ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ “ਨੌਰਥ ਈਸਟ ਕਲਚਰਲ ਫੈਸਟ” ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 9 ਅਪ੍ਰੈਲ 2026: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵਿੱਚ ਪੜ੍ਹ ਰਹੇ ਉੱਤਰ-ਪੂਰਬੀ ਭਾਰਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਦੀ ਸਰਪ੍ਰਸਤੀ ਹੇਠ “ਨੌਰਥਈਸਟ ਕਲਚਰਲ ਫੈਸਟ” ਕਰਵਾਇਆ ਗਿਆ।ਇਸ ਕਲਚਰਲ ਫੈਸਟ ਦਾ ਮਕਸਦ ਉੱਤਰ-ਪੂਰਬੀ ਭਾਰਤ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚਕਾਰ ਸੱਭਿਆਚਾਰਕ ਜਾਣ-ਪਛਾਣ ਅਤੇ ਸਮਝ ਨੂੰ ਮਜ਼ਬੂਤ ਕਰਨਾ ਸੀ। ਇਸ ਦੌਰਾਨ ਖੇਤਰ ਦੀ ਵਿਲੱਖਣ ਸੱਭਿਆਚਾਰਕ ਪਰੰਪਰਾਵਾਂ ਨੂੰ ਲੋਕ ਨਾਚ, ਲੋਕ ਗੀਤਾਂ ਅਤੇ ਵੱਖ-ਵੱਖ ਸੱਭਿਆਚਾਰਕ ਪ੍ਰਸਤੁਤੀਆਂ ਰਾਹੀਂ ਦਰਸਾਇਆ ਗਿਆ। ਇਸ ਸਮਾਗਮ ਨੇ ਯੂਨੀਵਰਸਿਟੀ ਦੀ ਸਮਾਵੇਸ਼ੀ ਸੋਚ, ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ।
ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ, ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ, ਵਿਸ਼ੇਸ਼ ਮਹਿਮਾਨ ਗੁਰਪ੍ਰੇਮ ਸਿੰਘ ਲਹਿਰੀ (ਬਿਊਰੋ ਚੀਫ, ਦੈਨਿਕ ਜਾਗਰਣ ਬਠਿੰਡਾ), ਰਜਿਸਟਰਾਰ ਡਾ. ਵਿਜੈ ਸ਼ਰਮਾ, ਫਾਇਨੈਂਸ ਅਫਸਰ ਡਾ. ਰਾਜ ਕੁਮਾਰ ਸ਼ਰਮਾ, ਡੀਨ ਸਟੂਡੈਂਟਸ ਵੈਲਫੇਅਰ ਪ੍ਰੋ. ਸੰਜੀਵ ਠਾਕੁਰ ਸਮੇਤ ਪ੍ਰੋ. ਦੀਪਕ ਚੌਹਾਨ, ਪ੍ਰੋ. ਸੰਤੋਸ਼ ਮਹਾਪਾਤ੍ਰਾ, ਪ੍ਰੋ. ਰਾਜਨ ਭੰਡਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।ਆਪਣੇ ਸੰਬੋਧਨ ਵਿੱਚ ਵਾਈਸ-ਚਾਂਸਲਰ ਪ੍ਰੋ. ਤਿਵਾੜੀ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਨੇ ਵ ਇਸ ਪਹਿਲ ਦੀ ਸਰਾਹਨਾ ਕਰਦਿਆਂ ਉੱਤਰ-ਪੂਰਬ ਨੂੰ ਟੂਰਿਜ਼ਮ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਕੇਂਦਰ ਦੱਸਿਆ। ਇਸ ਦੌਰਾਨ ਸ਼੍ਰੀ ਗੁਰਪ੍ਰੇਮ ਸਿੰਘ ਲਹਿਰੀ ਨੇ ਉੱਤਰ-ਪੂਰਬ ਦੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਖਾਸ ਤੌਰ ‘ਤੇ ਨਾਗਾਲੈਂਡ ਦੀ ਆਪਣੀ ਯਾਤਰਾ ਦਾ ਜ਼ਿਕਰ ਕੀਤਾ ਅਤੇ ਆਪਣੇ ਅਨੁਭਵਾਂ ‘ਤੇ ਆਧਾਰਿਤ ਇੱਕ ਕਿਤਾਬ ਵਾਈਸ-ਚਾਂਸਲਰ ਨੂੰ ਭੇਟ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਕੁਲਗੀਤ ਨਾਲ ਹੋਈ। ਇਸ ਵਿੱਚ ਅਸਮੀ ਬਿਹੂ ਨਾਚ, ਬੋਡੋ ਨਾਚ, ਮਣਿਪੁਰੀ ਨਾਚ, ਅਰੁਣਾਚਲੀ ਨਾਚ, ਗਾਰੋ ਲੋਕ ਗੀਤ, ਨਾਗਾਲੈਂਡ ਦੀ ਅੰਗਾਮੀ ਜਾਤੀ ਦੀ ਲੋਕ ਕਥਾ ਅਤੇ ਸਾਰੇ ਉੱਤਰ-ਪੂਰਬੀ ਰਾਜਾਂ ਦੀ ਪਰੰਪਰਾਗਤ ਪਹਿਰਾਵੇ ਦੀ ਪ੍ਰਦਰਸ਼ਨੀ ਪੇਸ਼ ਕੀਤੀ ਗਈ। ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ, ਜਿਸ ਨਾਲ ਦਰਸ਼ਕਾਂ ਵਿੱਚ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਹੋਰ ਗਹਿਰੀ ਸਮਝ ਪੈਦਾ ਹੋਈ।
Click to Follow Babushahi Facebook page →