ਮਜਦੂਰ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਤੇ ਕਵੀ ਦਰਬਾਰ ਕਰਵਾਇਆ
ਮੈਗਜੀਨ ਪਰਵਾਜ਼ ਦਾ ਨਵਾਂ ਅੰਕ ਤੇ ਹਰਭਜਨ ਸੇਲਬਰਾਹ ਦੀ ਪੁਸਤਕ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 4 ਮਈ, 2026: ਸਾਹਿਤ ਸੱਭਿਆਚਾਰ ਮੰਚ ਬਠਿੰਡਾ ਵੱਲੋਂ ਸਾਹਿਤ ਸਭਾ ਰਜਿ: ਬਠਿੰਡਾ ਅਤੇ ਸਾਹਿਤ ਸਭਾ ਰਾਮਪੁਰਾਫੂਲ ਦੇ ਸਹਿਯੋਗ ਨਾਲ ਸਥਾਨਕ ਟੀਚਰਜ਼ ਹੋਮ ਵਿਖੇ ਅੰਤਰਰਾਸ਼ਟਰੀ ਮਜਦੂਰ ਦਿਵਸ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਨੀ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਮੰਚ ਦੇ ਪ੍ਰਧਾਨ ਸ੍ਰੀ ਅਤਰਜੀਤ ਕਹਾਣੀਕਾਰ, ਜਸਪਾਲ ਮਾਨਖੇੜਾ ਨਾਵਲਕਾਰ, ਕਵੀ ਕੁਲਵਿੰਦਰ ਵਿਰਕ, ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਅਤੇ ਮਹੀਂਪਾਲ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਦੌਰਾਨ ਕਹਾਣੀਕਾਰ ਅਤਰਜੀਤ ਨੇ ਲੋਕਾਂ ਲਈ ਦਿੱਤੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਮਹੂਰੀਅਤ ਜਿਹਨਾਂ ਦੇ ਹੱਥਾਂ ਵਿੱਚ ਹੁੰਦੀ ਹੈ ਉਹਨਾਂ ਲਈ ਹੀ ਹੁੰਦੀ ਹੈ, ਦੂਜਿਆਂ ਲਈ ਇਹ ਡਿਕਟੇਟਰਸ਼ਿਪ ਹੁੰਦੀ ਹੈ। ਅਜਿਹਾ ਹੀ ਭਾਰਤ ਵਿੱਚ ਹੋ ਰਿਹਾ ਹੈ।ਰਣਬੀਰ ਰਾਣਾ ਗ਼ਜ਼ਲਗੋ ਨੇ ਕਿਹਾ ਕਿ ਦੇਸ਼ ਦੇ ਹਾਲਾਤ ਬਦਤਰ ਹੋ ਚੁੱਕੇ ਹਨ ਅਤੇ ਲਿਖਣ ਬੋਲਣ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਲਈ ਲੋਕਾਂ ਨੂੰ ਅਮਲੀ ਰੂਪ ਵਿੱਚ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਮੈਗਜੀਨ ਪਰਵਾਜ਼ ਦਾ ਬੱਤੀਵਾਂ ਨਵਾਂ ਅੰਕ ਰਿਲੀਜ਼ ਕੀਤਾ ਗਿਆ ਅਤੇ ਹਰਭਜਨ ਸਿੰਘ ਦੀ ਇਤਿਹਾਸਕ ਪੁਸਤਕ ‘ਜਿਲ੍ਹਾ ਬਠਿੰਡਾ ਦੇ ਪਿੰਡਾਂ ਦਾ ਇਤਿਹਾਸ’ ਅਤੇ ਹਰਮੀਤ ਕੋਟਗੁਰੂ ਦੇ ਇਨਕਲਾਬੀ ਗੀਤ ‘ਪਿੰਡਾਂ ਵਿੱਚੋਂ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਆਂ ਮਹੀਂਪਾਲ ਨੇ ਕਿਹਾ ਕਿ ਅੱਜ ਦੇ ਹਾਲਾਤ ਅਜਿਹੇ ਹਨ ਕਿ ਗਾਜ਼ਾ ਦੀਆਂ ਬੱਚੀਆਂ ਖੇਡਦੀਆਂ ਹੋਈਆਂ ਖਿਡੌਣਾ ਗੁੱਡੀ ਦੀ ਲਾਸ਼ ਲੈ ਕੇ ਸਮਸ਼ਾਨ ਘਾਟ ਵੱਲ ਜਾ ਰਹੀਆਂ ਹਨ। ਇਹ ਇੱਕ ਵੱਡਾ ਸੁਆਲ ਹੈ ਕਿ ਬੱਚਿਆਂ ਦੀ ਮਾਨਸਿਕਤਾ ਹਾਲਾਤਾਂ ਨੇ ਕਿਹੋ ਜਿਹੀ ਬਣਾ ਦਿੱਤੀ ਕਿ ਬੱਚੀਆਂ ਮੌਤ ਮੌਤ ਖੇਡ ਰਹੀਆਂ ਹਨ। ਅਜਿਹੇ ਪ੍ਰਭਾਵਾਂ ਨੂੰ ਰੋਕਣ ਲਈ ਸ਼ਹੀਦਾਂ ਦਾ ਪਰਚਮ ਮੋਢਿਆਂ ਤੇ ਚੁੱਕਣ ਦਾ ਸਮਾਂ ਹੈ।
ਹਰਭਜਨ ਸਿੰਘ ਸੇਲਵਰਾਹ ਨੇ ਆਪਣੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਉਸਦੇ 12 ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਲਛਮਣ ਸਿੰਘ ਮਲੂਕਾ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਦੌਰ ਵਿੱਚ ਪ੍ਰਗਤੀਵਾਦੀ ਤੇ ਜੂਝਾਰਵਾਦੀ ਕਵਿਤਾ ਦੀ ਗੱਲ ਹੁੰਦੀ ਸੀ, ਪਰ ਅੱਜ ਦਾ ਸਾਹਿਤ ਮਜਦੂਰਾਂ ਦੀਆਂ ਕੁਰਬਾਨੀਆਂ ਦੇ ਹਾਣ ਦਾ ਨਹੀਂ ਹੈ। ਜਿਸਤੋਂ ਇਹ ਫਿਕਰ ਪੈਦਾ ਹੁੰਦਾ ਹੈ ਕਿ ਭਵਿੱਖ ਕਿਵੇਂ ਸੁਰੱਖਿਅਤ ਰਹਿ ਸਕੇਗਾ। ਉਹਨਾਂ ਕਿਹਾ ਕਿ ਸੰਤ ਰਾਮ ਉਦਾਸੀ, ਪਾਸ਼, ਬਿਸਮਿਲ ਫਰੀਦਕੋਟੀ ਵਰਗੇ ਕਵੀਆਂ ਸ਼ਾਇਰਾਂ ਵਰਗਾ ਸਾਹਿਤ ਰਚਿਆ ਜਾਣਾ ਚਾਹੀਦਾ ਹੈ, ਜੋ ਪਾਠਕ ਦੇ ਖੂਨ ਨੂੰ ਖੌਲ੍ਹਣ ਲਾ ਦੇਵੇ। ਉਹਨਾਂ ਕਲਮਾਂ ਤਿੱਖੀਆਂ ਕਰਕੇ ਲਿਖਤਾਂ ਵਿੱਚ ਹੋਰ ਜਜ਼ਬਾ ਭਰਨ ਦਾ ਸੱਦਾ ਦਿੱਤਾ। ਨਾਵਲਕਾਰ ਜਸਪਾਲ ਮਾਨਖੇੜਾ ਨੇ ਭਾਸ਼ਣ ’ਚ ਕਿਹਾ ਕਿ ਅੱਜ ਭਾਰਤ ਵਿੱਚ ਫਿਰਕਾਪ੍ਰਸ਼ਤੀ ਦਾ ਦੈਤ ਜਬਾੜ੍ਹੇ ਖੋਲੀ ਬੈਠਾ ਹੈ।
ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਬਿਲ ਲਿਆਂਦੇ ਜਾ ਰਹੇ ਹਨ, ਇਸ ਲਈ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਸੰਘਰਸ ਵਿੱਢਣੇ ਚਾਹੀਦੇ ਹਨ। ਫਲਸਤੀਨ ਦਾ ਦਰਦ ਭਾਰਤ ਵਿੱਚ ਵੀ ਮਹਿਸੂਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਮਾਓਵਾਦ ਖਤਮ ਕਰਨ ਦੇ ਨਾਂ ਹੇਠ ਖੱਬੀ ਸੋਚ ਤੇ ਹਮਲੇ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ, ਜੋ ਦੇਸ਼ ਦੇ ਲੋਕਾਂ ਦੇ ਹਿਤ ਵਿੱਚ ਨਹੀਂ ਹੋਵੇਗੀ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਕੁਲਵਿੰਦਰ ਵਿਰਕ, ਡਾ: ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਭੁੱਲਰ, ਕਮਲ ਬਠਿੰਡਾ, ਸੁਖਦਰਸ਼ਨ ਗਰਗ, ਤੇਜਾ ਸਿੰਘ ਪ੍ਰੇਮੀ, ਕੇਸਵ ਦੱਤ, ਸੁਖਵਿੰਦਰ ਜੀਦਾ, ਦਮਜੀਤ ਦਰਸ਼ਨ, ਦਿਲਬਾਗ ਸਿੰਘ, ਸੁਰਿੰਦਰਪਾਲ ਝੱਖੜਵਾਲਾ, ਜਸਕਰਨ ਕੋਟਗੁਰੂ, ਹਰਮੀਤ, ਬਲਕਰਨ ਕੋਟਸ਼ਮੀਰ, ਰਮੇਸ ਗਰਗ, ਗੁਰਤੇਜ ਘੁੱਦਾ, ਵਰਿੰਦਰ ਮਾਨ, ਅਵਤਾਰ ਬਾਹੀਆਂ ਨੇ ਕਵਿਤਾਵਾਂ, ਗ਼ਜ਼ਲਾਂ ਪੇਸ਼ ਕੀਤੀਆਂ। ਅੰਤ ਵਿੱਚ ਡਾ: ਅੰਮ੍ਰਿਤਪਾਲ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰਣਬੀਰ ਰਾਣਾ ਅਤੇ ਸੁਖਵਿੰਦਰ ਜੀਦਾ ਨੇ ਨਿਭਾਈ।
Click to Follow Babushahi Facebook page →