ਫਤਿਹਗੜ੍ਹ ਚੂੜੀਆ ਦੇ SDM ਨੇ ਖੁਦ ਮੌਕੇ 'ਤੇ ਜਾ ਕੇ ਫਾਇਰ ਬਿਰਗੇਡ ਰਾਹੀਂ ਲੱਗੀ ਅੱਗ ਬੁਝਵਾਈ
ਰੋਹਿਤ ਗੁਪਤਾ
ਗੁਰਦਾਸਪੁਰ, 9 ਮਈ 2026- ਫਤਿਹਗੜ੍ਹ ਚੂੜੀਆ ਦੇ ਐੱਸ.ਡੀ. ਐੱਮ ਸ੍ਰੀਮਤੀ ਨਵਜੋਤ ਸ਼ਰਮਾ ਨੇ ਖੁਦ ਮੌਕੇ 'ਤੇ ਜਾ ਕੇ ਫਾਇਰ ਬਿਰਗੇਡ ਰਾਹੀਂ ਪਿੰਡ ਖਜ਼ਾਨੇ ਕੋਟ, ਤੇਜ ਕਲਾਂ ਤੇ ਕਾਲਾ ਅਫਗਾਨਾ ਦੇ ਖੇਤਾਂ ਵਿੱਚ ਲੱਗੀ ਅੱਗ ਬੁਝਵਾਈ ਗਈ। ਦੱਸਣਯੋਗ ਹੈ ਕਿ ਉਨ੍ਹਾਂ ਵਲੋਂ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਸਬ ਡਵੀਜ਼ਨ ਫਤਿਹਗੜ੍ਹ ਚੂੜੀਆ ਵਿਖੇ ਫੀਲਡ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਸਬੰਧੀ ਪਿੰਡਾਂ ਦੀ ਵਿਜਿਟ ਕੀਤੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਐੱਸ ਡੀ ਐੱਮ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੀਆਂ ਹਦਾਇਤਾਂ ਤਹਿਤ ਜਿਲ੍ਹੇ ਅੰਦਰ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਵਲੋਂ ਫੀਲਡ ਵਿੱਚ ਰਹਿ ਕੇ ਨਾੜ ਨੂੰ ਸਾੜਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।
ਉਨ੍ਹਾਂ ਕਿਸਾਨਾਂ ਨੂੰ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਨਾੜ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨ ਨਾੜ ਨੂੰ ਸਾੜਨ ਦੀ ਬਜਾਏ ਹੋਰ ਵਿਕਲਪਾਂ ਜਿਵੇਂ ਕਿ ਮਸ਼ੀਨਰੀ ਦੀ ਵਰਤੋਂ ਕਰਕੇ ਖੇਤ ਵਿੱਚ ਹੀ ਖ਼ਪਤ ਕਰਨ।
ਇਸ ਮੌਕੇ ਗੱਲ ਕਰਦਿਆਂ ਡਾ. ਰਣਧੀਰ ਠਾਕੁਰ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨਾੜ ਸਾੜਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫਸਲ ਦੀ ਰਹਿੰਦ ਖੂੰਹਗ ਸਾੜਨ ਵਾਲਿਆਂ ਵਿਰੁੱਧ ਐੱਫ ਆਈ ਦਰਜ ਕਰਨ ਤੋਂ ਇਲਾਵਾ ਵਾਤਾਵਰਣ ਜੁਰਮਾਨਾ ਵਸੂਲਣ ਦੇ ਨਾਲ ਰਿਕਾਰਡ ਵਿੱਚ ਰੈੱਡ ਐਂਟਰੀ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਸਾਫ਼-ਸੁਥਰਾ ਵਾਤਾਵਰਣ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਫਤਿਹਗੜ੍ਹ ਚੂੜੀਆ ਦੇ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
- Download Babushahi App
-
-