ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹੋਈ ਮੀਟਿੰਗ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ 5 ਸਤੰਬਰ ਨੂੰ ਜਲ ਸਪਲਾਈ ਦੇ ਹਲਕੇ ਵਿੱਚ ਲੱਗ ਰਹੇ ਮੋਰਚੇ ’ਚ ਵੱਡੀ ਗਿਣਤੀ ਵਿੱਚ ਵਰਕਰ ਹੋਣਗੇ ਸ਼ਾਮਲ : ਆਗੂ
ਫ਼ਤਹਿਗੜ੍ਹ ਸਾਹਿਬ 30 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ. 26 ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸੂਬਾ ਕਮੇਟੀ ਵੱਲੋਂ ਉਲੀਕੇ ਸੰਘਰਸ਼ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿੱਚ ਪਹੁੰਚੇ ਜਥੇਬੰਦੀ ਦੇ ਸੂਬਾ ਆਗੂ ਜਰਨੈਲ਼ ਸਿੰਘ ਨਲੀਨਾ ਨੇ ਸ਼ਮੂਲੀਅਤ ਕਰਦਿਆਂ ਹੁਣ ਤੱਕ ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨਾਲ ਹੋਈਆਂ ਸੈਂਕੜੇ ਮੀਟਿੰਗਾਂ ਦੌਰਾਨ ਹੋਈ ਗੱਲਬਾਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਇੰਨਲਿਸਟਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਅਧੀਨ ਸਿੱਧਾ ਕੰਟਰੈਕਟ ਜਾਰੀ ਕਰਨ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਵੀ ਵਰਕਰਾਂ ਨੂੰ ਜਾਣੂ ਕਰਵਾਇਆ।
ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਛੰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ‘ਲਾਰਾ ਲਾਓ ਤੇ ਡੰਗ ਟਪਾਊ’ ਨੀਤੀ ਤਹਿਤ ਵਰਕਰਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨਾਲ 3 ਸਤੰਬਰ 2026 ਨੂੰ ਨਿਰਧਾਰਤ ਮੀਟਿੰਗ ਤੋਂ ਪਹਿਲਾਂ ਲੋੜੀਂਦੀਆਂ ਹਦਾਇਤਾਂ ਜਾਰੀ ਨਾ ਕੀਤੀਆਂ ਗਈਆਂ, ਮੀਟਿੰਗ ਤੋਂ ਟਾਲਮਟੋਲ ਕੀਤੀ ਗਈ ਜਾਂ ਮੀਟਿੰਗ ਦੌਰਾਨ ਜਲ ਸਪਲਾਈ ਵਿਭਾਗ ਦੇ ਇੰਨਲਿਸਟਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਨੂੰ ਸਿੱਧਾ ਕੰਟਰੈਕਟ ਜਾਰੀ ਕਰਨ ਸਬੰਧੀ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ 5 ਸਤੰਬਰ ਨੂੰ ਸੂਬਾ ਕਮੇਟੀ ਵੱਲੋਂ ਸੰਘਰਸ਼ ਦੌਰਾਨ ਤਿੱਖੇ ਸੰਘਰਸ਼ ਦੀ ਜੋ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ, ਉਸ ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।ਆਗੂਆਂ ਨੇ ਕਿਹਾ ਕਿ 5 ਸਤੰਬਰ ਨੂੰ ਜਲ ਸਪਲਾਈ ਦੇ ਹਲਕੇ ਵਿੱਚ ਲੱਗ ਰਹੇ ਮੋਰਚੇ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹੇ ਪੱਧਰ ’ਤੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਇਸ ਤੋਂ ਬਾਅਦ ਨਿਕਲਣ ਵਾਲੇ ਨਤੀਜਿਆਂ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਦੀ ਉੱਚ ਮੈਨੇਜਮੈਂਟ ਦੀ ਹੋਵੇਗੀ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 5 ਸਤੰਬਰ ਦੇ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਮਜ਼ਬੂਤ ਕਰਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ।
- Download Babushahi App
-
-