32 ਮਹੀਨਿਆਂ ਦੀ 'ਨਰਕ' ਭਰੀ ਜੇਲ੍ਹ ਕੱਟ ਕੇ ਪਾਕਿਸਤਾਨ ਤੋਂ ਵਾਪਸ ਪਰਤੇ ਦੋ ਪੰਜਾਬੀ ਗੱਭਰੂ
ਪਾਕਿਸਤਾਨੀ ਰੇਂਜਰ ਅਤੇ ਪੁਲਿਸ ਨੇ ਢਾਇਆ ਭਾਰੀ ਤਸ਼ੱਦਦ
ਦੀਪਕ ਜੈਨ
ਜਗਰਾਉਂ-- ਜੁਲਾਈ 2023 ਨੂੰ ਸਤਲੁਜ ਦਰਿਆ ਵਿਚ ਰੁੜਕੇ ਪਾਕਿਸਤਾਨ ਚਲੇ ਗਏ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖੈਹਿਰਾ ਮੁਸਤਰਕਾ ਥਾਣਾ ਮਹਿਤਪੁਰ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਕੀਤੇ ਗਏ ਹੁਕਮਾਂ ਉਪਰੰਤ ਰਿਹਾਅ ਕਰ ਦਿੱਤਾ ਗਿਆ ਹੈ, ਪਰ ਉਹਨਾਂ ਦੇ ਚਿਹਰਿਆਂ ਉਪਰ ਪਾਕਿਸਤਾਨ 'ਚ ਹੋਏ ਤਸ਼ੱਦਦ ਦਾ ਖੌਫ ਅੱਜ ਵੀ ਸਾਫ ਦਿਖਾਈ ਦੇ ਰਿਹਾ ਹੈ। ਪਰਿਵਾਰਿਕ ਮੈਂਬਰਾਂ ਤੇ ਪਿੰਡ ਦੇ ਸਰਪੰਚ ਜਸਵੀਰ ਸਿੰਘ ਜੱਸਾ ਦੀ ਹਾਜ਼ਰੀ ਵਿਚ ਆਪਣੀ ਹੱਡਬੀਤੀ ਦੱਸਦਿਆਂ ਹਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਵਿਚ 32 ਮਹੀਨੇ ਤੱਕ ਨਰਕ ਦਾ ਸਮਾਂ ਬਤੀਤ ਕੀਤਾ ਹੈ। ਉਸ ਨੇ ਦੱਸਿਆ ਕਿ ਪਾਕਿ ਰੇਜ਼ਰਾਂ ਦੁਆਰਾ ਉਹਨਾਂ ਨੂੰ ਕਈ ਵਾਰ ਅਜਿਹੇ ਤਸੀਹੇ ਦਿੱਤੇ ਗਏ ਪ੍ਰਮਾਤਮਾਂ ਅੱਗੇ ਮੌਤ ਦੇ ਦੇਣ ਦੀ ਅਰਦਾਸ ਕਰਨ ਪਈ।
ਹਰਵਿੰਦਰ ਅਨੁਸਾਰ ਪਾਕਿ ਰੇਜ਼ਰਾਂ ਵਲੋਂ ਉਹਨਾਂ ਨੂੰ ਲਗਾਤਾਰ 28 ਦਿਨ ਹਨੇਰੇ ਕਾਲ ਕੋਠੜੀ ਵਿਚ ਰੱਖਿਆ ਗਿਆ ਤੇ ਲਗਾਤਾਰ ਉਹਨਾਂ ਉਪਰ ਭਾਰਤੀ ਜਾਸੂਸ ਹੋਣ ਦਾ ਬਿਆਨ ਦੇਣ ਲਈ ਦਬਾਅ ਬਣਾਇਆ ਗਿਆ। ਉਸ ਨੇ ਦੱਸਿਆ ਕਿ ਇਕ ਵਾਰ ਤਾਂ ਅਸ਼ੀਂ ਪੰਜਾਬ ਆਪਣੇ ਬੱਚਿਆਂ ਕੋਲ ਆਉਣ ਦੀ ਉਮੀਦ ਖਤਮ ਕਰ ਦਿੱਤੀ ਸੀ ਪਰ ਪਰਿਵਾਰ, ਪਿੰਡ ਦੀ ਪੰਚਾਇਤ ਤੇ ਲੁਧਿਆਣਾ ਦੇ ਡਿਪਟੀ ਕਮੀਸ਼ਨਰ ਵਲੋਂ ਕੀਤੇ ਗਏ ਲਗਾਤਾਰ ਯਤਨਾਂ ਸਦਕਾ ਅੱਜ ਉਹ ਆਪਣੇ ਬੱਚਿਆਂ ਵਿਚ ਸਹੀ ਸਲਾਮਤ ਵਾਪਸ ਆਇਆ ਹੈ। ਹਰਵਿੰਦਰ ਨੇ ਦੱਸਿਆ ਕਿ ਇਸ ਸਦਮੇ ਵਿਚ ਹੀ ਉਸ ਦੇ ਪਿਤਾ ਮੁਖਤਿਆਰ ਸਿੰਘ ਦੀ ਮੌਤ ਹੋ ਗਈ ਤੇ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿਚ ਵੀ ਸ਼ਾਮਿਲ ਨਹੀਂ ਹੋ ਸਕਿਆ।
ਉਸ ਨੇ ਦੱਸਿਆ ਕਿ ਜੁਲਾਈ 2023 ਨੂੰ ਸੂਬੇ ਅੰਦਰ ਆਏ ਹੜ੍ਹਾਂ ਕਾਰਨ ਪਿੰਡ ਚਾਂਦੀਵਾਲ ਨੇੜੇ ਫਿਰੋਜ਼ਪੁਰ ਵਿਖੇ ਆਪਣੇ ਮਾਮੇ ਦੀ ਲੜਕੀ ਪਰਮਜੀਤ ਕੌਰ ਦੀ ਮਦਦ ਲਈ ਆਪਣੇ ਰਿਸ਼ਤੇਦਾਰ ਰਤਨਪਾਲ ਵਾਸੀ ਖੈਹਿਰਾ ਮੁਸਤਰਕਾ ਨਾਲ ਗਿਆ ਸੀ। ਜਦੋਂ ਅਸ਼ੀਂ ਆਪਣੀ ਭੈਣ ਦੇ ਪਸ਼ੂ ਦਰਿਆ ਦੇ ਅੰਦਰੋਂ ਬਾਹਰ ਲਿਆ ਰਹੇ ਸਨ ਤਾਂ ਅਚਾਨਕ ਦਰਿਆ ਦਾ ਰਾਜੋਗੱਟੀ ਬੰਨ ਟੁੱਟ ਗਿਆ ਤੇ ਪਾਣੀ ਦੇ ਤੇਜ਼ ਵਹਾਅ ਨਾਲ ਅਸ਼ੀ ਰੁੜ ਕੇ ਪਾਕਿਸਤਾਨ ਚਲੇ ਗਏ ਜਿੱਥੇ ਪਾਕਿਸਤਾਨੀ ਰੇਜ਼ਰਾਂ ਨੇ ਫੜ੍ਹਕੇ ਸਾਨੂੰ ਵੱਖ-ਵੱਖ ਏਜੰਸੀਆਂ ਦੇ ਹਵਾਲੇ ਕਰ ਦਿੱਤਾ। ਏਜੰਸੀਆਂ ਵਲੋਂ ਪਹਿਲਾਂ ਸਾਡੇ ਉਪਰ ਭਾਰਤੀ ਜਸੂਸ ਹੋਣ ਦਾ ਇਲਜ਼ਾਮ ਲਗਾਇਆ ਗਿਆ ਤੇ ਫਿਰ ਉਹਨਾਂ 'ਤੇ ਧੱਕੇ ਨਾਲ ਬਾਰਡਰ ਕਰਾਸ ਕਰਨ ਦਾ ਦੋਸ਼ ਲਗਾਕੇ ਥਾਣਾ ਗੰਡਾ ਸਿੰਘ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ 31 ਜਨਵਰੀ 2024 ਨੂੰ ਕਸੂਰ ਦੀ ਸ਼ੈਸਨ ਅਦਾਲਤ ਨੇ ਉਹਨਾਂ ਨੂੰ 13 ਮਹੀਨੇ ਦੀ ਸਜਾ ਸੁਣਾਈ ਤੇ ਉਹਨਾਂ ਨੂੰ ਲਾਹੌਰ ਦੀ ਲਖਪਤ ਰਾਏ ਜੇਲ ਵਿਚ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸ਼ਜਾ ਪੂਰੀ ਹੋਣ ਤੋਂ ਬਾਅਦ ਵੀ 'ਭਾਰਤ ਸਰਕਾਰ ਤੁਹਾਨੂੰ ਲੈਣ ਲਈ ਤਿਆਰ ਨਹੀਂ' ਦਾ ਬਹਾਨਾ ਬਣਾਕੇ 7 ਮਹੀਨਿਆਂ ਤੱਕ ਸਾਨੂੰ ਰਿਹਾਅ ਨਹੀਂ ਕੀਤਾ ਗਿਆ।
ਉਸ ਨੇ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਸਾਡੀ ਰਿਹਾਈ ਦੇ ਹੁਕਮ ਸੁਣਾਏ ਜਾਣ ਤੋਂ ਬਾਅਦ ਜੇਲ ਮੁਲਾਜ਼ਮਾਂ ਵਲੋਂ ਸਾਡੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਜਾਣ ਲੱਗਾ ਤੇ ਸਾਨੂੰ ਰੋਟੀ ਵੀ ਸਿਰਫ ਇਕ ਵਾਰ ਦਿੱਤੀ ਜਾਣ ਲੱਗੀ। ਉਸ ਨੇ ਦੱਸਿਆ ਕਿ ਮਾਰਚ 2025 ਵਿਚ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਰਿਵਾਰ ਨਾਲ ਹਰ ਬੁੱਧਵਾਰ ਟੈਲੀਫੋਨ ਤੇ 10 ਮਿੰਟ ਗੱਲ ਕਰਨ ਦੀ ਇਜ਼ਜਾਤ ਮਿਲੀ ਸੀ। ਹਰਵਿੰਦਰ ਅਨੁਸਾਰ ਉਹਨਾਂ ਨਾਲ 20 ਭਾਰਤੀ ਕੈਦੀ ਵੀ ਸਨ ਤੇ ਸਾਨੂੰ ਜ਼ੇਲ ਅੰਦਰ ਵੱਖਰੇ ਸੈਲ ਵਿਚ ਰੱਖਿਆ ਗਿਆ ਸੀ। ਉਸ ਨੇ ਦੱਸਿਆ ਕਿ ਜ਼ਿਆਦਾਤਰ ਭਾਰਤੀ ਕੈਦੀ ਗੰਭੀਰ ਬੀਮਾਰੀਆਂ ਤੋਂ ਪੀੜਿਤ ਹਨ ਫਿਰ ਵੀ ਉਹਨਾਂ ਕੋਲੋਂ ਰੋਜ਼ਾਨਾਂ ਕੰਮ ਲਿਆ ਜਾਂਦਾ ਹੈ।