ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੌਥੇ 'ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ-2026' ਦਾ ਹੋਇਆ ਸ਼ਾਨਦਾਰ ਆਗ਼ਾਜ਼
'ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ-2026' ਸਿੱਖਿਆ ਜਗਤ ਅਤੇ ਫ਼ਿਲਮ ਇੰਡਸਟਰੀ ਵਿਚਾਲੇ ਪਾੜੇ ਨੂੰ ਕਰੇਗਾ ਖ਼ਤਮ, 11 ਇੰਟਰਨੈਸ਼ਨਲ ਐਂਟਰੀਆਂ ਦੇ ਨਾਲ ਦਿਖਾਈਆਂ ਜਾਣਗੀਆਂ 383 ਫ਼ਿਲਮਾਂ
ਕਲਾ ਦੀ ਸਫ਼ਲਤਾ ਲਈ ਨਿੱਜੀ ਸ਼ੈਲੀ ਤੋਂ ਉੱਪਰ ਉੱਠ ਕੇ ਦਰਸ਼ਕਾਂ, ਤਕਨਾਲੋਜੀ ਅਤੇ ਕਾਰੋਬਾਰੀ ਹਕੀਕਤਾਂ ਨੂੰ ਅਪਣਾਉਣਾ ਲਾਜ਼ਮੀ: ਸ਼ਾਮ ਦੇਸ਼ਪਾਂਡੇ, ਆਰਟ ਡਾਇਰੈਕਟਰ, ਕ੍ਰਾਫ਼ਟਨ ਇੰਡੀਆ
ਨਵੀਂ ਤਕਨੀਕ ਦਾ ਵਿਰੋਧ ਨਾ ਕਰੋ, ਸਗੋਂ ਸਿੱਖਣ ਅਤੇ ਅੱਗੇ ਵਧਣ ਲਈ ਇਸ ਨੂੰ ਅਪਣਾਓ, ਏਆਈ ਨੂੰ ਸ਼ੱਕ ਦੀ ਨਿਗ੍ਹਾ ਨਾਲ ਨਹੀਂ, ਇੱਕ ਮਦਦਗਾਰ ਦੇ ਰੂਪ ਵਿੱਚ ਦੇਖੋ: ਵਰਿੰਦਰ ਕੇ. ਪਾਟਿਲ, ਫ਼ਾਊਂਡਰ ਤੇ ਕ੍ਰੀਏਟਿਵ ਡਾਇਰੈਕਟਰ, ਜੇਬੂ ਐਨੀਮੇਸ਼ਨ
ਇੱਕ ਸੱਚੇ ਕਲਾਕਾਰ ਨੂੰ ਕਦੇ ਵੀ ਵਰਕ-ਲਾਈਫ਼ ਬੈਲੇਂਸ ਪਿੱਛੇ ਨਹੀਂ ਭੱਜਣਾ ਚਾਹੀਦਾ, ਕਿਉਂਕਿ ਕਲਾ ਹੀ ਜ਼ਿੰਦਗੀ ਹੈ, ਸੰਪੂਰਨਤਾ ਜ਼ਿੰਦਗੀ ਦੇ ਤਜਰਬਿਆਂ ਤੋਂ ਆਉਂਦੀ ਹੈ: ਵਰਿੰਦਰ ਕੇ ਪਾਟਿਲ, ਫ਼ਾਊਂਡਰ ਤੇ ਕ੍ਰੀਏਟਿਵ ਡਾਇਰੈਕਟਰ, ਜੇਬੂ ਐਨੀਮੇਸ਼ਨ
ਮੋਹਾਲੀ, 9 ਅਪ੍ਰੈਲ 2026: ਚੰਡੀਗੜ੍ਹ ਯੂਨੀਵਰਸਿਟੀ ਵਿੱਚ ਦੋ-ਰੋਜ਼ਾ ਚੌਥੇ ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫਿਲਮ ਫੈਸਟੀਵਲ-2026 ਦਾ ਸ਼ਾਨਦਾਰ ਆਗ਼ਾਜ਼ ਹੋ ਗਿਆ ਹੈ। ਇਹ ਫੈਸਟੀਵਲ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਕਲਾਕਾਰਾਂ, ਵਿਦਿਆਰਥੀਆਂ ਅਤੇ ਉਦਯੋਗ ਮਾਹਰਾਂ ਨੂੰ ਇੱਕ ਮੰਚ 'ਤੇ ਲਿਆ ਕੇ ਸਟੋਰੀਟੈਲਿੰਗ (ਕਹਾਣੀ ਕਲਾ), ਰਚਨਾਤਮਕਤਾ ਅਤੇ ਸਿਨੇਮਾਈ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ ਵਿੱਚ 11 ਅੰਤਰਰਾਸ਼ਟਰੀ ਐਂਟਰੀਆਂ ਸਣੇ 383 ਤੋਂ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ।
ਇਸ ਤੋਂ ਇਲਾਵਾ, ਇਸ ਫੈਸਟੀਵਲ ਨੇ ਵੱਖ-ਵੱਖ ਸ਼ੈਲੀ (ਜੌਨਰ) ਦੀਆਂ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ, ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਜਗਤ ਤੇ ਫਿਲਮ ਇੰਡਸਟਰੀ ਵਿਚਕਾਰਲੀ ਦੂਰੀ ਨੂੰ ਘਟਾ ਕੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇੱਕ ਗਤੀਸ਼ੀਲ ਮੰਚ ਵੀ ਪ੍ਰਦਾਨ ਕੀਤਾ ਹੈ। ਇਸ ਪ੍ਰੋਗਰਾਮ ਨੇ ਜਿੱਥੇ ਉੱਭਰਦੀ ਹੋਈ ਪ੍ਰਤਿਭਾ ਨੂੰ ਸਿੱਖਣ ਦਾ ਸ਼ਾਨਦਾਰ ਮੌਕਾ ਦਿੱਤਾ, ਉੱਥੇ ਹੀ ਐਨੀਮੇਸ਼ਨ, ਵੀਐਫਐਕਸ ਅਤੇ ਏਆਈ ਅਧਾਰਤ ਫਿਲਮ ਨਿਰਮਾਣ ਵਰਗੇ ਖੇਤਰਾਂ ਵਿੱਚ ਨਵੀਨਤਾ ਨੂੰ ਵੀ ਹੁਲਾਰਾ ਦਿੱਤਾ।
ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਟਿਊਟ ਆਫ਼ ਫ਼ਿਲਮਜ਼ ਐਂਡ ਵਿਜ਼ੂਅਲ ਆਰਟਸ (ਯੂਆਈਐਫ਼ਵੀਏ) ਵੱਲੋਂ ਕਰਵਾਏ ਜਾ ਰਹੇ ਦੋ ਦਿਨਾ ਫ਼ੈਸਟੀਵਲ ਵਿੱਚ ਦੇਸ਼ ਅਤੇ ਦੁਨੀਆ ਭਰ ਦੇ ਫ਼ਿਲਮ ਨਿਰਮਾਤਾ ਅਤੇ ਕਲਾਕਾਰ ਸ਼ਾਮਲ ਹੋਣਗੇ। ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਹਾਈ-ਟੈੱਕ ਐਨੀਮੇਸ਼ਨ ਸਟੂਡੀਓ ਦੇ ਫ਼ਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ ਸੁਬਰਤਾ ਰਾਏ, ਜੋ ਕਿ ਕੋਲਕਾਤਾ ਵਿਖੇ ਹਾਈ ਟੈੱਕ ਐਨੀਮੇਸ਼ਨ ਸਟੂਡੀਓ ਅਤੇ ਮੂਪਲ ਇੰਸਟੀਟਿਊਟ ਆਫ਼ ਐਨੀਮੇਸ਼ਨ ਐਂਡ ਡਿਜ਼ਾਈਨ ਦੇ ਫ਼ਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ ਹਨ। ਉਨ੍ਹਾਂ ਦੇ ਸਟੂਡੀਓ ਨੇ ਨੈੱਟਫ਼ਲਿਕਸ ਲਈ ਇਤਿਹਾਸਕ 18 ਐਪੀਸੋਡਾਂ ਦੀ 3ਡੀ ਐਨੀਮੇਟਡ ਸੀਰੀਜ਼ 'ਕੁਰੂਕਸ਼ੇਤਰ' ਦਾ ਨਿਰਮਾਣ ਕੀਤਾ ਹੈ। ਦੂਜੇ ਮਹਿਮਾਨ ਵੀਰੇਂਦਰ ਪਾਟਿਲ ਸਨ, ਜੋ ਜੇਬੂ ਐਨੀਮੇਸ਼ਨ ਦੇ ਫਾਊਂਡਰ ਅਤੇ ਕ੍ਰਿਏਟਿਵ ਡਾਇਰੈਕਟਰ ਹਨ। 20 ਸਾਲਾਂ ਤੋਂ ਵੱਧ ਦੇ ਤਜ਼ਰਬੇ ਦੇ ਨਾਲ, ਉਹ ਭਾਰਤੀ ਐਨੀਮੇਸ਼ਨ ਇੰਡਸਟਰੀ ਦੇ ਇੱਕ ਤਜ਼ਰਬੇਕਾਰ ਅਤੇ ਦੂਰਦਰਸ਼ੀ ਉਦਯੋਗਪਤੀ ਹਨ, ਜੋ ਤਕਨੀਕ ਅਤੇ ਪ੍ਰਤਿਭਾ ਰਾਹੀਂ ਸਟੋਰੀਟੈਲਿੰਗ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਦਾ ਕੰਮ ਕਰਦੇ ਹਨ। ਤੀਜੇ ਮਹਿਮਾਨ ਕ੍ਰਾਫਟਨ ਇੰਡੀਆ ਦੇ ਆਰਟ ਡਾਇਰੈਕਟਰ ਸ਼ਾਮ ਦੇਸ਼ਪਾਂਡੇ ਸਨ, ਜੋ ਕਿ 'ਬੈਟਲਗ੍ਰਾਊਂਡਸ ਮੋਬਾਈਲ ਇੰਡੀਆ' (ਬੀਜੀਐਮਆਈ) ਵਰਗੀਆਂ ਪ੍ਰਸਿੱਧ ਗੇਮਾਂ ਦੇ ਪਬਲਿਸ਼ਰ ਹਨ। ਡਿਜ਼ਾਈਨ ਅਤੇ ਗੇਮਿੰਗ ਇੰਡਸਟਰੀ ਵਿੱਚ 20 ਸਾਲਾਂ ਤੋਂ ਵੱਧ ਦੇ ਤਜ਼ਰਬੇ ਨਾਲ ਉਹ ਭਾਰਤੀ ਗੇਮਿੰਗ ਈਕੋਸਿਸਟਮ ਦੀ ਇੱਕ ਪ੍ਰਮੁੱਖ ਸ਼ਖਸੀਅਤ ਹਨ। ਇਸ ਮੌਕੇ ਇਹਨਾਂ ਹਸਤੀਆਂ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਐਨ. ਸੀਤਾਰਾਮ, ਅਕਾਦਮਿਕ ਮਾਮਲਿਆਂ ਦੇ ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਵੀ.ਆਰ. ਰਘੁਵੀਰ ਸਣੇ ਹੋਰ ਵੀ ਕਈ ਸ਼ਖ਼ਸੀਅਤਾਂ ਸ਼ਾਮਲ ਸਨ।
ਚੰਡੀਗੜ੍ਹ ਯੂਨੀਵਰਸਿਟੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2026 ਵਿੱਚ 11 ਅੰਤਰਰਾਸ਼ਟਰੀ ਐਂਟਰੀਆਂ ਸਮੇਤ 383 ਤੋਂ ਜ਼ਿਆਦਾ ਫ਼ਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ ਵਿੱਚ 172 ਸ਼ਾਰਟ ਫਿਲਮਾਂ, 20 ਡਾਕੂਮੈਂਟਰੀਆਂ, 34 ਐਨੀਮੇਸ਼ਨ ਫਿਲਮਾਂ, 14 ਵੀਐਫਐਕਸ, 90 ਸ਼ੋਅ-ਰੀਲਜ਼, 26 ਏ.ਆਈ. ਅਧਾਰਤ ਫਿਲਮਾਂ ਅਤੇ 21 ਇਸ਼ਤਿਹਾਰ ਸ਼ਾਮਲ ਹਨ। ਇਸ ਫੈਸਟੀਵਲ ਵਿੱਚ ਦੁਨੀਆ ਭਰ ਦੇ ਨਾਮਵਰ ਅਦਾਰਿਆਂ ਨੇ ਹਿੱਸਾ ਲਿਆ ਹੈ, ਜਿਨ੍ਹਾਂ ਵਿੱਚ ਸਪੇਨ ਦਾ ਬੀਏਯੂ ਸੈਂਟਰ, ਲੰਡਨ ਫਿਲਮ ਅਕੈਡਮੀ, ਯੂਨੀਵਰਸਿਟੀ ਆਫ਼ ਸਿਡਨੀ (ਆਸਟ੍ਰੇਲੀਆ), ਸੱਤਿਆਜੀਤ ਰੇ ਫਿਲਮ ਇੰਸਟੀਚਿਊਟ, ਆਈ.ਆਈ.ਟੀ. ਮੁੰਬਈ, ਵਿਸਲਿੰਗ ਵੁੱਡਜ਼ ਇੰਟਰਨੈਸ਼ਨਲ ਅਤੇ ਐਫਟੀਆਈਆਈ ਸਮੇਤ ਕਈ ਹੋਰ ਪ੍ਰਮੁੱਖ ਅਦਾਰੇ ਸ਼ਾਮਲ ਹੋਏ।
ਫਿਲਮ ਫ਼ੈਸਟੀਵਲ ਦੇ ਅਖ਼ੀਰਲੇ ਦਿਨ ਬੈਸਟ ਸ਼ਾਰਟ ਫ਼ਿਲਮ, ਵੀਐਫ਼ਐਕਸ ਫ਼ਿਲਮ, ਸ਼ੋਰਿਲ, ਵੀਡੀਓ ਐਡਵਰਟਾਈਜ਼ਿੰਗ ਐਕਸੀਲੈਂਸ, ਬੈਸਟ ਐਨੀਮੇਸ਼ਨ, ਬੈਸਟ ਏਆਈ ਫ਼ਿਲਮ ਅਤੇ ਬੈਸਟ ਡਾਕਿਊਮੈਂਟਰੀ ਨੂੰ 2 ਲੱਖ 52 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।
ਇਸ ਮੌਕੇ ਮੁੱਖ ਮਹਿਮਾਨ ਹਾਈ-ਟੈੱਕ ਐਨੀਮੇਸ਼ਨ ਸਟੂਡੀਓ ਦੇ ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ ਸੁਬ੍ਰਤਾ ਰਾਏ ਨੇ ਕਿਹਾ, "ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਅੱਜਕੱਲ੍ਹ ਹਰ ਜਗ੍ਹਾ ਏਆਈ ਇੰਟੀਗ੍ਰੇਸ਼ਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਸਭ ਕੁਝ ਅਜਿਹਾ ਹੈ ਜੋ ਸ਼ਾਇਦ ਸਾਨੂੰ ਸਾਡੇ ਨਿਯਮਤ ਸਿਲੇਬਸ ਵਿੱਚ ਨਾ ਮਿਲੇ, ਇਸ ਲਈ ਸਾਨੂੰ ਇਸ ਨੂੰ ਆਪਣੇ ਪੱਧਰ 'ਤੇ ਅਤੇ ਲੀਕ ਤੋਂ ਹਟ ਕੇ ਸਿੱਖਣਾ ਹੋਵੇਗਾ।"
ਰਾਏ ਨੇ ਅੱਗੇ ਕਿਹਾ, "ਅਸੀਂ ਖੁਦ ਨੂੰ ਕਲਾਕਾਰ ਕਹਿੰਦੇ ਹਾਂ, ਪਰ ਮੇਰੀ ਰਾਇ ਵਿੱਚ ਜਿਸ ਕਲਾ ਤੋਂ ਕੋਈ ਆਰਥਿਕ ਲਾਭ ਨਾ ਹੋਵੇ, ਉਸ ਨੂੰ ਲੰਬੇ ਸਮੇਂ ਤੱਕ ਜਿਊਂਦਾ ਰੱਖਣਾ ਮੁਸ਼ਕਿਲ ਹੈ। ਇਸ ਲਈ ਕੋਈ ਵੀ ਕੰਟੈਂਟ ਬਣਾਉਣ ਤੋਂ ਪਹਿਲਾਂ ਇਹ ਸੋਚਣਾ ਹੋਵੇਗਾ ਕਿ ਉਸ ਨੂੰ ਪੈਸੇ ਕਮਾਉਣ ਦਾ ਜ਼ਰੀਆ ਕਿਵੇਂ ਬਣਾਇਆ ਜਾਵੇ। ਸਿਰਫ਼ ਜਨੂੰਨ ਲਈ ਕੰਟੈਂਟ ਬਣਾਉਣ ਦੀ ਗਲਤੀ ਨਾ ਕਰੋ। ਅੱਜ ਤੋਂ ਹੀ ਸਾਨੂੰ ਇਹ ਸਮਝਣਾ ਪਵੇਗਾ ਕਿ 'ਸੇਲੇਬਲ ਕੰਟੈਂਟ' ਕੀ ਹੈ। ਤਕਨੀਕ ਲਗਾਤਾਰ ਅੱਗੇ ਵੱਧ ਰਹੀ ਹੈ; ਜਾਂ ਤਾਂ ਤਕਨੀਕ ਤੁਹਾਨੂੰ ਆਪਣਾ ਗੁਲਾਮ ਬਣਾ ਲਵੇਗੀ ਜਾਂ ਫਿਰ ਤੁਸੀਂ ਤਕਨੀਕ ਨੂੰ ਆਪਣਾ ਗੁਲਾਮ ਬਣਾ ਲਵੋਗੇ। ਜੇਕਰ ਤਕਨੀਕ ਨੇ ਤੁਹਾਨੂੰ ਗੁਲਾਮ ਬਣਾ ਲਿਆ ਤਾਂ ਅਸੀਂ ਸਿਰਫ਼ ਗੁਲਾਮ ਬਣ ਕੇ ਰਹਿ ਜਾਵਾਂਗੇ, ਪਰ ਜੇਕਰ ਤੁਸੀਂ ਏ.ਆਈ. ਨੂੰ ਆਪਣਾ ਗੁਲਾਮ ਬਣਾ ਲਿਆ ਤਾਂ ਇਹ ਤੁਹਾਡੇ ਅਤੇ ਸਾਡੇ ਲਈ ਕੰਮ ਕਰੇਗੀ।"
ਰਾਏ ਨੇ ਅੱਗੇ ਕਿਹਾ ਕਿ ਅਸੀਂ ਖੁਦ ਨੂੰ ਕਲਾਕਾਰ ਕਹਿੰਦੇ ਹਾਂ, ਪਰ ਮੇਰੀ ਰਾਇ ਵਿੱਚ ਜਿਸ ਕਲਾ ਤੋਂ ਆਰਥਿਕ ਲਾਭ ਨਾ ਹੋਵੇ, ਉਸ ਨੂੰ ਲੰਬੇ ਸਮੇਂ ਤੱਕ ਟਿਕਾਈ ਰੱਖਣਾ ਮੁਸ਼ਕਿਲ ਹੈ। ਇਸ ਲਈ ਕੋਈ ਵੀ ਕੰਟੈਂਟ ਬਣਾਉਣ ਤੋਂ ਪਹਿਲਾਂ ਇਹ ਸੋਚਣਾ ਹੋਵੇਗਾ ਕਿ ਉਸ ਨੂੰ ਪੈਸੇ ਕਮਾਉਣ ਦਾ ਜ਼ਰੀਆ ਕਿਵੇਂ ਬਣਾਇਆ ਜਾਵੇ। ਸਿਰਫ਼ ਜਨੂੰਨ ਲਈ ਕੰਟੈਂਟ ਬਣਾਉਣ ਦੀ ਗਲਤੀ ਨਾ ਕਰੋ। ਅੱਜ ਤੋਂ ਹੀ ਸਾਨੂੰ ਇਹ ਸਮਝਣਾ ਪਵੇਗਾ ਕਿ 'ਸੇਲੇਬਲ ਕੰਟੈਂਟ' ਕੀ ਹੈ। ਤਕਨੀਕ ਲਗਾਤਾਰ ਅੱਗੇ ਵੱਧ ਰਹੀ ਹੈ; ਜਾਂ ਤਾਂ ਤਕਨੀਕ ਤੁਹਾਨੂੰ ਆਪਣਾ ਗੁਲਾਮ ਬਣਾ ਲਵੇਗੀ ਜਾਂ ਫਿਰ ਤੁਸੀਂ ਤਕਨੀਕ ਨੂੰ ਆਪਣਾ ਗੁਲਾਮ ਬਣਾ ਲਵੋਗੇ। ਜੇਕਰ ਤਕਨੀਕ ਨੇ ਤੁਹਾਨੂੰ ਗੁਲਾਮ ਬਣਾ ਲਿਆ, ਤਾਂ ਅਸੀਂ ਸਭ ਪਛੜ ਜਾਵਾਂਗੇ, ਪਰ ਜੇਕਰ ਤੁਸੀਂ ਏ.ਆਈ. ਨੂੰ ਆਪਣਾ ਗੁਲਾਮ ਬਣਾ ਲਿਆ, ਤਾਂ ਇਹ ਤੁਹਾਡੇ ਅਤੇ ਸਾਡੇ ਲਈ ਬਿਹਤਰ ਢੰਗ ਨਾਲ ਕੰਮ ਕਰੇਗੀ।
ਇਸ ਮੌਕੇ ਜੇਬੂ ਐਨੀਮੇਸ਼ਨ ਦੇ ਫ਼ਾਊਂਡਰ ਅਤੇ ਕ੍ਰੀਏਟਿਵ ਡਾਇਰੈਕਟਰ ਵਰਿੰਦਰ ਪਾਟਿਲ ਨੇ ਕਿਹਾ, "ਮੈਂ ਉਸ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ ਜਿਸ ਨੇ 90 ਦੇ ਦਹਾਕੇ ਵਿੱਚ ਐਨੀਮੇਸ਼ਨ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਜਦੋਂ ਡਿਜੀਟਲ ਐਨੀਮੇਸ਼ਨ ਆਈ, ਤਾਂ ਲੋਕ ਕਹਿੰਦੇ ਸਨ ਕਿ ਇਸ ਵਿੱਚ ਜਜ਼ਬਾਤ (ਇਮੋਸ਼ਨਜ਼) ਨਹੀਂ ਹੋਣਗੇ। ਅੱਜ ਉਹੀ ਗੱਲ ਏਆਈ ਬਾਰੇ ਕਹੀ ਜਾ ਰਹੀ ਹੈ। ਪਰ ਯਾਦ ਰੱਖੋ, ਤੁਸੀਂ ਉਹ ਪਹਿਲੀ ਪੀੜ੍ਹੀ ਹੋ ਜੋ ਏਆਈ ਨੂੰ ਇੱਕ ਹਥਿਆਂਰ ਵਜੋਂ ਵਰਤ ਕੇ ਆਪਣਾ ਕਰੀਅਰ ਬਣਾਓਗੇ। ਗਿਆਨ ਦਾ ਵਿਰੋਧ ਨਾ ਕਰੋ, ਇਸ ਨੂੰ ਅਪਣਾਓ। ਸਾਡੇ ਬਜ਼ੁਰਗ ਬਹੁਤ ਵਧੀਆ ਕਹਾਣੀਆਂ ਸੁਣਾਉਂਦੇ ਸਨ, ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦੇ ਤਜਰਬੇ ਸਨ। ਤੁਸੀਂ ਹੁਣ ਤੱਕ 'ਕਹਾਣੀ ਸੁਣਨ ਵਾਲੇ' ਸੀ, ਪਰ ਹੁਣ ਤੁਸੀਂ ਪੇਸ਼ੇਵਰ 'ਕਹਾਣੀ ਸੁਣਾਉਣ ਵਾਲੇ' ਬਣਨਾ ਹੈ। ਗੇਮ ਖੇਡਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਗੇਮ ਡਿਜ਼ਾਈਨਰ ਬਣ ਗਏ ਹੋ। ਤੁਹਾਨੂੰ ਆਪਣੇ ਹੁਨਰ ਵਿਕਸਿਤ ਕਰਨੇ ਪੈਣਗੇ। ਕਿਸੇ ਇੱਕ ਚੀਜ਼ ਵਿੱਚ ਮਾਹਿਰ ਬਣਨ ਦੀ ਬਜਾਏ ਆਪਣੀ ਬੁਨਿਆਦ ਮਜ਼ਬੂਤ ਕਰੋ। ਡਿਜ਼ਾਈਨ ਅਤੇ ਐਨੀਮੇਸ਼ਨ ਦੇ ਸਿਧਾਂਤਾਂ ਨੂੰ ਸਮਝੋ।
ਪਾਟਿਲ ਨੇ ਅੱਗੇ ਕਿਹਾ, “ਤੁਹਾਨੂੰ ਸੁਚੇਤ ਰੂਪ ਵਿੱਚ ਕਹਾਣੀਆਂ ਸੁਣਨ ਵਾਲੇ ਤੋਂ ਕਹਾਣੀ ਸੁਣਾਉਣ ਵਾਲੇ ਵੱਲ ਵਿਕਸਿਤ ਹੋਣਾ ਪਵੇਗਾ। ਇਸ ਲਈ ਇਕਾਗਰਤਾ, ਅਨੁਸ਼ਾਸਨ ਅਤੇ ਸਹੀ ਹੁਨਰ ਦੀ ਲੋੜ ਹੁੰਦੀ ਹੈ। ਸ਼ਿਲਪ (ਕ੍ਰਾਫ਼ਟ) ਸਮੇਂ ਅਤੇ ਅਭਿਆਸ ਨਾਲ ਬਿਹਤਰ ਹੁੰਦਾ ਹੈ, ਪਰ ਜੇਕਰ ਬੁਨਿਆਦੀ ਗੱਲਾਂ ਦੀ ਨੀਂਹ ਮਜ਼ਬੂਤ ਨਾ ਹੋਵੇ, ਭਾਵੇਂ ਉਹ ਐਨੀਮੇਸ਼ਨ ਹੋਵੇ, ਲਾਈਟਿੰਗ ਹੋਵੇ ਜਾਂ ਡਿਜ਼ਾਈਨ, ਤਾਂ ਤੁਸੀਂ ਸਿਰਫ਼ ਉਮਰ ਵਿੱਚ ਵੱਡੇ ਹੋਵੋਗੇ, ਕੰਮ ਵਿੱਚ ਬਿਹਤਰ ਨਹੀਂ। ਜੇਕਰ ਤੁਸੀਂ ਬੁਨਿਆਦੀ ਗੱਲਾਂ ਨੂੰ ਨਹੀਂ ਸਮਝਦੇ, ਤਾਂ ਮਸ਼ੀਨਾਂ ਜਾਂ ਏਆਂਈ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਫਿਲਮ ਫੈਸਟੀਵਲ ਵਰਗੇ ਮੰਚ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਅਜਿਹੀਆਂ ਥਾਵਾਂ ਸਿਰਜਦੇ ਹਨ ਜਿੱਥੇ ਨਵੇਂ ਸਿੱਖਣ ਵਾਲੇ ਅਤੇ ਮਾਹਿਰ ਆਪਸ ਵਿੱਚ ਗੱਲਬਾਤ ਕਰ ਸਕਦੇ ਹਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ ਅਤੇ ਮਿਲ ਕੇ ਅੱਗੇ ਵੱਧ ਸਕਦੇ ਹਨ।”
ਉਨ੍ਹਾਂ ਅੱਗੇ ਕਿਹਾ, “ਅਸੀਂ ਅਕਸਰ ਕੰਮ ਅਤੇ ਜ਼ਿੰਦਗੀ ਦੇ ਵਿਚਕਾਰ ਸੰਤੁਲਨ ਦੀ ਗੱਲ ਕਰਦੇ ਹਾਂ, ਪਰ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਵਿੱਚ ਸਿਰਫ਼ ਇੱਕ ਹੀ ਤਰ੍ਹਾਂ ਦਾ ਸੰਤੁਲਨ ਹੁੰਦਾ ਹੈ, ਜ਼ਿੰਦਗੀ ਦਾ ਸੰਤੁਲਨ। ਕਲਾਕਾਰ ਹੋਣ ਦੇ ਨਾਤੇ, ਅਸੀਂ ਸਭ ਤੋਂ ਚੁਣੌਤੀਪੂਰਨ ਉਦਯੋਗਾਂ ਵਿੱਚੋਂ ਇੱਕ ਨੂੰ ਚੁਣਿਆ ਹੈ, ਕਿਉਂਕਿ ਅਸੀਂ ਸੰਪੂਰਨਤਾ ਦੀ ਭਾਲ ਵਿੱਚ ਰਹਿੰਦੇ ਹਾਂ। ਮੇਰੇ ਲਈ, ਇੱਕ ਐਨੀਮੇਸ਼ਨ ਫਿਲਮ ਬਣਾਉਣਾ ਕੋਈ ਕੰਮ ਨਹੀਂ ਹੈ, ਸਗੋਂ ਇਹ ਮੇਰੀ ਜ਼ਿੰਦਗੀ ਦਾ ਹੀ ਇੱਕ ਹਿੱਸਾ ਹੈ। ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਓ, ਕਿਉਂਕਿ ਅਸੀਂ ਕਹਾਣੀ ਸੁਣਾਉਣ ਵਾਲੇ ਲੋਕ ਹਾਂ। ਜੇਕਰ ਤੁਹਾਡੇ ਕੋਲ ਜਿਊਣ ਲਈ ਕਹਾਣੀਆਂ ਨਹੀਂ ਹੋਣਗੀਆਂ, ਤਾਂ ਤੁਹਾਡੇ ਕੋਲ ਸੁਣਾਉਣ ਲਈ ਵੀ ਕੋਈ ਕਹਾਣੀ ਨਹੀਂ ਹੋਵੇਗੀ।”
ਕ੍ਰਾਫ਼ਟਨ ਇੰਡੀਆ ਦੇ ਆਰਟ ਡਾਇਰੈਕਟਰ ਸ਼ਾਮ ਦੇਸ਼ਪਾਂਡੇ ਨੇ ਕਿਹਾ, “ਕਲਾ ਇਕੱਲਤਾ ਵਿੱਚ ਪੈਦਾ ਨਹੀਂ ਹੁੰਦੀ। ਇਹ ਆਪਸੀ ਸਹਿਯੋਗ, ਫੀਡਬੈਕ ਅਤੇ ਵੱਖ-ਵੱਖ ਵਿਚਾਰਾਂ ਨਾਲ ਪ੍ਰਫੁੱਲਤ ਹੁੰਦੀ ਹੈ। ਹਾਲਾਂਕਿ ਨਿੱਜੀ ਸ਼ੈਲੀ ਅਹਿਮੀਅਤ ਰੱਖਦੀ ਹੈ, ਪਰ ਇੱਕ ਕਲਾਕਾਰ ਨੂੰ ਦਰਸ਼ਕਾਂ ਦੀਆਂ ਉਮੀਦਾਂ, ਤਕਨਾਲੋਜੀ ਅਤੇ ਇੰਡਸਟਰੀ ਦੀਆਂ ਮੰਗਾਂ ਵਰਗੀਆਂ ਹਕੀਕਤਾਂ ਦੇ ਅਨੁਸਾਰ ਵੀ ਢਲਣਾ ਪੈਂਦਾ ਹੈ। ਕਈ ਵਾਰ, ਜਦੋਂ ਕਲਾਤਮਕ ਸੂਝ-ਬੂਝ ਵਿਰੋਧ ਕਰਦੀ ਹੈ, ਉਦੋਂ ਵੀ ਫੈਸਲੇ ਕਾਰੋਬਾਰ ਅਤੇ ਲੋਕਾਂ ਦੇ ਜੁੜਾਵ ਵਰਗੀਆਂ ਵੱਡੀਆਂ ਤਾਕਤਾਂ ਦੁਆਰਾ ਤੈਅ ਕੀਤੇ ਜਾਂਦੇ ਹਨ। ਅਸੀਂ ਜੋ ਕੁਝ ਵੀ ਬਣਾਉਂਦੇ ਹਾਂ, ਉਹ ਆਖ਼ਰਕਾਰ ਦੂਜਿਆਂ ਲਈ ਹੀ ਹੁੰਦਾ ਹੈ; ਅਤੇ ਜੇਕਰ ਦਰਸ਼ਕ ਉਸ ਨਾਲ ਜੁੜ ਨਹੀਂ ਪਾਉਂਦੇ, ਤਾਂ ਇੱਕ ਖਾਈ ਰਹਿ ਜਾਂਦੀ ਹੈ ਜਿਸ ਨੂੰ ਸਾਨੂੰ ਭਰਨਾ ਪੈਂਦਾ ਹੈ।”
ਦੇਸ਼ਪਾਂਡੇ ਨੇ ਅੱਗੇ ਕਿਹਾ, “ਇੱਕ ਕਲਾਕਾਰ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਨਿਯਮਾਂ ਦੀ ਪਾਲਣਾ ਕਦੋਂ ਕਰਨੀ ਹੈ ਅਤੇ ਆਪਣੀ ਅੰਦਰੂਨੀ ਸੂਝ ਨੂੰ ਕਦੋਂ ਅੱਗੇ ਆਉਣ ਦੇਣਾ ਹੈ। ਸੰਤੁਲਨ, ਬਣਤਰ ਅਤੇ ਵਿਰੋਧਾਭਾਸ ਵਰਗੇ ਸਿਧਾਂਤ ਜ਼ਰੂਰੀ ਹਨ, ਪਰ ਉਹ ਕਦੇ ਵੀ ਤੁਹਾਡੇ ਸੁਨੇਹੇ 'ਤੇ ਹਾਵੀ ਨਹੀਂ ਹੋਣੇ ਚਾਹੀਦੇ। ਕਦੇ-ਕਦੇ, ਅਸਲੀਅਤ ਨੂੰ ਉਭਾਰਨ ਲਈ ਨਿਯਮਾਂ ਨੂੰ ਇੱਕ ਪਾਸੇ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਹੈ। ਹਰ ਕਲਾ ਕੁਝ ਨਵਾਂ ਸਿਖਾਉਂਦੀ ਹੈ, ਅਤੇ ਸੁਧਾਰ ਇਸ ਗੱਲ ਵਿੱਚ ਹੈ ਕਿ ਦੁਨੀਆ ਨੂੰ ਸਿਰਫ਼ ਉਵੇਂ ਹੀ ਨਾ ਦੇਖਿਆ ਜਾਵੇ ਜਿਵੇਂ ਉਹ ਹੈ, ਸਗੋਂ ਉਸ ਤਰ੍ਹਾਂ ਦੇਖਿਆ ਜਾਵੇ ਜਿਵੇਂ ਇੱਕ ਕਲਾਕਾਰ ਉਸ ਨੂੰ ਸਮਝਦਾ ਹੈ। ਨੈਤਿਕਤਾ ਬਹੁਤ ਜ਼ਰੂਰੀ ਹੈ, ਅਤੇ ਕਲਾ ਦੇ ਹਰ ਨਮੂਨੇ ਦੇ ਪਿੱਛੇ ਇੱਕ ਸਾਫ਼ ਵਿਚਾਰ ਹੋਣਾ ਚਾਹੀਦਾ ਹੈ। ਇੱਕ ਕਲਾਕਾਰ ਨੂੰ ਹਮੇਸ਼ਾ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਉਸਦੀ ਕਲਾਕ੍ਰਿਤੀ ਵਿੱਚ ਕੋਈ ਚੀਜ਼ ਕਿਉਂ ਮੌਜੂਦ ਹੈ। ਉਸ ਇਰਾਦੇ ਤੋਂ ਬਿਨਾਂ, ਕਲਾ ਸਿਰਫ਼ ਉੱਪਰਲੇ ਪੱਧਰ ਤੱਕ ਹੀ ਸਿਮਟ ਕੇ ਰਹਿ ਜਾਂਦੀ ਹੈ।”
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਐਨ ਸੀਤਾਰਾਮ ਨੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਦਾ ਵਿਜ਼ਨ ਹੈ ਕਿ ਇਸ ਕੈਂਪਸ ਵਿੱਚ 'ਐਕਸਪੀਰੀਐਂਸ਼ੀਅਲ ਲਰਨਿੰਗ' (ਤਜਰਬੇ ਰਾਹੀਂ ਸਿੱਖਣਾ) ਹੋਵੇ, ਜਿੱਥੇ ਪੜ੍ਹਾਈ ਸਿਰਫ਼ ਕਲਾਸਰੂਮ ਤੱਕ ਹੀ ਸੀਮਤ ਨਾ ਰਹੇ। ਅੱਜ ਜੋ ਲੋਕ ਇੱਥੇ ਇਕੱਠੇ ਹੋਏ ਹਨ, ਉਹ ਤੁਹਾਡੇ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ। ਇਹ ਸਿਰਫ਼ ਪੜ੍ਹਾਉਣ ਵਾਲੇ ਲੋਕ ਨਹੀਂ ਹਨ, ਸਗੋਂ ਤੁਸੀਂ ਇਨ੍ਹਾਂ ਦਾ ਕੰਮ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ ਦੇਖ ਸਕਦੇ ਹੋ। ਸਟੋਰੀਟੈਲਿੰਗ (ਕਹਾਣੀ ਸੁਣਾਉਣ ਦੀ ਕਲਾ) ਨਾਲ ਅਸੀਂ ਬਚਪਨ ਤੋਂ ਹੀ ਜੁੜੇ ਹੋਏ ਹਾਂ। ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਅਜਿਹਾ ਹੋਵੇਗਾ ਜਿਸ ਨੇ ਸੌਣ ਵੇਲੇ ਕਹਾਣੀਆਂ ਨਾ ਸੁਣੀਆਂ ਹੋਣ। ਉਸ ਵੇਲੇ ਕਹਾਣੀ ਸੁਣਾਉਣ ਦਾ ਅੰਦਾਜ਼ ਵੱਖਰਾ ਹੁੰਦਾ ਸੀ, ਜਿਵੇਂ ਇਸ਼ਾਰੇ, ਅੱਖਾਂ ਦੀ ਚਮਕ ਅਤੇ ਚਿਹਰੇ ਦੇ ਹਾਵ-ਭਾਵ। ਅੱਜ ਐਨੀਮੇਸ਼ਨ ਵਿਭਾਗ ਸਟੋਰੀਟੈਲਿੰਗ ਨਾਲ ਜੁੜੀਆਂ ਸਾਰੀਆਂ ਤਕਨੀਕਾਂ ਰਾਹੀਂ ਇਸ ਨੂੰ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ। 50 ਸਾਲ ਪਹਿਲਾਂ ਕਹਾਣੀ ਸੁਣਾਉਣ ਦੇ ਤਰੀਕੇ ਵੱਖਰੇ ਸਨ। ਅੱਜ-ਕੱਲ੍ਹ ਮੈਂ ਦੇਖਦਾ ਹਾਂ ਕਿ ਸ਼ਾਰਟ ਫਿਲਮਾਂ ਵਿੱਚ ਤੇਜ਼ ਸੰਗੀਤ ਅਤੇ ਚਮਕਦਾਰ ਰੰਗਾਂ ਦੀ ਵਰਤੋਂ ਹੁੰਦੀ ਹੈ, ਜੋ ਕੁਝ ਦਹਾਕੇ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਹੈ। ਅੱਜ ਕੱਲ ਲੋਕਾਂ ਦਾ ਧਿਆਨ ਲਗਾਉਣ ਦਾ ਸਮਾਂ ਬਹੁਤ ਘੱਟ ਗਿਆ ਹੈ, ਸ਼ਾਇਦ ਸਿਰਫ਼ 20-30 ਸਕਿੰਟ। ਇੰਨੇ ਘੱਟ ਸਮੇਂ ਵਿੱਚ ਆਪਣੀ ਗੱਲ ਨੂੰ ਕਿਵੇਂ ਪੇਸ਼ ਕਰਨਾ ਹੈ, ਇਸ ਵਿੱਚ ਬਹੁਤ ਸਾਰਾ ਵਿਗਿਆਨ ਸ਼ਾਮਲ ਹੈ। ਮੈਨੂੰ ਖੁਸ਼ੀ ਹੈ ਕਿ ਐਨੀਮੇਸ਼ਨ ਵਿਭਾਗ ਪਿਛਲੇ ਚਾਰ ਐਡੀਸ਼ਨਾਂ ਤੋਂ ਬਾਅਦ ਹੁਣ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਆਇਆ ਹੈ, ਜਿਸ ਵਿੱਚ ਪੂਰੇ ਭਾਰਤ ਦੇ ਕਈ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਇਸ ਇੰਟਰਨੈਸ਼ਨਲ ਫੈਸਟੀਵਲ ਟੀਮ ਵੱਲੋਂ ਨਿਰਧਾਰਿਤ ਕੀਤੀਆਂ ਸੱਤ ਕੈਟੇਗਰੀਆਂ (ਸ਼੍ਰੇਣੀਆਂ) ਬਹੁਤ ਹੀ ਢੁਕਵੀਆਂ ਹਨ ਅਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਸ ਦਾ ਲਾਭ ਮਿਲੇਗਾ।"
Click to Follow Babushahi Facebook page →