ਪੰਜਾਬ ਵਿੱਚ ਹਰ 24 ਘੰਟੇ ਦੌਰਾਨ 68 ਮੌਤਾਂ ਕੈਂਸਰ ਨਾਲ ਹੋਣਾ ਚਿੰਤਾਜਨਕ :ਅਜੇਪਾਲ ਸਿੰਘ ਬਰਾੜ
ਪੰਜਾਬ ਨੂੰ ਸਿਹਤਯਾਬ ਬਣਾਉਣ ਲਈ ਸਭਨਾਂ ਨੂੰ ਯੋਗਦਾਨ ਪਾਉਣ ਦੀ ਅਪੀਲ
ਮੌਹਾਲੀ 13 ਮਾਰਚ,2026 ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ, ਪੰਜਾਬ ਵਿੱਚ ਕੈਂਸਰ ਦੇ ਵਧ ਰਹੇ ਮਾਮਲੇ ਅਤੇ ਮੌਤਾਂ ਦੀ ਦਰ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਓਹਨਾਂ ਨੇ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵਲੋ ਜਾਰੀ ਤਾਜ਼ਾ ਅੰਕੜਿਆਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ, ਸਾਲ 2025 ਦੌਰਾਨ ਪੰਜਾਬ ਵਿੱਚ ਹਰ ਰੋਜ਼ ਔਸਤਨ 68 ਲੋਕ ਕੈਂਸਰ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ।
ਓਹਨਾ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ 2025 ਵਿੱਚ ਪੰਜਾਬ ਵਿੱਚ 43,196 ਨਵੇਂ ਕੈਂਸਰ ਕੇਸ ਦਰਜ਼ ਹੋਏ ਅਤੇ ਲਗਭਗ 24,886 ਲੋਕਾਂ ਦੀ ਮੌਤ ਕੈਂਸਰ ਦੀ ਬਿਮਾਰੀ ਕਾਰਨ ਹੋਈ। ਪਿਛਲੇ ਕੁਝ ਸਾਲਾਂ ਦੌਰਾਨ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਦਰਸਾਉਂਦੀ ਹੈ ਕਿ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਓਹਨਾਂ ਕਿਹਾ ਕਿ ਅੱਜ ਜ਼ਿਆਦਾਤਰ ਔਰਤਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ। ਔਰਤ ਵਰਗ ਵਿੱਚ ਛਾਤੀ ਦਾ ਕੈਂਸਰ 'ਸਾਈਲੈਂਟ ਕਿੱਲਰ' ਬਣ ਚੁੱਕਾ ਹੈ। ਸਰਦਾਰ ਬਰਾੜ ਨੇ ਵਿਸ਼ੇਸ਼ ਤੌਰ 'ਤੇ ਔਰਤਾਂ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 56% ਮੌਤਾਂ ਛਾਤੀ ਦੇ ਕੈਂਸਰ (Breast Cancer) ਕਾਰਨ ਹੋ ਰਹੀਆਂ ਹਨ।
ਅਜੇਪਾਲ ਸਿੰਘ ਬਰਾੜ ਨੇ ਪਿਛਲੇ ਕੁਝ ਦਿਨਾਂ ਤੋਂ ਮਹਿਲਾ ਵਰਗ ਉਪਰ ਹੋ ਰਹੀ ਸਿਆਸਤ ਨੂੰ ਮੰਦਭਾਗਾ ਕਰਾਰ ਦਿੰਦੇ ਕਿਹਾ ਕਿ, ਅੱਜ ਜਦੋਂ ਪੰਜਾਬ ਵਿੱਚ ਹਰ ਉਮਰ ਦੀ ਔਰਤ ਛਾਤੀ ਦੇ ਕੈਂਸਰ ਤੋਂ ਪੀੜਤ ਹੈ ਤਾਂ ਮੁੱਖ ਮੰਤਰੀ ਸਮੇਤ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਨੇ ਵਿਧਾਨ ਸਭਾ ਸੈਸ਼ਨ ਵਿੱਚ ਇਸ ਤੇ ਚਿੰਤਾਂ ਜ਼ਾਹਿਰ ਕਰਨ ਦੀ ਬਜਾਏ ਔਰਤਾਂ ਵਰਗ ਨੂੰ ਸਿਆਸੀ ਹਥਿਆਰ ਵਜੋਂ ਵਰਤਿਆ। ਓਹਨਾਂ ਪੰਜਾਬ ਸਰਕਾਰ ਤੋਂ ਜਿੱਥੇ ਕੈਂਸਰ ਦੀ ਨਾਮੁਰਾਦ ਬਿਮਾਰੀ ਪ੍ਰਤੀ ਗੰਭੀਰ ਉਪਰਾਲੇ ਦੀ ਮੰਗ ਕੀਤੀ ਉੱਥੇ ਹੀ ਪੰਜਾਬ ਦੇ ਹਰ ਸੁਹਿਰਦ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ , ਪੰਜਾਬ ਨੂੰ ਸਿਹਤਯਾਬ ਬਣਾਉਣ ਲਈ ਆਪੋ ਆਪਣਾ ਯੋਗਦਾਨ ਪਾਉਣ ।
Click to Follow Babushahi Facebook page →