ਵਾਤਾਵਰਣ ਕਾਨਫਰੰਸ ‘ਚ ਜਲਗਾਹਾਂ ਨੂੰ ਸੰਭਾਲਣ ਦਾ ਸੱਦਾ, ਛੋਟੀਆਂ ਨਦੀਆਂ ਨਾ ਬਚੀਆਂ ਤਾਂ ਹੋਵੇਗਾ ਵੱਡਾ ਨੁਕਸਾਨ: ਡਾ ਅਫਰੋਜ਼
ਨਜ਼ਾਇਜ ਕਬਜ਼ਿਆਂ ਕਾਰਨ ਝੀਲਾਂ ਦੀ ਹੋਂਦ ਖਤਰੇ ਵਿੱਚ
ਤਾਕਤਵਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਲੋੜ- ਸੰਧਾਵਾਂ
ਬਾਬੇ ਨਾਨਕ ਦੇ ਸਿਧਾਂਤ ਨੂੰ ਛੱਡਣ ਨਾਲ ਹੀ ਪੰਜਾਬ ਦੇ ਬੁਰਾ ਹਾਲ ਹੋਇਆ – ਸੰਤ ਸੀਚੇਵਾਲ
ਸੋਨੇ ਚਾਂਦੀ ਦੇ ਭਾਅ ਦੀਆਂ ਖਬਰਾਂ ਤਾਂ ਸੁਰਖੀਆਂ ਵਿੱਚ ਹਨ ਪਰ ਵਾਤਾਵਰਣ ਦੀਆਂ ਨਹੀ : ਖਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 01 ਫਰਵਰੀ 2026
ਵਿਸ਼ਵ ਜਲਗਾਹ ਦਿਵਸ ਦੀ ਪੂਰਵ ਸੰਧਿਆ ‘ਤੇ ਪਵਿੱਤਰ ਵੇਈਂ ਕਿਨਾਰੇ ਹੋਈ ਵਾਤਾਵਰਣ ਕਾਨਫਰੰਸ ਵਿੱਚ ਬੁਲਾਰਿਆਂ ਨੇ ਇੱਕਸੁਰ ਹੁੰਦਿਆ ਸੱਦਾ ਦਿੱਤਾ ਕਿ ਜੇਕਰ ਸਾਡੀਆਂ ਛੋਟੀਆਂ ਨਦੀਆਂ ਤੇ ਜਲਗਾਹਾਂ ਨਾ ਬਚੀਆਂ ਤਾਂ ਚੌਗਿਰਦੇ ਦਾ ਵੱਡਾ ਨੁਕਸਾਨ ਹੋ ਜਾਵੇਗਾ। ਜਲਗਾਹਾਂ, ਪਿੰਡਾਂ ਦੇ ਟੋਬਿਆਂ ਤੇ ਛੱਪੜਾਂ ‘ਤੇ ਹੋਏ ਨਜ਼ਾਇਜ ਕਬਜ਼ਿਆਂ ਵਿਰੁੱਧ ਵੱਡੀ ਲੋਕ ਲਹਿਰ ਉਸਾਰਨ ਦੀ ਅਪੀਲ ਵੀ ਕੀਤੀ ਗਈ। ਪੰਜਾਬ ਦੇ ਬੁੱਢੇ ਦਰਿਆ ‘ਤੇ ਹੋਏ ਨਜ਼ਾਇਜ ਕਬਜ਼ਿਆਂ ਅਤੇ ਉਸ ਵਿੱਚ ਜ਼ਹਿਰੀਲਾ ਪਾਉਣ ਵਾਲੀਆਂ ਤਾਕਤਤਰ ਧਿਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਤੇ ਵਾਤਾਵਰਣ ਕਾਨਫਰੰਸ ਦੇ ਮੁਖ ਮਹਿਮਾਨ ਡਾ. ਅਫਰੋਜ਼ ਅਹਿਮਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਾਤਾਵਰਣ ਨੂੰ ਧਰਮ ਵਾਂਗ ਨਿਭਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਛੋਟੀਆਂ ਨਦੀਆਂ ਨੂੰ ਬਚਾਉਣਾ ਬੇਹੱਦ ਜਰੂਰੀ ਹੈ ਕਿਉਂਕਿ ਇਹ ਛੋਟੀਆਂ ਨਦੀਆਂ ਹੀ ਵੱਡੀਆਂ ਨਦੀਆਂ ਦੇ ਵਹਾਅ ਨੂੰ ਲਗਾਤਾਰ ਬਣਾਈ ਰੱਖਣ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਪਵਿੱਤਰ ਕਾਲੀ ਵੇਈਂ ਦੇ ਮੁੜ ਸੁਰਜੀਤ ਹੋਣ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਸਾਰਿਆ ਦਾ ਕਮਾਲ ਹੈ, ਕਿ ਅੱਜ ਇੱਥੇ ਉਤਸਵ ਵਰਗਾ ਮਾਹੌਲ ਬਣਿਆ ਹੋਇਆ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਨਦੀਆਂ, ਦਰਿਆ, ਝੀਲਾਂ ਅਤੇ ਪਿੰਡਾਂ ਦੇ ਟੋਬਿਆਂ ‘ਤੇ ਨਜ਼ਾਇਜ ਕਬਜ਼ੇ ਕਰਨ ਵਾਲੇ ਤਾਕਤਵਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕਰਨ ਵਾਲਿਆਂ ਵਿਰੁੱਧ ਵਿਅਕਤੀਗਤ ਰੂਪ ਵਿੱਚ ਸ਼ਕਾਇਤਾਂ ਕਰਨ। ਉਨ੍ਹਾਂ ਸੰਤ ਸੀਚੇਵਾਲ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਦੇ ਕੰਮ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਜ਼ੋਰਦਾਰ ਪ੍ਰੰਸਸਾ ਕੀਤੀ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਸਖ਼ਤੀ ਕਰਨੀ ਸਮੇਂ ਦੀ ਲੋੜ ਬਣ ਗਈ ਹੈ।
ਉੱਤਰ ਪ੍ਰਦੇਸ਼ ਦੇ ਘੱਟ ਗਿਣਤੀ ਕਮਿਸ਼ਨ ਮੈਂਬਰ ਸੰਮਾਨ ਅਫਰੋਜ਼ ਖਾਨ ਨੇ ਕਿਹਾ ਕਿ ਅੱਜ ਕਲ੍ਹ ਖਬਰਾਂ ਦੀਆਂ ਸੁਰਖੀਆਂ ਵਿੱਚ ਸੋਨੇ ਤੇ ਚਾਂਦੀ ਦੇ ਭਾਅ ਦੀਆਂ ਖ਼ਬਰਾਂ ਤਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆ ਹਨ ਪਰ ਵਾਤਾਵਰਣ ਵਰਗੇ ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ਖ਼ਬਰਾਂ ਨਾ ਹੀ ਪੜ੍ਹਨ ਤੇ ਸੁਣਨ ਨੂੰ ਮਿਲਦੀਆਂ ਹਨ, ਜਦ ਕਿ ਵਾਤਾਵਰਣ ਸਾਡੇ ਜੀਵਨ ਨਾਲ ਜੁੜਿਆ ਹੋਇਆ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੇ ਸੰਤ ਹਰ ਸੂਬੇ ਵਿੱਚ ਹੋਣ ਤਾਂ ਵਾਤਾਵਰਣ ਆਪਣੇ ਆਪ ਹੀ ਸਾਫ਼ ਹੋ ਜਾਵੇ।
ਵਰਿੰਦਰ ਵਾਲੀਆ ਨੇ ਵਾਤਾਵਰਣ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਡਾ: ਏ.ਪੀ.ਜੇ ਅਬਦੁਲ ਕਲਾਮ ਨੇ ਰਾਸ਼ਟਰਪਤੀ ਹੁੰਦਿਆ ਹੋਇਆ ਤੇ ਅਤੇ ਬਾਅਦ ਵਿੱਚ ਵੀ ਸੁਲਤਾਨਪੁਰ ਦਾ ਦੌਰਾ ਕੀਤਾ ਸੀ ਤਾਂ ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਸੰਤ ਸੀਚੇਵਾਲ ਵੱਲੋਂ ਪਾਣੀਆਂ ਦੇ ਕੀਤੇ ਗਏ ਕਾਰਜਾਂ ਨੂੰ ਕਿੰਨ੍ਹੀ ਮਹੱਤਤਾ ਦਿੰਦੇ ਹਨ।
ਸਮਾਗਮ ਨੂੰ ਸੰਬੋਧਨ ਹੁੰਦਿਆ ਸੰਤ ਸੀਚਵਾਲ ਨੇ ਕਿਹਾ ਕਿ ਬਾਬੇ ਨਾਨਕ ਦੇ ਸਿਧਾਂਤ ਤੋਂ ਪਿੱਛੇ ਹਟਣ ਨਾਲ ਹੀ ਪੰਜਾਬ ਦਾ ਬੁਰਾ ਹਾਲ ਹੋਇਆ ਹੈ। ਉਹਨਾਂ ਕਿਹਾ ਕਿ ਵਾਤਾਵਰਣ ਦਾ ਉਦੋਂ ਹੀ ਸੁਧਾਰ ਹੋਵੇਗਾ ਜਦੋਂ ਅਸੀ ਬਾਬੇ ਨਾਨਕ ਦੇ ਦੱਸੇ ਬਚਨਾਂ ਤੇ ਚੱਲਣਾ ਸ਼ੁਰੂ ਕਰ ਦੇਵਾਗੇਂ। ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਚਿੰਤਾ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜਾ ਵਾਤਾਵਰਣ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤਾ ਸੀ ਘੱਟੋ ਘੱਟ ਉਹੋ ਜਿਹਾ ਵਾਤਾਵਰਣ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਜਾਈਏ। ਪੰਜਾਬੀਆਂ ਦੇ ਸਿਹਤ ਵਿੱਚ ਆ ਰਹੇ ਵਿਗਾੜ ਦਾ ਜ਼ਿਕਰ ਕਰਦਿਆ ਸੰਤ ਸੀਚੇੇਵਾਲ ਨੇ ਕਿਹਾ ਦੱੁਧ ਵਿੱਚ ਹੋ ਰਹੀ ਮਿਲਾਵਟ ਬਹੁਤ ਖਤਰਨਾਕ ਹੱਦ ਤੱਕ ਚੱਲੀ ਗਈ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਜਲਗਾਹ ਦਿਵਸ ਦੀ ਪੂਰਵ ਸੰਧਿਆ ਤੇ ਜਲਗਾਹਾਂ ਨੂੰ ਬਚਾਉਣ ਦਾ ਸੱਦਾ ਦਿੱਤਾ।
ਇਸ ਇਲਾਵਾ ਇਸ ਕਾਨਫਰੰਸ ਪੰਜਾਬੀ ਸੱਥ ਦੇ ਬਾਨੀ ਆਗੂ ਡਾ. ਨਿਰਮਲ ਸਿੰਘ ਲਾਂਬੜਾ, ਸੰਤ ਸੀਚੇਵਾਲ ‘ਤੇ ‘ਬਾਬੇ ਦਾ ਮਿਸ਼ਨ’ ਦੇ ਨਾਂਅ ਦੀ ਕਿਤਾਬ ਦੇ ਲੇਖਕ ਖੁਸ਼ਹਾਲ ਲਾਲੀ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓਐਸਡੀ ਮਨਜੀਤ ਸਿੰਘ ਸਿੱਧੂ, ਦਸਤਾਵੇਜੀ ਫਿਲਮ ਮੇਕਰ ਜੋਨੀਤਾ ਡੋਡਾ ਨੇ ਵੀ ਸੰਬੋਧਨ ਕੀਤਾ।ਇਸ ਤੋਂ ਇਲਾਵਾ ਜਗਤ ਪੰਜਾਬੀ ਦੇ ਪ੍ਰਧਾਨ ਐਨਆਰਆਈ ਅਜਾਇਬ ਸਿੰਘ ਚੱਠਾ ਸਮੇਤ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।ਸਟੇਜ ਦਾ ਸੰਚਾਲਨ ਸੰਤ ਸੁਖਜੀਤ ਸਿੰਘ ਨੇ ਕੀਤਾ।
ਇਸਤੋਂ ਪਹਿਲਾਂ ਸੰਤ ਸੀਚੇਵਾਲ ਵੱਲੋਂ ਕਿਸ਼ਤੀ ਰਾਹੀ ਆਏ ਮੁੱਖ ਮਹਿਮਾਨਾਂ ਨੂੰ ਕਿਸ਼ਤੀ ਰਾਹੀ ਵੇਈਂ ਦੀ ਸੈਰ ਕਰਵਾਈ ਗਈ ਉਪਰੰਤ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਦੀ ਹਦੂਦ ਅੰਦਰ ਬੂਟਾ ਲਗਾਇਆ ਗਿਆ। ਇਸ ਸਮਾਗਮ ਵਿੱਚ ਸੰਤ ਸੁਖਜੀਤ ਸਿੰਘ, ਬਾਬਾ ਦੀਪਕ ਸਿੰਘ ਦੌਧਰ, ਬਲਵਿੰਦਰ ਸਿੰਘ ਚੱਠਾ, ਡਾ. ਸਰਵਿੰਦਰ ਸਿੰਘ ਐਸ.ਐਮ.ਓ, ਸੁਨੀਲ ਕੁਮਾਰ, ਸੰਤੋਖ ਸਿੰਘ, ਮਸ਼ਿੰਦਰ ਸਿੰਘ ਦਿੱਲੀ, ਹਰਦੇਵ ਸਿੰਘ, ਬਲਵਿੰਦਰ ਸਿੰਘ ਸਰੂਪਵਾਲ, ਗੁਰਨਾਮ ਸਿੰਘ, ਰਾਮ ਸਿੰਘ, ਬੂਟਾ ਸਿੰਘ ਸਰਪੰਚ, ਸਰਪੰਚ ਜੋਗਾ ਸਿੰਘ, ਸੁਰਜੀਤ ਸਿੰਘ ਸੰਟੀ, ਦਰਸ਼ਨ ਸਿੰਘ ਘੋਲੀਆ, ਜੀਤ ਸਿੰਘ, ਮੁਖਤਿਆਰ ਸਿੰਘ, ਗੁਰਪ੍ਰਤਾਪ ਸਿੰਘ ਡੀਡੀਪੀਓ, ਪਰਮਜੀਤ ਸਿੰਘ ਮਾਨਸਾ ਤੋਂ ਇਲਾਵਾ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸਕੂਲ ਅਤੇ ਕਾਲਜ਼ ਦੇ ਬੱਚੇ ਹਾਜ਼ਰ ਰਹੇ।