ਰਾਹੌਣ ਅਨਾਜ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ
ਰਵਿੰਦਰ ਸਿੰਘ
ਖੰਨਾ, 18 ਅਪ੍ਰੈਲ 2026
ਖੰਨਾ ਦੀ ਰਾਹੌਣ ਅਨਾਜ ਮੰਡੀ ਵਿੱਚ ਅੱਜ ਅਚਾਨਕ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗਣ ਨਾਲ ਹਫੜਾ ਦਫੜੀ ਮਚ ਗਈ। ਮੰਡੀ ਵਿੱਚ ਇਸ ਸਮੇਂ ਵੱਡੀ ਮਾਤਰਾ ਵਿੱਚ ਫਸਲ ਪਈ ਹੈ, ਜਿਸ ਕਰਕੇ ਅੱਗ ਫੈਲਣ ਦਾ ਖਤਰਾ ਹੋਰ ਵੀ ਵੱਧ ਗਿਆ ਸੀ।
ਘਟਨਾ ਤੋਂ ਬਾਅਦ ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ। ਸਮੇਂ ਸਿਰ ਸਭ ਦੇ ਯਤਨਾਂ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੀ ਆੜਤ ਦੀ ਦੁਕਾਨ ਦੀ ਦੇਖਭਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਅਚਾਨਕ ਫੜ ਵਿੱਚ ਪਈਆਂ ਬੋਰੀਆਂ ਨੂੰ ਅੱਗ ਲੱਗ ਗਈ ਸੀ, ਜਿਸਨੂੰ ਮੌਕੇ ‘ਤੇ ਮੌਜੂਦ ਮਜ਼ਦੂਰਾਂ ਨੇ ਤੁਰੰਤ ਬੁਝਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉੱਥੇ ਕਰੀਬ 25 ਤੋਂ 30 ਹਜ਼ਾਰ ਕਣਕ ਦੀਆਂ ਬੋਰੀਆਂ ਪਈਆਂ ਹਨ, ਜਿਨ੍ਹਾਂ ਵਿੱਚੋਂ ਲਗਭਗ ਇੱਕ ਹਜ਼ਾਰ ਬੋਰੀਆਂ ਅੱਗ ਦੀ ਚਪੇਟ ਵਿੱਚ ਆਈਆਂ। ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਉੱਥੇ ਹੀ ਫਾਇਰ ਬ੍ਰਿਗੇਡ ਕਰਮੀ ਨੰਨੂ ਸ਼ਰਮਾ ਨੇ ਦੱਸਿਆ ਕਿ ਖਦਸ਼ਾ ਹੈ ਕਿ ਬੋਰੀਆਂ ‘ਤੇ ਕਿਸੇ ਕੈਮੀਕਲ ਦਾ ਅਸਰ ਹੋ ਸਕਦਾ ਹੈ, ਜਿਸ ਕਰਕੇ ਤੇਜ਼ ਧੁੱਪ ਵਿੱਚ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ‘ਤੇ ਲੱਗੀ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ ਹੈ।
ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋਵੇਗੀ।
Click to Follow Babushahi Facebook page →