ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਭਾਜਪਾ ਨੂੰ ਸਿਆਸੀ ਸ਼ੀਸ਼ਾ ਦਿਖਾਇਆ
ਅਕਾਲੀ ਦਲ ਤੋਂ ਬਿਨ੍ਹਾਂ ਭਾਜਪਾ ਪੰਜ ਸੀਟਾਂ ਵੀ ਜਿੱਤ ਨਹੀ ਸਕਦੀ-ਮਲੂਕਾ
ਅਸ਼ੋਕ ਵਰਮਾ
ਭਗਤਾ ਭਾਈ, 9 ਅਪ੍ਰੈਲ 2026 : ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਭਾਜਪਾ ਨੂੰ ਸਿਆਸੀ ਸ਼ੀਸ਼ਾ ਦਿਖਾਉਂਦਿਆਂ ਸਪਸ਼ਟ ਆਖਿਆ ਹੈ ਕਿ ਭਗਵਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਪ ਪੰਜ ਹਲਕਿਆਂ ਵਿੱਚ ਵੀ ਜਿੱਤ ਨਹੀਂ ਪ੍ਰਾਪਤ ਕਰ ਸਕਦੀ ਹੈ। ਵਰਕਰਾਂ ਦੀ ਇੱਕ ਵੱਡੀ ਮੀਟਿੰਗ ਦੌਰਾਨ ਮਲੂਕਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾ ਕਾਂਗਰਸ ਅਤੇ ਹੁਣ ਆਪ ਦੀ ਸਰਕਾਰ ਵੇਖ ਕੇ ਸਮਝ ਲਿਆ ਹੈ ਕਿ ਪੰਜਾਬ ਦਾ ਭਲਾ ਸਿਰਫ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਸ੍ਰੋਮਣੀ ਅਕਾਲੀ ਦਲ ਤੋਂ ਬਿਨ੍ਹਾਂ ਭਾਜਪਾ ਪੰਜਾਬ ਵਿਚੋਂ ਪੰਜ ਸੀਟਾਂ ਵੀ ਜਿੱਤ ਨਹੀ ਸਕਦੀ, ਜਦ ਕਿ ਸ੍ਰੋਮਣੀ ਅਕਾਲੀ ਦਲ ਆਪਣੇ ਦਮ ਤੇ ਸੂਬੇ ਵਿਚ ਸਰਕਾਰ ਬਣਾਉਣ ਲਈ ਅੱਗੇ ਵੱਧ ਰਿਹਾ ਹੈ। ਸਾਬਕਾ ਮੰਤਰੀ ਨੇ ਗੁਰਦੁਆਰਾ ਸ੍ਰੀ ਤਾਰੂਆਣਾ ਸਾਹਿਬ, ਮਲੂਕਾ ਵਿਖੇ ਅਕਾਲੀ ਦਲ ਵਲੋਂ ਸ਼ੁਕਰਾਨੇ ਵਜੋਂ ਕਰਵਾਏ ਗਏ ਧਾਰਮਿਕ ਸਮਾਗਮ ਉਪਰੰਤ ਸਮਰਥਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਪਣਾ ਸਿਆਸੀ ਦਮ ਖਮ ਦਿਖਾਇਆ।
ਬਲਾਕ ਸੰਮਤੀ ਫੂਲ ਦੀ ਚੋਣ ਦੌਰਾਨ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਜਾਣ ਦੀ ਖੁਸ਼ੀ ਵਿਚ ਕਰਵਾਏ ਸਮਾਗਮ ਵਿਚ ਹਲਕੇ ਭਰ ਚੋਂ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਨਵੇਂ ਚੁਣੇ ਮਨਦੀਪ ਕੌਰ ਮਹਿਰਾਜ ਚੇਅਰਮੈਨ, ਕਿਰਨਜੀਤ ਕੌਰ ਰਾਈਆ ਵਾਈਸ ਚੇਅਰਮਨ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਡੱਟ ਕੇ ਖੜੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਮਲੂਕਾ ਨੇ ਕਿਹਾ ਕਿ ਸਭ ਸੂਬਿਆ ਕੋਲੇ ਆਪਣੀਆਂ ਰਾਜਧਾਨੀਆਂ ਹਨ, ਪਰੰਤੂ ਬਦਕਿਸਮਤ ਪੰਜਾਬ ਆਪਣੀ ਰਾਜਧਾਨੀ ਚੰਡੀਗੜ੍ਹ ਨੂੰ ਵੀ ਖੁਲ ਕੇ ਆਪਣਾ ਨਹੀ ਕਹਿ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਦੇਸ਼ ਉਪਰ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਹੀ ਕੀਤਾ ਹੈ। ਪੰਜਾਬ ਵਿਚ ਰਾਜ ਹੁੰਦੇ ਸਮੇਂ ਵੀ ਕਾਂਗਰਸ ਤੋਂ ਪੰਜਾਬ ਦੇ ਹੱਕ ਵਿਚ ਕੋਈ ਵੱਡਾ ਫੈਸਲਾ ਨਹੀ ਲਿਆ ਗਿਆ।
ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਰਾਜ ਦੌਰਾਨ ਪੰਜਾਬ ਨੇ ਕੋਈ ਤਰੱਕੀ ਨਹੀ ਕੀਤੀ ਅਤੇ ਹੁਣ ਆਪ ਦੇ ਚਾਰ ਸਾਲਾ ਵਿਚ ਵੀ ਵਿਕਾਸ ਕਾਰਜ ਕਰਨ ਦੀ ਬਜਾਏ ਲੋਕਾਂ ਨੂੰ ਝੂਠ ਦੇ ਜਾਲ ਵਿਚ ਹੀ ਫਸਾਈ ਰੱਖਿਆ ਹੈ। ਮਲੂਕਾ ਨੇ ਕਿਹਾ ਕਿ ਸੂਬੇ ਅੰਦਰ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਸਾਫ਼ ਹੋ ਚੁੱਕਾ ਹੈ ਕਿ ਲੋਕ ਹੁਣ ਅਕਾਲੀ ਦਲ ਦੇ ਹੱਕ ਵਿਚ ਆ ਚੁੱਕੇ ਹਨ। ਪਿੰਡਾਂ ਅੰਦਰ ਅਕਾਲੀ ਦਲ ਦੇ ਚਰਚੇ ਹੋ ਰਹੇ ਹਨ, ਅਕਾਲੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲੋਕ ਯਾਦ ਕਰ ਰਹੇ ਹਨ। ਇਸੇ ਦੌਰਾਨ ਹਰਿੰਦਰ ਸਿੰਘ ਹਿੰਦਾ ਮਹਿਰਾਜ ਹਲਕਾ ਇੰਚਾਰਜ, ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਗਗਨਦੀਪ ਸਿੰਘ ਗਰੇਵਾਲ, ਜਗਮੋਹਣ ਲਾਲ ਭਗਤਾ, ਬਲੌਰ ਸਿੰਘ ਕਾਂਗੜ, ਸੁਖਪਾਲ ਸਿੰਘ ਖਾਲਸਾ ਨੇ ਸੰਬੋਧਨ ਕਰਦੇ ਹੋਏ ਭਵਿੱਖ ਵਿਚ ਅਕਾਲੀ ਦਲ ਨੂੰ ਮਜਬੂਤ ਕਰਨ ਸਬੰਧੀ ਸੁਝਾਅ ਦਿੱਤੇ। ਇਸ ਮੌਕੇ ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ ਅਤੇ ਮਨਜੀਤ ਸਿੰਘ ਧੁੰਨਾ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਹਾਜ਼ਰ ਸਨ।
Click to Follow Babushahi Facebook page →