਧਾਰਿਤ ਨਾਟਕ ਸਮੇਤ ਕਈ ਨਵੇਂ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਇਲਾਕੇ ਦੇ ਜੰਮਪਲ ਨੂੰ ਹਰਿਆਣਾ ਸਰਕਾਰ ਵੱਲੋਂ ਰਾਜ ਪੱਧਰੀ ਸਨਮਾਨ ਮਿਲਣ 'ਤੇ ਨਿਵਾਸੀਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ।
- Download Babushahi App
-
-