ਲੁਧਿਆਣਾ ਵਿੱਚ ਵੱਡੀ ਸਾਈਬਰ ਠੱਗੀ: ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਕਾਰੋਬਾਰੀ ਤੋਂ 7 ਕਰੋੜ ਰੁਪਏ ਹੜੱਪਣ ਵਾਲਾ ਗ੍ਰਿਫ਼ਤਾਰ
? ਪੁਲਿਸ ਨੇ ਯੂ.ਪੀ. ਦੇ ਰਹਿਣ ਵਾਲੇ ਅਰਪਿਤ ਰਾਠੌੜ ਨੂੰ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ
ਸੁਖਮਿੰਦਰ ਭੰਗੂ
ਲੁਧਿਆਣਾ, 13 ਫਰਵਰੀ 2026
ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਇੱਕ ਪ੍ਰਸਿੱਧ ਕਾਰੋਬਾਰੀ ਨਾਲ ਹੋਈ ਕਰੋੜਾਂ ਰੁਪਏ ਦੀ 'ਡਿਜੀਟਲ ਅਰੈਸਟ' ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਸ਼੍ਰੀ ਸਵੱਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ, ਸਾਈਬਰ ਕ੍ਰਾਈਮ ਥਾਣੇ ਦੀ ਟੀਮ ਨੇ ਇਸ ਵਾਰਦਾਤ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੀ ਸੀ ਮਾਮਲਾ?
ਦੋਸ਼ੀਆਂ ਨੇ ਇੱਕ ਸਾਜ਼ਿਸ਼ ਤਹਿਤ ਕਾਰੋਬਾਰੀ ਨੂੰ 'ਡਿਜੀਟਲ ਅਰੈਸਟ' ਕਰਨ ਦਾ ਡਰ ਦਿਖਾਇਆ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਕਰੀਬ 7 ਕਰੋੜ ਰੁਪਏ ਦੀ ਵੱਡੀ ਰਕਮ ਠੱਗ ਲਈ ਸੀ।
ਪੁਲਿਸ ਨੇ ਕਾਰਵਾਈਕਰਦਿਆਂ ਦੋਸ਼ੀ ਅਰਪਿਤ ਰਾਠੌੜ, ਵਾਸੀ ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਪਹਿਲਾਂ ਹੀ ਕਿਸੇ ਹੋਰ ਮਾਮਲੇ ਵਿੱਚ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਸੀ, ਜਿਸ ਨੂੰ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਹੈ । ਅਦਾਲਤ ਵੱਲੋਂ ਦੋਸ਼ੀ ਦਾ 15 ਫਰਵਰੀ 2026 ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਜਿਸ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਵੱਲੋਂ ਵੀਡੀਓ ਕਾਲ ਜਾਂ ਮੈਸੇਜ ਰਾਹੀਂ 'ਡਿਜੀਟਲ ਅਰੈਸਟ' ਦੀ ਧਮਕੀ ਤੋਂ ਡਰੋ ਨਾ। ਅਜਿਹੀ ਕਿਸੇ ਵੀ ਸ਼ੱਕੀ ਕਾਲ ਆਉਣ 'ਤੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ 1930 'ਤੇ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਪੁਲਿਸ ਥਾਣੇ ਵਿੱਚ ਸੂਚਨਾ ਦਿਓ।
ਪੁਲਿਸ ਵੱਲੋਂ ਇਸ ਮਾਮਲੇ ਨਾਲ ਜੁੜੇ ਹੋਰ ਸਾਥੀਆਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।