DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ਵਿੱਚ ਕਾਂਗਰਸ ਨੇ ਸੀਬੀਆਈ ਜਾਂਚ ਲਈ ਕੱਢਿਆ ਮੋਮਬੱਤੀ ਮਾਰਚ
ਅਸ਼ੋਕ ਵਰਮਾ
ਬਠਿੰਡਾ, 23 ਮਾਰਚ 2026: ਵੇਅਰ ਹਾਊਸ ਦੇ ਡੀਐਮ ਡਾਕਟਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਤੇ ਇਨਸਾਫ ਲਈ ਅੱਜ ਬਠਿੰਡਾ ਵਿਚ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਕੈਂਡਲ ਮਾਰਚ ਕੱਢਿਆ ਅਤੇ ਮਾਮਲੇ ਦੀ ਸੀਬੀਆਈ ਜਾਂਚ ਪਾਉਣ ਦੀ ਮੰਗ ਕੀਤੀ। ਫਾਇਰ ਬਿਗੇਡ ਚੌਂਕ ਤੋਂ ਲੈ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਇਹ ਕੈਂਡਲ ਮਾਰਚ ਕੱਢ ਕੇ ਜਿੱਥੇ ਡਾਕਟਰ ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ 'ਤੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ , ਉਹਨਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀਏ ਦਿਲਬਾਗ ਸਿੰਘ ਨੂੰ ਬਚਾਉਣ ਦੇ ਇਲਜ਼ਾਮ ਵੀ ਲਾਏ।
ਰਾਜਨ ਗਰਗ ਨੇ ਦੋਸ਼ ਲਾਏ ਕਿ ਇਮਾਨਦਾਰੀ ਦਾ ਢੋਲ ਵਜਾਉਣ ਵਾਲੀ ਪੰਜਾਬ ਸਰਕਾਰ ਦੇ ਮੰਤਰੀ ਵੱਲੋਂ ਕੀਤੇ ਗਏ ਕਥਿਤ ਭਰਿਸ਼ਟਾਚਾਰ ਕਾਰਨ ਡੀਐਮ ਗਗਨਦੀਪ ਸਿੰਘ ਰੰਧਾਵਾ ਨੂੰ ਜਾਣ ਗਵਾਉਣੀ ਪਈ ਹੈ।
ਉਨ੍ਹਾਂ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਪਿਤਾ ਦੇ ਨਾਮ ਹੇਠ ਟੈਂਡਰ ਅਲਾਟ ਕਰਨ ਲਈ ਦਬਾਅ ਪਾ ਰਹੇ ਸਨ। ਉਹਨਾਂ ਕਿਹਾ ਕਿ ਡੀਐਮ ਰੰਧਾਵਾ ਦੀ ਕੁੱਟਮਾਰ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ ਜਿਸ ਦੇ ਸਿੱਟੇ ਵਜੋਂ ਉਸਨੂੰ ਖੁਦਕੁਸ਼ੀ ਕਰਨੀ ਪਈ। ਉਨ੍ਹਾਂ ਕਿਹਾ ਕਿ ਲਗਾਤਾਰ 24 ਘੰਟੇ ਤੱਕ ਪੁਲਿਸ ਕੇਸ ਦਰਜ ਨਹੀਂ ਕੀਤਾ ਗਿਆ ਜੋ ਸਿਰਫ ਵਿਰੋਧੀ ਪਾਰਟੀਆਂ ਵੱਲੋਂ ਪਾਏ ਦਬਾਅ ਤਹਿਤ ਹੀ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀ ਗਲਤ ਕੰਮ ਕਰਾਉਣ ਲਈ ਅਫਸਰ ਸ਼ਾਹੀ ਤੇ ਦਬਾਅ ਪਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਗਗਨਦੀਪ ਸਿੰਘ ਰੰਧਾਵਾ ਦੇ ਨਿਆਂ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਰ ਸੰਘਰਸ਼ ਵਿੱਚ ਸਾਥ ਦੇਵੇਗੀ।ਇਸ ਮੌਕੇ ਉਹਨਾਂ ਮੰਗ ਕੀਤੀ ਕਿ ਪੁਲਿਸ ਵੱਲੋਂ ਭਾਵੇਂ ਸਾਬਕਾ ਮੰਤਰੀ ਭੁੱਲਰ ਅਤੇ ਪੀਏ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਹਨਾਂ ਨੂੰ ਰਜਵਾੜਾ ਸ਼ਾਹੀ ਸਹੂਲਤਾਂ ਮੁਹਈਆ ਨਾ ਕਰਵਾਈਆਂ ਜਾਣ ਅਤੇ ਆਮ ਕੈਦੀਆਂ ਵਾਂਗ ਰੱਖਿਆ ਜਾਵੇ ਇਸ ਦੇ ਨਾਲ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਵਿੱਚੋਂ ਵੀ ਉਸਨੂੰ ਖਾਰਜ ਕੀਤਾ ਜਾਵੇ। ਇਸ ਮੌਕੇ ਅਸ਼ੋਕ ਕੁਮਾਰ ,ਅਰੁਣ ਵਧਾਵਣ, ਜਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਹਰਵਿੰਦਰ ਲੱਡੂ ਅਤੇ ਹੋਰ ਆਗੂ ਵੀ ਹਾਜ਼ਰ ਸਨ।।
Click to Follow Babushahi Facebook page →