ਬੇਅਦਬੀਆਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਕਾਨੂੰਨ ਦੇ ਖਰੜੇ ਨੂੰ ਅੰਤਿਮ ਛੋਹਾਂ ਦੇਣ ਚ ਸਰਕਾਰ ਜੁੱਟੀ: ਧਾਲੀਵਾਲ
ਅਜੇ ਵੀ ਸ਼੍ਰੋਮਣੀ ਕਮੇਟੀ ਬੇਅਦਬੀ ਦੋਸ਼ੀਆਂ ਨੂੰ ਸਜ਼ਾਵਾਂ ਲਈ ਸਰਕਾਰ ਨੂੰ ਸੁਝਾਅ ਦੇ ਸਕਦੀ;
ਧਾਲੀਵਾਲ
ਸੰਤ ਮਹਾਂਪੁਰਖ 13 ਅਪ੍ਰੈਲ ਨੂੰ ਕਾਨੂੰਨ ਘੜ੍ਹਣ ਦੇ ਅੱਖੀਂ ਗਵਾਹ ਬਣਨ ਲਈ ਵਿਧਾਨ ਸਭਾ ਦਰਸ਼ਕ ਗੈਲਰੀ ਚ ਬਿਰਾਜਮਾਨ ਹੋਣ; ਧਾਲੀਵਾਲ
ਧਾਲੀਵਾਲ ਨੇ ਦਰਜਨ ਪਿੰਡਾਂ ਚ ਮੀਟਿੰਗਾਂ ਚ ਹਾਜ਼ਰੀਨ ਨਾਲ ਕੀਤੀ ਸਿੱਧੀ ਗੱਲ਼ਬਾਤ ਤੇ ਕੀਤਾ ਸੰਬੋਧਨ
ਅੰਮ੍ਰਿਤਸਰ/ ਅਜਨਾਲਾ,9 ਅਪ੍ਰੈਲ ( ) -
ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬੇਅਦਬੀਆਂ ਵਿਰੁੱਧ ਸਖ਼ਤ ਕਾਨੂੰਨ ਘੜ੍ਹਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ 13 ਅਪ੍ਰੈਲ ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ 'ਤੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚ ਬੇਅਦਬੀਆਂ ਵਿਰੁੱਧ ਸਖ਼ਤ ਕਾਨੂੰਨ ਘੜ੍ਹਣ ਤੇ ਪਹਿਲੇ ਬਣੇ ਕਾਨੂੰਨ ਚ ਸੋਧਾਂ ਦਰਜ ਕਰਨ ਲਈ ਪੇਸ਼ ਕੀਤੇ ਜਾਣ ਵਾਲੇ ਖਰੜੇ ਨੂੰ ਆਲਾ ਕਾਨੂੰਨੀ ਮਾਹਿਰਾਂ ਦੀ ਰਾਏ ਨਾਲ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਪ੍ਰਸਤਾਵਿਤ ਘੜ੍ਹੇ ਜਾ ਰਹੇ ਕਾਨੂੰਨ ਦੇ ਖਰੜੇ ਚ ਬੇਅਦਬੀ ਦੋਸ਼ੀਆਂ ਵਲੋਂ ਡਿਜ਼ੀਟਲ ਤਕਨੀਕ ਦੀ ਵਰਤੋਂ , ਦੋਸ਼ੀਆਂ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਚ ਸਖ਼ਤ ਸਜ਼ਾਵਾਂ ਦੇਣ, ਚੱਲ - ਅੱਚਲ ਜਾਇਦਾਦਾਂ ਜ਼ਬਤ ਕਰਨ ਤੇ ਭਾਰੀ ਜੁਰਮਾਨੇ ਆਦਿ ਕਾਨੂੰਨੀ ਮਦਾਂ ਦੀ ਵਿਵਸਥਾ ਕਰਨ ਦੀ ਸੰਭਾਵਨਾ ਹੈ।
ਸ. ਧਾਲੀਵਾਲ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਪਣੇ ਚੋਣ ਹਲਕਾ ਅਜਨਾਲਾ ਦੇ ਪਿੰਡਾਂ ਕਾਮਲਪੁਰਾ, ਚਮਿਆਰੀ, ਹਰੜ ਕਲਾਂ, ਸੁਰੇਪੁਰ - ਇਬਰਾਹੀਮਪੁਰਾ, ਮੋਹਣ ਭੰਡਾਰੀਆ, ਮਧੂ ਛਾਂਗਾ, ਕੋਟ ਮੁਗਲ, ਤਲਵੰਡੀ ਭੰਗਵਾਂ, ਮਤੇਨੰਗਲ ਆਦਿ ਪਿੰਡਾਂ ਚ " ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ" ਮੁਹਿੰਮ ਤਹਿਤ ਕਾਰਵਾਈਆਂ ਪ੍ਰਭਾਵਸ਼ਾਲੀ ਜਨਤਕ ਸੰਵਾਦ ਮੀਟਿੰਗਾਂ ਚ ਸਿੱਧੀ ਗੱਲਬਾਤ ਦੌਰਾਨ ਕੁੱਝ ਹਾਜ਼ਰੀਨ ਵਲੋਂ ਪੁੱਛੇ ਬੇਅਦਬੀ ਪ੍ਰਸਤਾਵਿਤ ਕਾਨੂੰਨ ਸਬੰਧੀ ਸਵਾਲਾਂ ਦੇ ਜੁਆਬ ਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਨੂੰਨ: 2008 ਚ ਸੋਧ ਕਰਕੇ ਦੋਸ਼ੀਆਂ ਨੂੰ ਮਿਸਾਲੀ ਕਾਨੂੰਨ ਸਜ਼ਾਵਾਂ ਦੀ ਵਿਵਸਥਾ ਕਰਨ ਹਿੱਤ ਸੁਝਾਅ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਮਾਨ ਹੁਰਾਂ ਨੇ ਓਚੇਚੀ ਦਿਲਚਸਪੀ ਲੈਂਦਿਆ ਸੰਤ ਸਮਾਜ, ਟਕਸਾਲੀ ਨਿਹੰਗ ਜਥੇਬੰਦੀਆਂ, ਕਾਰ ਸੇਵਾ ਵਾਲੇ ਬਾਬਿਆਂ,ਸੰਤਾਂ ਮਹਾਂ ਪੁਰਖਾਂ, ਸੰਪਰਦਾਵਾਂ , ਰਾਗੀ ਜਥਿਆਂ , ਕਥਾਵਾਚਕਾਂ ਆਦਿ ਵਿਦਵਾਨਾਂ ਨਾਲ ਖੁਦ ਸੰਵਾਦ ਰਚਾਏ ਅਤੇ ਸਖਤ ਸਜ਼ਾਵਾਂ ਲਈ ਬਣਨ ਵਾਲੇ ਕਾਨੂੰਨ ਦੇ ਅੱਖੀਂ ਗਵਾਹ ਬਣਨ ਲਈ 13 ਅਪ੍ਰੈਲ ਨੂੰ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਦਰਸ਼ਕ ਗੈਲਰੀ ਚ ਬਿਰਾਜਮਾਨ ਹੋਣ ਦਾ ਸਨਿਮਰ ਸੱਦਾ ਦਿੱਤਾ, ਜਦੋਂ ਕਿ ਸਖ਼ਤ ਸਜ਼ਾਵਾਂ ਲਈ ਨਵੇਂ ਕਾਨੂੰਨ ਦੀ ਮੰਗ ਨੂੰ ਲੈ ਕਿ ਸਮਾਣਾ ਵਿਖੇ ਸਮਰਥਕਾਂ ਨਾਲ ਅਣਮਿੱਥੇ ਸਮੇਂ ਲਈ ਧਰਨੇ ' ਤੇ ਬੈਠੇ ਸ. ਗੁਰਜੀਤ ਸਿੰਘ ਖਾਲਸਾ ਕੋਲ ਓਚੇਚੀ ਪਹੁੰਚ ਬਣਾ ਕੇ ਅਤੇ ਸੁਝਾਓ ਹਾਸਲ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਮੀਟਿੰਗ ਕੀਤੀ ਗਈ। ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਵਾਲੀ ਸਿਲੈਕਟ ਕਮੇਟੀ ਕੋਲ ਸ਼ਰਧਾਲੂ ਸੰਸਥਾਵਾਂ ਰਾਹੀਂ ਸਿੱਧੇ ਤੇ ਵਿਧਾਇਕਾਂ ਰਾਹੀਂ ਕਾਨੂੰਨ ਦੀ ਸੋਧ ਲਈ ਅਨੇਕਾਂ ਸੁਝਾਓ ਪੁੱਜੇ ਹਨ। ਸਮੂਹ ਸੁਝਾਅ ਦਾ ਮੰਥਨ ਕਰਕੇ ਆਲਾ ਕਾਨੂੰਨ ਘਾੜੇ ਖਰੜੇ ਨੂੰ ਅੰਤਿਮ ਛੋਹਾਂ ਦੇਣ ਲਈ ਪ੍ਰਪੱਕਤਾ ਨਾਲ ਆਪਣੀ ਜ਼ਿੰਮੇਵਾਰੀਆਂ ਚ ਡੱਟੇ ਹੋਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਨਿਜ਼ਾਮ ਵਲੋਂ ਪ੍ਰਸਤਾਵਿਤ ਕਾਨੂੰਨ ਖਰੜੇ ਲਈ ਕੀਤੀ ਗਈ ਮੰਗ ਅਤੇ ਕਨੂੰਨ ਘੜ੍ਹਣ ਲਈ ਸਿੱਧੀ ਗੱਲਬਾਤ ਦਾ ਸੱਦਾ ਨਾ ਦਿੱਤੇ ਜਾਣ ਦੇ ਮੁੱਦੇ 'ਤੇ ਟਿੱਪਣੀ ਕਰਦਿਆਂ ਮੁੱਖ ਬੁਲਾਰੇ ਸ. ਧਾਲੀਵਾਲ ਨੇ ਕਿਹਾ ਕਿ ਡਾ. ਨਿੱਜਰ ਦੀ ਅਗਵਾਈ ਵਾਲੀ ਸੀਲੈਕਟ ਕਮੇਟੀ ਸੁਝਾਅ ਹਾਸਲ ਕਰਨ ਲਈ ਕਰੀਬ ਪਿਛਲੇ 8 - 9 ਮਹੀਨਿਆਂ ਤੋਂ ਸਰਗਰਮ ਤੌਰ 'ਤੇ ਕਾਰਜਸ਼ੀਲ ਰਹੀ ਅਤੇ ਕੋਈ ਵੀ ਧਾਰਮਿਕ, ਸਮਾਜਿਕ, ਰਾਜਸੀ ਸੰਸਥਾ ਜਾਂ ਇਹਨਾਂ ਸੰਸਥਾਵਾਂ ਦੇ ਪ੍ਰਤੀਨਿਧ ਬੇਅਦਬੀ ਵਿਰੁੱਧ ਕਾਨੂੰਨ ਸੋਧ ਲਈ ਸਵਤੰਤਰਤਾ ਨਾਲ ਮਿਲ ਕੇ ਸੁਝਾਅ ਦੇਣ ਦੇ ਸਮਰੱਥ ਸਨ। ਜੇਕਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਨਿਜ਼ਾਮ ਕੋਲ ਕਾਨੂੰਨ ਸੋਧਾਂ ਲਈ ਸੁਝਾਅ ਹਨ ਤਾਂ ਪੰਜਾਬ ਸਰਕਾਰ ਕੋਲ ਪਹੁੰਚਾਉਣ ਚ ਅਜੇ ਵੀ ਦੇਰੀ ਨਾ ਕੀਤੀ ਜਾਵੇ ਤਾਂ ਜੋ ਕਾਨੂੰਨੀ ਘਾੜੇ ਸ਼੍ਰੋਮਣੀ ਕਮੇਟੀ ਦੇ ਪੁੱਜੇ ਸੁਝਾਓ ਦਾ ਸਮੇਂ ਸਿਰ ਮੰਥਨ ਕਰ ਸਕਣ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਅਮਨਦੀਪ ਕੌਰ ਧਾਲੀਵਾਲ,ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਗੁਰਜੰਟ ਸਿੰਘ ਸੋਹੀ, ਪੀ ਏ ਮੁਖਤਾਰ ਸਿੰਘ ਬਲੜਵਾਲ, ਬਲਾਕ ਪ੍ਰਧਾਨ ਹਰਜੀਤ ਸਿੰਘ, ਮਨਪ੍ਰੀਤ ਸਿੰਘ,ਸ਼ੇਰ ਸਿੰਘ, ਬਲਰਾਜ ਸਿੰਘ, ਰਾਜਵਿੰਦਰ ਸਿੰਘ, ਇਕਬਾਲ ਸਿੰਘ ਆਦਿ ਪ੍ਰਮੁੱਖ ਆਗੂਆਂ ਸਮੇਤ ਪੰਚ ਸਰਪੰਚ, ਮੋਹਤਬਰ, ਵਲੰਟੀਅਰਜ਼ ਵੱਡੀ ਗਿਣਤੀ ਚ ਮੌਜੂਦ ਸਨ।
Click to Follow Babushahi Facebook page →