Big News ‘ਆਪ’ ਸਰਪੰਚ ਦੇ ਦਬਕਿਆਂ ਨੂੰ ਵੱਟ ’ਤੇ ਰੱਖਕੇ ਵਿੱਤ ਮੰਤਰੀ ਦੇ ਹਲਕੇ ’ਚ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਦਿੜਬਾ , 20 ਅਪ੍ਰੈਲ 2026 : ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾਂ ਦੀ ਲਾਰਾ ਲਾਊ ਨੀਤੀ ਤੋਂ ਅੱਕੇ ਅਧਿਆਪਕਾਂ ਨੇ ਆਪਣੀ ‘ਯੁੱਧ ਵਿੱਤ ਮੰਤਰੀ ਵਿਰੁੱਧ’ ਮੁਹਿੰਮ ਤਹਿਤ ਦਿੜ੍ਹਬਾ ਹਲਕੇ ਦੇ ਪਿੰਡ ਕੌਹਰੀਆਂ ’ਚ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਚੀਮਾ ਖਿਲਾਫ ਨਾਅਰੇਬਾਜੀ ਕਰਨ ਤੋਂ ਰੋਕਣ ਲਈ ਮਾਰੇ ਦਬਕਿਆਂ ਦੇ ਬਾਵਜੂਦ ਈਟੀਟੀ 180 ਅਧਿਆਪਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸਹਿਯੋਗ ਨਾਲ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਹਾਕਮ ਧਿਰ ਖਿਲਾਫ ਭੰਡੀ ਪ੍ਰਚਾਰ ਕੀਤਾ। ਦਰਅਸਲ 3704 ਅਧਿਆਪਕ ਯੂਨੀਅਨ ਪੰਜਾਬ ਅਤੇ ਈਟੀਟੀ ਟੈਟ ਪਾਸ ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ ਦੇ 180 ਅਧਿਆਪਕਾਂ ਨੇ ਪਰਿਵਾਰਾਂ ਸਮੇਤ ਵਿੱਤ ਮੰਤਰੀ ਦੇ ਦਿੜਬਾ ਹਲਕਾ ਦੇ ਨਾਲ ਸਬੰਧਤ ਪਿੰਡਾਂ ਕੌਹਰੀਆਂ ਅਤੇ ਸ਼ਾਦੀਹਰੀ ’ਚ ਵਿੱਚ ਭੰਡੀ ਪ੍ਰਚਾਰ ਕਰਨ ਦਾ ਐਲਾਨ ਕੀਤਾ ਸੀ।
ਇਸ ਮੌਕੇ ਪਹਿਲੇ ਪੜਾਅ ਤਹਿਤ ਅਧਿਆਪਕ ਪਿੰਡ ਕੌਹਰੀਆਂ ਦੇ ਗੁਰੂ ਘਰ ’ਚ ਇਕੱਤਰ ਹੋਏ ਸਨ ਤਾਂ ਮੌਕੇ ’ਤੇ ਪੁੱਜੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕਿਹਾ ਕਿ ਉਹ ਪਿੰਡ ’ਚ ਰੋਸ ਮੁਜ਼ਾਹਰਾ ਨਹੀਂ ਕਰਨ ਦੇਣਗੇ। ਸਰਪੰਚ ਨੇ ਕਿਹਾ ਕਿ ਪਿੰਡ ਕੌਹਰੀਆਂ ’ਚ ਵਿੱਤ ਮੰਤਰੀ ਨੇ ਵਿਕਾਸ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਲਈ ਮੁਰਦਾਬਾਦ ਦਾ ਕੋਈ ਵੀ ਨਾਅਰਾ ਨਹੀਂ ਲੱਗਣ ਦਿੱਤਾ ਜਾਏਗਾ। ਆਗੂਆਂ ਨੇ ਸਪਸ਼ਟ ਕੀਤਾ ਕਿ ਉਹ ਆਪਣੀਆ ਹੱਕੀ ਮੰਗਾਂ ਹੱਲ ਕਰਵਾਉਣ ਜਾਂ ਰੈਲੀ ਕੀਤੇ ਬਿਨਾਂ ਇਸ ਹਲਕੇ ਵਿੱਚੋਂ ਨਹੀਂ ਜਾਣਗੇ। ਜਦੋਂ ਅਧਿਆਪਕਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਤਾਂ ਇੱਕ ਵਾਰ ਮਹੌਲ ਤਲਖੀ ਵਾਲਾ ਬਣਨ ਦੇ ਨਾਲ ਨਾਲ ਸਥਿਤੀ ਤਣਾਅਪੂਰਨ ਬਣ ਗਈ ਜਿਸ ਨੂੰ ਦੇਖਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜ ਗਏ।
ਇੱਕ ਵਾਰ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਵੀ ਸੱਤਾਧਾਰੀ ਧਿਰ ਦਾ ਪੱਖ ਪੂਰਦਿਆਂ ਦਬਕਾ ਮਾਰਨ ਦੀ ਨੀਤੀ ਅਪਣਾਈ ਪਰ ਜਦੋਂ ਅਧਿਆਪਕ ਅਤੇ ਜਨਤਕ ਜੱਥੇਬੰਦੀਆਂ ਤੋਂ ਇਲਾਵਾ ਪਿੰਡ ਦੇ ਲੋਕ ਮੁਜਾਹਾਰਕਾਰੀਆਂ ਦੇ ਹੱਕ ’ਚ ਡਟ ਗਏ ਤਾਂ ਪੁਲਿਸ ਨੂੰ ਪੈਰ ਪਿਛੇ ਹਟਾਉਣੇ ਪਏ। ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਸ਼ਾਂਤੀਪੂਰਵਕ ਰੋਸ ਮੁਜ਼ਾਹਰਾ ਹਰ ਨਾਗਰਿਕ ਦਾ ਹੱਕ ਹੈ ਇਸ ਲਈ ਅਧਿਆਪਕਾਂ ਨੂੰ ਰੋਕਿਆ ਜਾਣਾ ਗੈਰਲੋਕਤੰਤਰੀ ਹੈ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਕੁੱਝ ਗੁੰਮਰਾਹ ਹੋਏ ਲੋਕਾਂ ਨੇ ਗੁਰੂ ਘਰ ਦਾ ਗੇਟ ਬੰਦ ਕਰਕੇ ਉਨ੍ਹਾਂ ਨੂੰ ਅੰਦਰ ਤਾੜਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਰੋਰ ਪ੍ਰਗਟਾਉਣਾ ਨਾਗਰਿਕਾਂ ਦਾ ਹੱਕ ਹੈ। ਇਸ ਮੌਕੇ ਅਧਿਕਾਰੀਆਂ ਨੇ ਪਿੰਡ ਦੇ ਸਰਪੰਚ ਨੂੰ ਸਮਝਾ ਬੁਝਾਕੇ ਵਾਪਿਸ ਭੇਜਿਆ ਤਾਂ ਅਧਿਆਪਕਾਂ ਨੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਅਤੇ ਵਿੱਤ ਮੰਤਰੀ ਖਿਲਾਫ ਨਾਅਰੇਬਾਜੀ ਕੀਤੀ।
ਇਸ ਮੌਕੇ 3704 ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅਤੇ 180 ਈਟੀਟੀ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਹਰਪਾਲ ਚੀਮਾ ਵੱਲੋਂ 2022 ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਜਿਨ੍ਹਾਂ ’ਚ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਬੇਹਤਰ ਪੰਜਾਬ ਸਿਰਜਣ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣ,ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐਮਐਸਪੀ ਦੇਣ , ਹੜਾਂ ਦੌਰਾਨ ਮਰੀ ਮੁਰਗੀ ਤੱਕ ਦੇ ਵੀ ਪੈਸੇ ਦੇਣ ਆਦਿ ਦੀ ਪੋਲ ਹਲਕਾ ਨਿਵਾਸੀਆਂ ਦੇ ਘਰਾਂ ਵਿੱਚ ਜਾ ਕੇ ਖੋਲੀ ਜਾਣੀ ਸੀ। ਸੂਬਾ ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੰਬੇ ਸਮੇਂ ਤੋਂ 3704 ਅਤੇ 180 ਈ ਟੀ ਟੀ ਅਧਿਆਪਕਾ ਨੂੰ ਲਾਰਿਆਂ ’ਚ ਰੱਖਕੇ ਟਾਈਮ ਟਪਾ ਰਹੇ ਹਨ ਜਦਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ ।
ਸੂਬਾ ਆਗੂ ਗੌਰਵ ਕਾਂਤ ਅਤੇ ਜੀਵਨਜੋਤ ਸਿੰਘ ਨੇ ਦੱਸਿਆ ਕਿ ਮਸਲਾ ਹੱਲ ਨਾ ਹੋਣ ਤੱਕ ਇਹ ਸੰਘਰਸ਼ ਹਲਕੇ ਵਿੱਚ ਜਾਰੀ ਰਹੇਗਾ। ਇਸ ਦੌਰਾਨ ਅਧਿਆਪਕਾਂ ਨੇ ਪਿੰਡ ਸ਼ਾਦੀਹਰੀ ’ਚ ਵੀ ਆਪਣੀ ਭੰਡੀ ਪ੍ਰਚਾਰ ਮੁਹਿੰਮ ਚਲਾਈ। ਅਧਿਆਪਕਾਂ ਨੇ ਦੋਵਾਂ ਪਿੰਡਾਂ ’ਚ ਆਪਣੀਆਂ ਮੰਗਾਂ ਅਤੇ ਵਿੱਤ ਮੰਤਰੀ ਦੇ ਵਾਅਦੇ ਪੂਰੇ ਕਰਨ ’ਚ ਅਸਫਲ ਰਹਿਣ ਸਬੰਧੀ ਜਾਗਰੂਕ ਕਰਦੇ ਪੋਸਟਰ ਵੀ ਵੰਡੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ, ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ , ਬਲਾਕ ਆਗੂ ਮਿਸ਼ਰਾ ਸਿੰਘ ਨਿਹਾਲਗੜ੍ਹ, ਮੇਜਰ ਸਿੰਘ ਕੌਹਰੀਆਂ ਜੋਗਿੰਦਰ ਸਿੰਘ ਖੇੜੀ,ਇਕਾਈ ਪ੍ਰਧਾਨ ਰਘਵੀਰ ਸਿੰਘ ਕੌਹਰੀਆਂ ਅਤੇ ਸ਼ਾਦੀ ਹਰੀ ਤੋਂ ਇਕਾਈ ਪ੍ਰਧਾਨ ਗੇਬਾ ਸਿੰਘ ਵੱਡੀ ਗਿਣਤੀ ਕਿਸਾਨਾਂ ਤੋ ਰਾਕੇਸ਼ ਗੁਰਦਾਸਪੁਰ,ਦਵਿੰਦਰ ਸਿੰਘ ਸੰਗਰੂਰ, ਜਸਵੀਰ ਸਿੰਘ ਪਟਿਆਲਾ ,ਯਾਦਵਿੰਦਰ ਸਿੰਘ ਮੋਗਾ,ਗੁਰਪ੍ਰੀਤ ਸਿੱਧੂ ਪਟਿਆਲਾ ਅਤੇ ਮਨਦੀਪ ਸਿੱਧੂ ਨੇ ਵੀ ਪਰਿਵਾਰਾਂ ਸਮੇਤ ਹਾਜ਼ਰੀ ਭਰੀ।
- Download Babushahi App
-
-