ਦਾਤਰ ਦੀ ਨੋਕ ’ਤੇ ਲੁੱਟਾਂ ਅਤੇ ਚੋਰੀਆਂ ਕਰਨ ਵਾਲਾ ਗਿਰੋਹ ਬੇਨਕਾਬ: 16 ਮੋਬਾਈਲ, 2 ਮੋਟਰਸਾਈਕਲ ਅਤੇ ਦਾਤਰ ਸਮੇਤ ਦੋ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ, 14 ਜੁਲਾਈ 2026
ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਸ਼ਹਿਰ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ 16 ਮੋਬਾਈਲ ਫੋਨ, ਦੋ ਮੋਟਰਸਾਈਕਲ ਅਤੇ ਇੱਕ ਲੋਹੇ ਦਾ ਦਾਤਰ ਬਰਾਮਦ ਕੀਤਾ ਹੈ।
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ., ਅਤੇ ਡਿਪਟੀ ਕਮਿਸ਼ਨਰ ਪੁਲਿਸ ਸਿਟੀ ਰੁਪਿੰਦਰ ਸਿੰਘ, ਆਈ.ਪੀ.ਐੱਸ., ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੋਰੀਆਂ ਅਤੇ ਲੁੱਟਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਹ ਸਫਲਤਾ ਹਾਸਲ ਹੋਈ। ਸ੍ਰੀ ਸਮੀਰ ਵਰਮਾ, ਪੀ.ਪੀ.ਐੱਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਕਿੱਕਰ ਸਿੰਘ, ਪੀ.ਪੀ.ਐੱਸ., ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਸ਼ਵੀਰ ਸਿੰਘ, ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਕਾਰਵਾਈ ਕੀਤੀ ਗਈ।
ਸਬ-ਇੰਸਪੈਕਟਰ ਜਿੰਦਰ ਲਾਲ ਸਿੱਧੂ, ਇੰਚਾਰਜ ਚੌਂਕੀ ਐਲ.ਡੀ.ਕੇ., ਆਪਣੀ ਟੀਮ ਸਮੇਤ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਰਮਨਦੀਪ ਸਿੰਘ ਉਰਫ਼ ਰਾਜਾ ਅਤੇ ਹਰਭਜਨ ਸਿੰਘ ਉਰਫ਼ ਭਜਨਾ ਠੋਲੂ ਦਾਤਰ ਦੀ ਨੋਕ ’ਤੇ ਰਾਹਗੀਰਾਂ ਤੋਂ ਮੋਬਾਈਲ ਫੋਨ ਅਤੇ ਨਕਦੀ ਖੋਹਣ ਦੇ ਆਦੀ ਹਨ ਅਤੇ ਚੋਰੀਸ਼ੁਦਾ ਵਾਹਨਾਂ ਅਤੇ ਮੋਬਾਈਲ ਫੋਨਾਂ ਨੂੰ ਵੇਚਣ ਲਈ ਜੀ.ਟੀ. ਰੋਡ ਵੱਲ ਆ ਰਹੇ ਹਨ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਸੈਕਰਡ ਹਾਰਟ ਸਕੂਲ, ਭੱਟੀਆ ਨੇੜੇ ਨਾਕਾਬੰਦੀ ਕੀਤੀ। ਕੁਝ ਸਮੇਂ ਬਾਅਦ ਦੋਵੇਂ ਮੁਲਜ਼ਮ ਚੋਰੀ ਦੇ ਮੋਟਰਸਾਈਕਲਾਂ ’ਤੇ ਆਉਂਦੇ ਨਜ਼ਰ ਆਏ, ਜਿਨ੍ਹਾਂ ਨੂੰ ਪੁਲਿਸ ਨੇ ਘੇਰਾਬੰਦੀ ਕਰਕੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 16 ਮੋਬਾਈਲ ਫੋਨ, ਦੋ ਮੋਟਰਸਾਈਕਲ ਅਤੇ ਇੱਕ ਲੋਹੇ ਦਾ ਦਾਤਰ ਬਰਾਮਦ ਕੀਤਾ ਗਿਆ।
ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਰਮਨਦੀਪ ਸਿੰਘ ਉਰਫ਼ ਰਾਜਾ (32) ਪੁੱਤਰ ਮੋਹਨ ਲਾਲ ਅਤੇ ਹਰਭਜਨ ਸਿੰਘ ਉਰਫ਼ ਭਜਨਾ ਠੋਲੂ (28) ਪੁੱਤਰ ਗੁਰਮੀਤ ਸਿੰਘ ਉਰਫ਼ ਬਲਦੇਵ ਸਿੰਘ, ਦੋਵੇਂ ਵਾਸੀ ਚਿੱਟੀ ਕਲੋਨੀ, ਭੱਟੀਆ, ਲੁਧਿਆਣਾ ਵਜੋਂ ਕੀਤੀ ਗਈ ਹੈ।
ਥਾਣਾ ਸਲੇਮ ਟਾਬਰੀ ਵਿੱਚ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੇ ਸ਼ਹਿਰ ਵਿੱਚ ਹੋਰ ਕਿੰਨੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਚੋਰੀ ਦਾ ਸਮਾਨ ਕਿਸ-ਕਿਸ ਨੂੰ ਵੇਚਿਆ ਗਿਆ ਹੈ।
ਪੁਲਿਸ ਰਿਕਾਰਡ ਅਨੁਸਾਰ ਦੋਵੇਂ ਮੁਲਜ਼ਮ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਰਹਿ ਚੁੱਕੇ ਹਨ। ਉਨ੍ਹਾਂ ਖ਼ਿਲਾਫ਼ ਲੁਧਿਆਣਾ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ, ਲੁੱਟ, ਡਕੈਤੀ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਇੱਕ ਦਰਜਨ ਤੋਂ ਵੱਧ ਕੇਸ ਦਰਜ ਹਨ।
ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਸ਼ਹਿਰ ਵਿੱਚ ਵਾਪਰੀਆਂ ਹੋਰ ਵਾਰਦਾਤਾਂ ਦੇ ਭੇਦ ਵੀ ਖੁੱਲ ਸਕਦੇ ਹਨ।
- Download Babushahi App
-
-