ਕੇਂਦਰੀ ਯੂਨੀਵਰਸਿਟੀ ਨੂੰ ਐਚਪੀਵੀ ਨਾਲ ਸਬੰਧਿਤ ਗਲ੍ਹਤ ਜਾਣਕਾਰੀ ‘ਤੇ ਖੋਜ ਨੂੰ ਵਿਸ਼ਵ ਪੱਧਰੀ ਮਾਨਤਾ
ਅਸ਼ੋਕ ਵਰਮਾ
ਬਠਿੰਡਾ, 10 ਅਪ੍ਰੈਲ 2026: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਅਤੇ ਇੰਟਰਵੇਂਸ਼ਨਜ਼ ਡਿਜ਼ਾਈਨ ਐਂਡ ਇਫੈਕਟਸ ਲੈਬ (ਆਈ.ਡੀ.ਈ.ਐਲ.) ਦੇ ਸੰਸਥਾਪਕ ਡਾ. ਰੂਬਲ ਕਨੋਜ਼ੀਆ ਅਤੇ ਉਨ੍ਹਾਂ ਦੀ ਪੀਐਚ.ਡੀ. ਵਿਦਿਆਰਥਣ ਸੁਸ਼੍ਰੀ ਰਕਤੀਮਾ ਗੁਪਤਾ ਨੇ ਇੱਕ ਮਹੱਤਵਪੂਰਨ ਅਕਾਦਮਿਕ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਦਾ ਖੋਜ ਪੇਪਰ ਡੈਨਮਾਰਕ ਦੇ ਓਡੈਂਸ ਵਿਖੇ ਸਥਿਤ ਯੂਨੀਵਰਸਿਟੀ ਆਫ ਸਦਰਨ ਡੈਨਮਾਰਕ ਵਿੱਚ 13–15 ਅਪ੍ਰੈਲ 2026 ਨੂੰ ਹੋਣ ਵਾਲੇ ਮਹੱਤਵਪੂਰਣ ਅੰਤਰਰਾਸ਼ਟਰੀ ਸਿਹਤ ਸੰਚਾਰ ਸੰਮੇਲਨ ਵਿੱਚ ਪੇਸ਼ ਕਰਨ ਲਈ ਚੁਣਿਆ ਗਿਆ ਹੈ।
ਭਾਰਤ ਵਿੱਚ ਐਚਪੀਵੀ ਟੀਕਾਕਰਨ ਦੇ ਰਾਸ਼ਟਰੀ ਪ੍ਰੋਗਰਾਮ ਦੇ ਪ੍ਰਸੰਗ ਵਿੱਚ, ਇਹ ਖੋਜ ਸਮਾਜ ਵਿੱਚ ਫੈਲੀ ਗਲਤ ਜਾਣਕਾਰੀ ਨੂੰ ਦੂਰ ਕਰਨ ਅਤੇ ਜਾਗਰੂਕਤਾ ਵਧਾਉਣ ਰਾਹੀਂ ਕੈਂਸਰ ਰੋਕਥਾਮ ਦੇ ਯਤਨਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਏਗੀ।
“ਪਰਸੀਵਡ ਬੈਰੀਅਰਜ਼ ਟੂ ਐਚਪੀਵੀ ਪ੍ਰਿਵੈਂਟਿਵ ਕੇਅਰ ਅਮੰਗ ਸੈਕਸ਼ੁਅਲ ਐਂਡ ਜੈਂਡਰ ਮਾਈਨੋਰਿਟੀਜ਼ ਇਨ ਇੰਡੀਆ: ਏ ਕਵਾਲਿਟੇਟਿਵ ਐਕਸਪਲੋਰੇਸ਼ਨ” ਸਿਰਲੇਖ ਹੇਠ ਕੀਤੀ ਗਈ ਇਸ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਐਚਪੀਵੀ ਬਾਰੇ ਜਾਗਰੂਕਤਾ ਦੀ ਘਾਟ, ਟੀਕੇ ਸੰਬੰਧੀ ਅਧੂਰੀ ਜਾਣਕਾਰੀ, ਆਰਥਿਕ ਰੁਕਾਵਟਾਂ, ਸਮਾਵੇਸ਼ੀ ਸਿਹਤ ਸੇਵਾਵਾਂ ਦੀ ਸੀਮਿਤ ਉਪਲਬਧਤਾ ਅਤੇ ਜਨਸਧਾਰਨ ਵਿੱਚ ਫੈਲੀ ਗਲਤ ਜਾਣਕਾਰੀ, ਐਚਪੀਵੀ ਤੋਂ ਬਚਾਅ ਵਿੱਚ ਵੱਡੀਆਂ ਰੁਕਾਵਟਾਂ ਹਨ।
ਖੋਜਕਰਤਾਵਾਂ ਅਨੁਸਾਰ ਇਹ ਨਤੀਜੇ ਇਸ ਗੱਲ ਨੂੰ ਰੋਸ਼ਨ ਕਰਦੇ ਹਨ ਕਿ ਗਲਤ ਜਾਣਕਾਰੀ ‘ਤੇ ਪ੍ਰਭਾਵਸ਼ਾਲੀ ਕੰਟਰੋਲ, ਐਚਪੀਵੀ ਅਤੇ ਇਸ ਦੇ ਟੀਕੇ ਬਾਰੇ ਸਹੀ ਜਾਣਕਾਰੀ ਦਾ ਪ੍ਰਸਾਰ, ਜਨ-ਜਾਗਰੂਕਤਾ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਅਤੇ ਸਿਹਤ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਹਰ ਵਰਗ ਨੂੰ ਸਮਾਨ ਅਤੇ ਸਮਾਵੇਸ਼ੀ ਸਿਹਤ ਸੇਵਾਵਾਂ ਪ੍ਰਾਪਤ ਹੋ ਸਕਣ।
ਇਸ ਮੌਕੇ ‘ਤੇ ਸੀਯੂ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਡਾ. ਰੂਬਲ ਕਨੋਜ਼ੀਆ ਅਤੇ ਸੁਸ਼੍ਰੀ ਰਕਤੀਮਾ ਗੁਪਤਾ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਆਈ.ਡੀ.ਈ.ਐਲ. ਲੈਬ ਵੱਲੋਂ ਸਿਹਤ ਸੰਚਾਰ ਦੇ ਖੇਤਰ ਵਿੱਚ ਹੋ ਰਹੀ ਲਗਾਤਾਰ ਖੋਜ ਇਹ ਦਰਸਾਉਂਦੀ ਹੈ ਕਿ ਸਮਾਜਿਕ ਵਿਗਿਆਨ ਦੀ ਖੋਜ ਨਾ ਸਿਰਫ਼ ਸਮਾਜਿਕ ਚੁਣੌਤੀਆਂ ਦਾ ਹੱਲ ਪੇਸ਼ ਕਰਦੀ ਹੈ, ਸਗੋਂ ਨੀਤੀ-ਨਿਰਮਾਣ ਅਤੇ ਵਿਸ਼ਵ ਪੱਧਰੀ ਅਕਾਦਮਿਕ ਚਰਚਾ ਵਿੱਚ ਵੀ ਅਹਿਮ ਯੋਗਦਾਨ ਪਾਂਦੀ ਹੈ।
ਡਾ. ਰੂਬਲ ਕਨੋਜ਼ੀਆ ਨੇ ਦੱਸਿਆ ਕਿ ਆਈ.ਡੀ.ਈ.ਐਲ. ਲੈਬ ਦੇਸ਼ ਦੀਆਂ ਪਹਿਲੀਆਂ ਪ੍ਰਯੋਗਾਤਮਕ ਲੈਬਾਂ ਵਿੱਚੋਂ ਇੱਕ ਹੈ, ਜੋ ਜਨਸੰਚਾਰ ਦੇ ਖੇਤਰ ਵਿੱਚ ਰੈਂਡਮਾਈਜ਼ਡ ਕੰਟਰੋਲ ਟਰਾਇਲਜ਼ (ਆਰ.ਸੀ.ਟੀ) ਅਤੇ ਕਵਾਜ਼ੀ-ਐਕਸਪੇਰੀਮੈਂਟਲ ਖੋਜ ਲਈ ਸਮਰਪਿਤ ਹੈ। ਉਨ੍ਹਾਂ ਨੇ ਇਸ ਸਫਲਤਾ ਦਾ ਸ਼੍ਰੇਯ ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਪ੍ਰੇਰਣਾ, ਮਾਰਗਦਰਸ਼ਨ ਅਤੇ ਨਿਰੰਤਰ ਸਹਿਯੋਗ ਨੂੰ ਦਿੱਤਾ, ਜਿਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਵਿੱਚ ਮਜ਼ਬੂਤ ਖੋਜ ਵਾਤਾਵਰਣ ਵਿਕਸਿਤ ਹੋ ਰਿਹਾ ਹੈ। ਉਨ੍ਹਾਂ ਦੇ ਯਤਨਾਂ ਨਾਲ ਸੀਯੂ ਪੰਜਾਬ ਨੇ ਅੰਤਰਰਾਸ਼ਟਰੀ ਰੈਂਕਿੰਗ ਵਿੱਚ ਵੀ ਉਲਲੇਖਣਯੋਗ ਪ੍ਰਗਤੀ ਕੀਤੀ ਹੈ।
ਇਸ ਉਪਲਬਧੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿਉਂਕਿ ਆਈ.ਡੀ.ਈ.ਐਲ. ਲੈਬ ਦੀ ਕੈਂਸਰ ਨਾਲ ਸੰਬੰਧਿਤ ਗਲਤ ਜਾਣਕਾਰੀ ‘ਤੇ ਕੀਤੀ ਤਾਜ਼ਾ ਖੋਜ ਨੂੰ ਵੀ ਵਿਸ਼ਵ ਸਿਹਤ ਸੰਸਥਾ ਦੇ ਅਧੀਨ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈਏਆਰਸੀ) ਵੱਲੋਂ ਸਵੀਕਾਰਿਆ ਗਿਆ ਹੈ। ਐਚਪੀਵੀ ਟੀਕੇ ਨਾਲ ਸੰਬੰਧਿਤ ਗਲਤ ਜਾਣਕਾਰੀ ‘ਤੇ ਇਹ ਖੋਜ ਯੂਨੀਵਰਸਿਟੀ ਲਈ ਇਕ ਹੋਰ ਮਹੱਤਵਪੂਰਨ ਅੰਤਰਰਾਸ਼ਟਰੀ ਉਪਲਬਧੀ ਹੈ।
ਇਹ ਉਪਲਬਧੀ ਸੀਯੂ ਪੰਜਾਬ ਦੇ ਜਨਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੀ ਵਧਦੀ ਅਕਾਦਮਿਕ ਸ਼੍ਰੇਸ਼ਠਤਾ ਅਤੇ ਵਿਸ਼ਵ ਪੱਧਰੀ ਖੋਜ ਭਾਗੀਦਾਰੀ ਨੂੰ ਵੀ ਦਰਸਾਉਂਦੀ ਹੈ।
Click to Follow Babushahi Facebook page →