ਪਿੰਡ ਸੀਚੇਵਾਲ ਤੋਂ ‘ਚਿੱਟਾ ਮੁਕਤ ਪਿੰਡ’ ਮੁਹਿੰਮ ਦੀ ਸ਼ੁਰੂਆਤ
*32 ਪਿੰਡਾਂ ਦੀਆਂ ਪੰਚਾਇਤਾਂ ਨੇ ਠੀਕਰੀ ਪਹਿਰੇ, ਸੀਸੀਟੀਵੀ ਅਤੇ ਪੁਲਿਸ ਨਾਲ ਤਾਲਮੇਲ ਰਾਹੀਂ ਨਸ਼ਿਆਂ ਖ਼ਿਲਾਫ਼ ਸਾਂਝੀ ਲੜਾਈ ਦਾ ਲਿਆ ਅਹਿਦ*
*ਨਸ਼ਾ ਖਰੀਦਣ ਤੇ ਵੇਚਣ ਵਾਲਿਆਂ ਦੀ ਕੜੀ ਤੋੜੇ ਬਿਨਾਂ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਣਾਇਆ ਜਾ ਸਕਦਾ: ਸੰਤ ਸੀਚੇਵਾਲ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 2 ਅਗਸਤ:*
ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪਿੰਡ ਸੀਚੇਵਾਲ ਤੋਂ ‘ਚਿੱਟਾ ਮੁਕਤ ਪਿੰਡ’* ਮੁਹਿੰਮ ਦੀ ਸ਼ੁਰੂਆਤ ਕਰਦਿਆਂ ਨਸ਼ਿਆਂ ਖ਼ਿਲਾਫ਼ ਸਮਾਜਕ ਭਾਗੀਦਾਰੀ ਦਾ ਸੱਦਾ ਦਿੱਤਾ। ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਏ ਵਿਸ਼ਾਲ ਇਕੱਠ ਵਿੱਚ ਕਰੀਬ 32 ਪਿੰਡਾਂ ਦੇ ਸਰਪੰਚਾਂ, ਪੰਚਾਂ, ਮੋਹਤਬਰ ਵਿਅਕਤੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਸ਼ਮੂਲੀਅਤ ਕਰਦਿਆਂ ਆਪਣੇ-ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ, ਸੀਸੀਟੀਵੀ ਕੈਮਰੇ ਸਥਾਪਤ ਕਰਨ ਅਤੇ ਪੁਲਿਸ ਪ੍ਰਸ਼ਾਸਨ ਨਾਲ ਵਟਸਐਪ ਗਰੁੱਪਾਂ ਰਾਹੀਂ ਲਗਾਤਾਰ ਤਾਲਮੇਲ ਬਣਾਈ ਰੱਖਣ ਦਾ ਅਹਿਦ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਬਚਾਉਣ ਲਈ ਹੁਣ ਸਮਾਜ ਨੂੰ ਵੀ ਖੁਦ ਅੱਗੇ ਆਉਣ ਪਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਆਪਸੀ ਕੜੀ ਤੋੜੇ ਬਿਨਾਂ ਚਿੱਟੇ ਵਰਗੇ ਮਾਰੂ ਨਸ਼ੇ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਚਿੱਟੇ ਦੀ ਲਤ ਕਾਰਨ ਨੌਜਵਾਨ ਚੋਰੀਆਂ, ਲੁੱਟਾਂ-ਖੋਹਾਂ ਅਤੇ ਹੋਰ ਅਪਰਾਧਾਂ ਵੱਲ ਧੱਕੇ ਜਾ ਰਹੇ ਹਨ, ਜਿਸ ਨਾਲ ਪਰਿਵਾਰ ਅਤੇ ਸਮਾਜ ਦੋਵੇਂ ਤਬਾਹ ਹੋ ਰਹੇ ਹਨ।
ਸੰਤ ਸੀਚੇਵਾਲ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਲਤ ਦਾ ਸ਼ਿਕਾਰ ਨੌਜਵਾਨਾਂ ਨਾਲ ਨਫ਼ਰਤ ਨਹੀਂ, ਸਗੋਂ ਹਮਦਰਦੀ ਦਾ ਰਵੱਈਆ ਅਪਣਾਇਆ ਜਾਵੇ ਅਤੇ ਪਿੰਡ ਪੱਧਰ ਤੇ ਉਨ੍ਹਾਂ ਨੂੰ ਮੁੜ ਸਿਹਤਮੰਦ ਜੀਵਨ ਵੱਲ ਲਿਆਉਣ ਲਈ ਪਰਿਵਾਰਾਂ, ਖ਼ਾਸ ਕਰਕੇ ਮਾਵਾਂ, ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਵੇਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣਾ ਵੀ ਹਰ ਪਿੰਡ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਸੀਮਤ ਹੈ, ਇਸ ਲਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਅਤੇ ਅਪਰਾਧਾਂ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਸੰਭਵ ਨਹੀਂ। ਇਸ ਲਈ ਹਰ ਪਿੰਡ ਵਿੱਚ ਠੀਕਰੀ ਪਹਿਰੇ, ਸੀਸੀਟੀਵੀ ਨਿਗਰਾਨੀ, ਸ਼ੱਕੀ ਵਿਅਕਤੀਆਂ ਦੀ ਸੂਚਨਾ ਅਤੇ ਪਿੰਡਾਂ ਦਰਮਿਆਨ ਤੁਰੰਤ ਸੰਪਰਕ ਪ੍ਰਣਾਲੀ ਵਟਸਐਪ ਗੁਰੱਪ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ "ਜਦੋਂ ਅਸੀਂ ਆਪਣਾ ਪਿੰਡ ਸੰਭਾਲ ਲਵਾਂਗੇ ਤਾਂ ਇਲਾਕਾ ਅਤੇ ਫਿਰ ਸਾਰਾ ਪੰਜਾਬ ਆਪਣੇ ਆਪ ਸੰਭਲ ਜਾਵੇਗਾ।"
ਇਸ ਮੌਕੇ ਬਾਬਾ ਗੁਰਮੇਜ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨਸ਼ਿਆਂ ਦੀ ਹੈ ਅਤੇ ਇਸ ਦਾ ਹੱਲ ਲੋਕਾਂ ਅਤੇ ਪੁਲਿਸ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹਨਾ ਦੇ ਬੱਚੇ ਚਿੱਟੇ ਦੇ ਨਸ਼ੇ ਵਿੱਚ ਲੱਗ ਚੁੱਕੇ ਹਨ ਉਹਨਾ ਦੇ ਮਾਪੇ ਵੀ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਉਹਨਾ ਨੇ ਕਬਾੜੀਆਂ ਤੇ ਵੀ ਪੁਲਿਸ ਪ੍ਰਸ਼ਾਸਨ ਨੂੰ ਸਿਕੰਜਾ ਕੱਸਣ ਲਈ ਕਿਹਾ ਕਿਉਂ ਕਿ ਪੈਸੇ ਦੇ ਲਾਲਚ ਵਿੱਚ ਕਬਾੜੀਏ ਲੱੁਟਾਂ ਖੋਹਾਂ ਦੇ ਸਾਮਾਨ ਦੀ ਖਰੀਦ ਕਰ ਰਹੇ ਹਨ।
ਸੁਲਤਾਨਪੁਰ ਲੋਧੀ ਤੋਂ ਏਐਸਪੀ ਐਸ.ਡੀ ਧੀਰੇਂਦਰ ਵਰਮਾ ਨੇ ਸੰਤ ਸੀਚੇਵਾਲ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲੋਕਾਂ ਦੀ ਸੂਚਨਾ ਦੇ ਆਧਾਰ 'ਤੇ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੁਲਿਸ ਅਜਿਹੀਆਂ ਮੁਹਿੰਮਾਂ ਵਿੱਚ ਪੂਰਾ ਸਹਿਯੋਗ ਦੇਵੇਗੀ। ਐਡਵੋਕੇਟ ਚਾਹਲ ਨੇ ਕਿਹਾ ਕਿ ਲੋਕ ਪੁਲਿਸ ਦੀ ਮਦਦ ਲਈ ਤਿਆਰ ਹਨ, ਪਰ ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖਣੀ ਚਾਹੀਦੀ ਹੈ, ਜਿਸ ਨਾਲ ਹੋਰ ਲੋਕ ਵੀ ਨਿਡਰ ਹੋ ਕੇ ਅੱਗੇ ਆ ਸਕਣ।
ਇਸ ਮੌਕੇ ਸੰਤ ਸੁਖਜੀਤ ਸਿੰਘ, ਸੰਤ ਗੁਰਮੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਐਸ.ਐਚ.ਓ ਦਵਿੰਦਰਪਾਲ ਸਿੰਘ, ਲੋਹੀਆਂ ਤੋਂ ਐਸ.ਐਚ.ਓ ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਸ਼ੰਟੀ, ਹਰਦੇਵ ਸਿੰਘ, ਹਰਿਜੰਦਰ ਸਿੰਘ ਸ਼ੇਰਪੁਰ, ਸੂਬਾ ਸਿੰਘ, ਗੁਰਦੇਵ ਸਿੰਘ ਫੌਜ਼ੀ, ਕੁਲਵਿੰਦਰ ਸਿੰਘ, ਬੂਟਾ ਸਿੰਘ, ਸੁਖਜਿੰਦਰ ਸਿੰਘ, ਪ੍ਰਭਜੋਤ ਸਿੰਘ, ਸੁਰਜੀਤ ਸਿੰਘ, ਜੋਗਾ ਸਿੰਘ, ਅਮਰੀਕ ਸਿੰਘ, ਦਲਜੀਤ ਸਿੰਘ ਸਮੇਤ ਪਿੰਡ ਸੀਚੇਵਾਲ, ਚੱਕ ਚੇਲਾ, ਮਾਲੂਪੁਰ, ਮੋਤੀਪੁਰ, ਕੋਟਲੀ ਗਾਜਰਾਂ, ਬਦਲੀ, ਸਿਹਾਰੀਵਾਲ, ਰਾਈਵਾਲ ਦੋਨਾ, ਵਾੜਾ ਜਗੀਰ, ਉੱਗੀ, ਮਲਸੀਆਂ, ਟੁਰਨਾ, ਮੁਰੀਦਵਾਲ, ਤਲਵੰਡੀ ਮਾਧੋ, ਬਿੱਲੀ ਚਾਓ, ਕੋਟਲੀ ਕੰਬੋਜ, ਡਡਵਿੰਡੀ, ਬਿੱਲੀ ਬੜੈਚ, ਗਿੱਦੜਪਿੰਡੀ, ਸਿੱਧਵਾਂ ਦੋਨਾ, ਭਾਣੋਲੰਗਾ, ਮੱਲੀਵਾਲ, ਸ਼ੇਰਪੁਰ ਦੋਨਾ, ਮਿਰਾਜਵਾਲ, ਫੌਜੀ ਕਲੋਨੀ, ਸ਼ੇਖਮਾਂਗਾ, ਸਰੂਪਵਾਲ, ਕੰਨੀਆਂ ਖੁਰਦ, ਨੰਗਲ ਅੰਬੀਆਂ, ਥਿਗਲੀ, ਦੌਧਰ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੇ ਮੁਹਿੰਮ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਡੋਡਿਆਂ ਵਰਗੇ ਨਸ਼ਿਆਂ 'ਤੇ ਸਖ਼ਤੀ ਕਾਰਨ ਨਸ਼ੇ ਦੇ ਆਦੀ ਲੋਕ ਹੁਣ ਚਿੱਟੇ ਵੱਲ ਰੁਖ ਕਰ ਰਹੇ ਹਨ, ਜਿਸ ਨੇ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਿਸੇ ਨਾ ਕਿਸੇ ਸਰਪ੍ਰਸਤੀ ਤੋਂ ਬਿਨਾਂ ਨਹੀਂ ਵਿਕ ਸਕਦਾ ਅਤੇ ਚਿੱਟਾ ਛੋਟੀਆਂ ਪੁੜੀਆਂ ਰਾਹੀਂ ਆਸਾਨੀ ਨਾਲ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੀ ਇਸ ਮਾਰੂ ਨਸ਼ੇ 'ਤੇ ਕਾਬੂ ਪਾਉਣ ਵਿੱਚ ਅਸਫਲ ਰਹੀਆਂ, ਜਿਸ ਕਾਰਨ ਲੁੱਟਾਂ-ਖੋਹਾਂ ਅਤੇ ਹੋਰ ਅਪਰਾਧਾਂ ਵਿੱਚ ਵਾਧਾ ਹੋਇਆ ਹੈ। ਥਾਣਿਆਂ ਵਿੱਚ ਨਫ਼ਰੀ ਦੀ ਘਾਟ ਅਤੇ ਲੋਕਾਂ ਦੀ ਚੁੱਪ ਵੀ ਨਸ਼ਾ ਤਸਕਰਾਂ ਦੇ ਹੌਸਲੇ ਵਧਾ ਰਹੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਸਿਰਫ਼ ਪੁਲਿਸ ਦੇ ਭਰੋਸੇ ਨਸ਼ਿਆਂ ਨੂੰ ਨਹੀਂ ਰੋਕਿਆ ਜਾ ਸਕਦਾ, ਸਗੋਂ ਹਰ ਪਿੰਡ ਨੂੰ ਲੋਕਾਂ ਦੀ ਭਾਗੀਦਾਰੀ ਨਾਲ ਆਪਣੇ ਪੱਧਰ 'ਤੇ "ਚਿੱਟਾ ਮੁਕਤ ਪਿੰਡ" ਬਣਾਉਣ ਲਈ ਅੱਗੇ ਆਉਣਾ ਹੋਵੇਗਾ।
ਪਿੰਡ ਸੀਚੇਵਾਲ ਵਿਖੇ ਹੋਈ ਇਕੱਤਰਤਾ ਦੌਰਾਨ ਸਰਬਸੰਮਤੀ ਨਾਲ 'ਚਿੱਟਾ ਮੁਕਤ ਪਿੰਡ' ਮੁਹਿੰਮ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਚਾਰ ਪੱਖਾਂ ਤੇ ਅਹਿਮ ਮਤਾ ਪਾਸ ਕੀਤਾ ਗਿਆ। ਫ਼ੈਸਲਾ ਕੀਤਾ ਗਿਆ ਕਿ ਹਰ ਪਿੰਡ ਵਿੱਚ ਠੀਕਰੀ ਪਹਿਰੇ ਲਗਾਏ ਜਾਣ, ਸੀਸੀਟੀਵੀ ਕੈਮਰੇ ਸਥਾਪਤ ਕਰਕੇ ਲਗਾਤਾਰ ਨਿਗਰਾਨੀ ਰੱਖੀ ਜਾਵੇ, ਚਿੱਟੇ ਦੀ ਲਤ ਦਾ ਸ਼ਿਕਾਰ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਪਿੰਡ ਪੱਧਰ 'ਤੇ ਹਰ ਸੰਭਵ ਸਹਿਯੋਗ ਦਿੱਤਾ ਜਾਵੇ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡਾਂ ਵਿੱਚ ਲਗਾਤਾਰ ਜਾਗਰੂਕਤਾ ਅਤੇ ਰੋਕਥਾਮ ਦੇ ਉਪਰਾਲੇ ਕੀਤੇ ਜਾਣ।
- Download Babushahi App
-
-