ਲੁਧਿਆਣਾ ਪੁਲਿਸ ਦਾ ਵੱਡਾ ਦਾਅਵਾ: ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਦੇਣ ਦੇ ਮਾਮਲੇ ’ਚ ਇੱਕ ਵਿਅਕਤੀ ਗ੍ਰਿਫ਼ਤਾਰ
-CCTV ਕੈਮਰਿਆਂ ਰਾਹੀਂ ਲੁਧਿਆਣਾ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦਾ ਦੋਸ਼; ਪੁਲਿਸ ਨੇ 2 ਕੈਮਰੇ, ਵਾਈ-ਫਾਈ ਬਾਕਸ, ਅਡਾਪਟਰ ਤੇ 64GB ਮੈਮਰੀ ਕਾਰਡ ਕੀਤਾ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 29 ਅਗਸਤ 2026- ਲੁਧਿਆਣਾ ਪੁਲਿਸ ਨੇ ਦੇਸ਼ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ CCTV ਕੈਮਰੇ ਅਤੇ ਹੋਰ ਇਲੈਕਟ੍ਰਾਨਿਕ ਉਪਕਰਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ’ਤੇ ਪਾਕਿਸਤਾਨ ਵਿੱਚ ਬੈਠੇ ਸਾਥੀਆਂ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਲੁਧਿਆਣਾ ਵਿੱਚ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਦੋਸ਼ ਹਨ।
ਪੁਲਿਸ ਅਨੁਸਾਰ ਇਹ ਕਾਰਵਾਈ ਪੁਲਿਸ ਕਮਿਸ਼ਨਰ ਲੁਧਿਆਣਾ ਸ਼ਵਪਨ ਸ਼ਰਮਾ, ਆਈ.ਪੀ.ਐੱਸ. ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਹਰਪਾਲ ਸਿੰਘ ਪੀ.ਪੀ.ਐੱਸ., AIG ਕਾਊਂਟਰ ਇੰਟੈਲੀਜੈਂਸ ਸਿਮਰਤਪਾਲ ਢੀਂਡਸਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਰੁਪਿੰਦਰ ਕੌਰ ਭੱਟੀ ਪੀ.ਪੀ.ਐੱਸ. ਅਤੇ ਸਹਾਇਕ ਕਮਿਸ਼ਨਰ ਪੁਲਿਸ ਡਿਟੈਕਟਿਵ-1 ਹਰਸ਼ਪ੍ਰੀਤ ਸਿੰਘ ਪੀ.ਪੀ.ਐੱਸ. ਦੀ ਨਿਗਰਾਨੀ ਹੇਠ CIA ਸਟਾਫ਼ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਨੇ ਕਾਰਵਾਈ ਕੀਤੀ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ 27 ਅਗਸਤ 2026 ਨੂੰ CIA ਸਟਾਫ਼ ਲੁਧਿਆਣਾ ਅਤੇ ਥਾਣਾ ਸਰਾਭਾ ਨਗਰ ਦੀ ਸਾਂਝੀ ਪੁਲਿਸ ਪਾਰਟੀ ਨੇ ਮੁੱਖਬਰ ਦੀ ਸੂਚਨਾ ਦੇ ਆਧਾਰ ’ਤੇ ਰਸਪਾਲ ਸਿੰਘ ਪੁੱਤਰ ਸਵਰਗੀ ਕਰਮਜੀਤ ਸਿੰਘ, ਵਾਸੀ ਸਰਫਕੋਟ, ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਰਸਪਾਲ ਸਿੰਘ ਨੇ ਫਿਰੋਜ਼ਪੁਰ ਰੋਡ ’ਤੇ ਮੈਡੀਵੇਅ ਹਸਪਤਾਲ ਦੇ ਸਾਹਮਣੇ ਨਿਊ ਸੁੰਦਰ ਨਗਰ ਵਿੱਚ ਇੱਕ ਦੁਕਾਨ ਕਿਰਾਏ ’ਤੇ ਲਈ ਹੋਈ ਸੀ। ਪੁਲਿਸ ਦਾ ਦਾਅਵਾ ਹੈ ਕਿ ਦੁਕਾਨ ਦੇ ਬਾਹਰ ਲਗਾਏ ਗਏ CCTV ਕੈਮਰਿਆਂ ਦਾ ਐਕਸੈੱਸ ਪਾਕਿਸਤਾਨ ਵਿੱਚ ਬੈਠੀਆਂ ਖੁਫੀਆ ਏਜੰਸੀਆਂ ਕੋਲ ਸੀ ਅਤੇ ਇਨ੍ਹਾਂ ਰਾਹੀਂ ਲੁਧਿਆਣਾ ਜ਼ਿਲ੍ਹੇ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਂਦੀ ਸੀ।
ਪੁਲਿਸ ਅਨੁਸਾਰ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਸਮੇਂ-ਸਮੇਂ ’ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ FIR ਨੰਬਰ 236, ਮਿਤੀ 27 ਅਗਸਤ 2026 ਦਰਜ ਕੀਤੀ ਗਈ ਹੈ। ਮਾਮਲੇ ਵਿੱਚ Official Secrets Act, 1923 ਦੀਆਂ ਸੰਬੰਧਿਤ ਧਾਰਾਵਾਂ ਅਤੇ BNS-2023 ਦੀ ਧਾਰਾ 61(2) ਤਹਿਤ ਕਾਰਵਾਈ ਕੀਤੀ ਗਈ ਹੈ।
ਪੁਲਿਸ ਮੁਤਾਬਕ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਹੁਣ ਉਸ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਬੈਠੇ ਉਸਦੇ ਸਾਥੀਆਂ ਨੂੰ ਹੁਣ ਤੱਕ ਕਿਹੜੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਹੋਰ ਕਿਹੜੀ ਜਾਣਕਾਰੀ ਸਾਂਝੀ ਕਰਨ ਦੀ ਯੋਜਨਾ ਸੀ।
- Download Babushahi App
-
-