ਸੁਸ਼ਾਂਤ ਸਿਟੀ ਟੂ ਵਿਖੇ ਧੂਮਧਾਮ ਨਾਲ ਸ਼ੁਰੂ ਹੋਇਆ ਚੌਥਾ ਬਠਿੰਡਾ ਫਲਾਵਰ ਫੈਸਟੀਵਲ
ਅਸ਼ੋਕ ਵਰਮਾ
ਬਠਿੰਡਾ, 7 ਮਾਰਚ 2026 : ਬਠਿੰਡਾ- ਮਾਨਸਾ ਮਾਰਗ ’ਤੇ ਸਥਿਤ ਸ਼ੁਸ਼ਾਂਤ ਸਿਟੀ ਟੂ ਰਿਹਾਇਸ਼ੀ ਕਾਲੋਨੀ ਵਿਖੇ ਦੋ ਰੋਜ਼ਾਂ ਚੌਥਾ ਬਠਿੰਡਾ ਫਲਾਵਰ ਫੈਸਟੀਵਲ ਅੱਜ ਧੂਮਧਾਮ ਨਾਲ ਸ਼ੁਰੂ ਹੋਇਆ। ਇਹ ਦੋ ਰੋਜ਼ਾ ਸਲਾਨਾ ਮੇਲਾ ਟ੍ਰੀ ਲਵਰ ਸੁਸਾਇਟੀ ਬਠਿੰਡਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਹ ਮੇਲਾ ਮਿੱਤਲ ਗਰੁੱਪ ਬਠਿੰਡਾ ਦੀ ਰਿਹਾਇਸ਼ੀ ਕਾਲੋਨੀ ਸ਼ੁਸਾਂਤ ਸਿਟੀ ਟੂ ਵਿਖੇ ਸਥਿਤ ਵੱਡੇ ਪਾਰਕ ਵਿਖੇ ਲਗਾਇਆ ਗਿਆ ਹੈ। ਇਸ ਮੇਲੇ ਦੌਰਾਨ ਵੱਡੇ ਪਾਰਕ ਦੇ ਅੰਦਰ 65 ਤੋਂ ਜ਼ਿਆਦਾ ਵੱਖ ਵੱਖ ਫੁੱਲਾਂ ਦੀਆਂ ਕਿਸਮਾਂ ਨੂੰ ਕੁਦਰਤੀ ਤੌਰ ’ਤੇ ਉਗਾਇਆ ਗਿਆ ਹੈ। ਇਸ ਤੋਂ ਇਲਾਵਾ ਫੁੱਲਾਂ, ਪੰਛੀਆਂ ਅਤੇ ਹੋਰ ਕੁਦਰਤੀ ਜੀਵ ਜੰਤੂਆਂ ਨਾਲ ਸਬੰਧਤ ਵਿਸ਼ੇਸ਼ ਪਾਰਕ ਵੀ ਤਿਆਰ ਕੀਤੇ ਗਏ ਹਨ। ਸੱਤ ਮਾਰਚ ਨੂੰ ਸਵੇਰੇ ਚੌਥੇ ਬਠਿੰਡਾ ਫਲਾਵਰ ਫੈਸਟੀਵਲ ’ਚ ਮੁੱਖ ਮਹਿਮਾਨ ਵਜੋਂ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਸਮਸ਼ੇਰ ਸਿੰਘ ਵਿਰਕ ਜੀਓਸੀ 10 ਸੀਓਆਰਪੀਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਮੇਲੇ ’ਚ ਮਿੱਤਲ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵਿਸ਼ੇਸ਼ ਮਹਿਮਾਨ ਵਿਖੇ ਆਪਣੇ ਪਰਿਵਾਰ ਸਮੇਤ ਪਹੁੰਚੇ।
ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਜਿਥੇ ਆਏ ਹੋਏ ਮਹਿਮਾਨਾਂ ਵੱਲੋਂ ਇਸ ਮੌਕੇ ਵੱਖ ਵੱਖ ਤਰ੍ਹਾਂ ਦੀਆਂ ਲਗਾਈਆਂ ਗਈਆਂ ਸਟਾਲਾਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਪੰਜਾਬ ਦੇ ਰਿਵਾਇਤੀ ਰੁੱਖਾਂ ਨਾਲ ਸਬੰਧਤ ਟ੍ਰੀ ਮਿਊਜ਼ੀਅਮ, ਜੀਵ ਜੰਤੂਆਂ ਅਤੇ ਪੰਛੀਆਂ ਨਾਲ ਸਬੰਧਤ ਬਰਡ ਮਿਊਜ਼ੀਅਮ ਤੋਂ ਇਲਾਵਾ ਬਟਰ-ਫਲਾਈ ਗਾਰਡਨ ਅਤੇ ਬੋਨਸਾਈ ਗਾਰਡਨ ਨੂੰ ਦੇਖਿਆ ਗਿਆ। ਇਸ ਮੌਕੇ ਸਟੇਜ ’ਤੇ ਬੋਲਦਿਆ ਲੈਫਟੀਨੈਂਟ ਜਨਰਲ ਐੱਸਐੱਸ ਵਿਰਕ ਨੇ ਇਸ ਦੋ ਰੋਜ਼ਾ ਫੁੱਲਾਂ ਦੇ ਕਰਵਾਏ ਗਏ ਮੇਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਇਨਸਾਨ ਨੂੰ ਕੁਦਰਤ ਦੇ ਹੋਰ ਨੇੜੇ ਕਰਦੇ ਹਨ। ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਨੇ ਦੱਸਿਆ ਕਿ ਇਹ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਸ਼ੁਸਾਂਤ ਸਿਟੀ ਕਾਲੋਨੀ ਦੇ ਇਸ ਵੱਡੇ ਪਾਰਕ ਵਿਖੇ ਕੁਦਰਤ ਦੇ ਐਨੇ ਨਜ਼ਾਰੇ ਖਿੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਹਰ ਸਮੇਂ ਰਿਹਾਇਸੀ ਇਲਾਕਿਆਂ ਨੂੰ ਹਰਾਂ ਭਰਾ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਰਹਿੰਦੇ ਹਨ ਅਤੇ ਇਹ ਫਲਾਵਰ ਮੇਲਾ ਵੀ ਇਸ ਮੁਹਿੰਮ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਟੀ੍ਰ ਲਵਰ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੇਲੇ ਦੌਰਾਨ ਖੇਤੀ ਵਿਰਾਸ਼ਤ ਮਿਸ਼ਨ ਤੋਂ ਉਮੇਂਦਰ ਦੱਤ, ਫਲਾਵਰ ਮੈਨ ਆਫ਼ ਇੰਡੀਆਂ ਵਜੋਂ ਜਾਣੇ ਜਾਂਦੇ ਡਾ. ਰਾਮ ਜੀ ਜੈਮੱਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟ੍ਰੀ ਲਵਰ ਸੁਸਾਇਟੀ ਦੇ ਪ੍ਰਧਾਨ ਸ਼ਲੀਲ ਬਾਂਸਲ ਅਤੇ ਸਕੱਤਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਮੇਲੇ ’ਚ ਪਾਰਕ ਅੰਦਰ ਲਗਾਏ ਗਏ ਦਰਜ਼ਨਾਂ ਕਿਸਮਾਂ ਦੇ ਕੁਦਰਤੀ ਫੁੱਲਾਂ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਵੱਲੋਂ ਆਪਣੇ ਤੌਰ ’ਤੇ ਤਿਆਰ ਕੀਤੇ ਗਏ ਗਮਲੇ ਵੀ ਲਿਆਂਦੇ ਗਏ ਹਨ। ਇਸ ਤੋਂ ਇਲਾਵਾ ਮੇਲੇ ’ਚ ਵੱਖ ਵੱਖ ਗਰੁੱਪਾਂ ਵੱਲੋਂ ਆਪਣੀਆਂ ਸਟਾਲਾਂ ਵੀ ਲਗਾਈਆਂ ਗਈਆਂ ਹਨ ਜਿਹੜੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹਨ। ਇਸ ਮੌਕੇ ਸ਼ਹਿਰ ਨਾਲ ਸਬੰਧਤ ਵੱਖ ਵੱਖ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦੇ ਗਿੱਧੇ ਭੰਗੜੇ ਅਤੇ ਹੋਰ ਡਾਂਸ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਆਏ ਹੋਏ ਮਹਿਮਾਨਾਂ ਨੇ ਸਨਮਾਨਿਤ ਵੀ ਕੀਤਾ।
Click to Follow Babushahi Facebook page →