ਕੇਂਦਰ ਨੇ ਬਜਟ ਰਾਹੀਂ ਪੰਜਾਬ ਦੀ ਕਿਸਾਨੀ ਤੇ ਸਨਅਤ ਦੀ ‘ਸੰਘੀ ਘੁੱਟੀ’, ਹੁਣ ਪ੍ਰਧਾਨ ਮੰਤਰੀ ਸਿਆਸੀ ਹਮਦਰਦੀ ਦਾ ਮੁਖੌਟਾ ਪਾ ਕੇ ਪਹੁੰਚੇ ਪੰਜਾਬ - ਬ੍ਰਹਮਪੁਰਾ
‘ਨਾਮਕਰਨ ਦਾ ਸਤਿਕਾਰ, ਪਰ ਖਾਦ ਸਬਸਿਡੀ, ਜੀਐਸਟੀ ’ਤੇ ਕੇਂਦਰ ਦੀ ਮਾਰ ਨੇ ਉਜਾੜੇ ਕਿਸਾਨ-ਵਪਾਰੀ, ਭਗਵੰਤ ਮਾਨ ਨੇ ਪੰਜਾਬ ਦੇ ਹੱਕ ਦਿੱਲੀ ਦੇ ਪੈਰਾਂ 'ਚ ਰੋਲੇ’
ਤਰਨ ਤਾਰਨ 01 ਫ਼ਰਵਰੀ 2026: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਇੰਚਾਰਜ ਖਡੂਰ ਸਾਹਿਬ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਣਾ ਸਮੁੱਚੀ ਮਨੁੱਖਤਾ ਅਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੈ, ਜਿਸਦਾ ਸ਼੍ਰੋਮਣੀ ਅਕਾਲੀ ਦਲ ਤਹਿ ਦਿਲੋਂ ਸਵਾਗਤ ਕਰਦਾ ਹੈ। ਪਰ ਨਾਲ ਹੀ ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਅੱਜ ਹੀ ਪੇਸ਼ ਕੀਤੇ ਗਏ ਕੇਂਦਰੀ ਬਜਟ ਨੇ ਗੁਰੂ ਸਾਹਿਬ ਦੇ ‘ਹਰਿ ਕੇ ਨਾਮ ਬਿਨੁ ਝੂਠੇ ਸਕਲ ਪਾਸਾਰੇ’ ਅਤੇ ਬਰਾਬਰੀ ਵਾਲੇ ਸਮਾਜ ਦੇ ਸਿਧਾਂਤ ਨੂੰ ਵਿਸਾਰ ਦਿੱਤਾ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਬ੍ਰਹਮਪੁਰਾ ਨੇ ਕਿਹਾ, “ਗੁਰੂ ਸਾਹਿਬ ਦਾ ਸੁਪਨਾ ਸੀ ‘ਬੇਗਮਪੁਰਾ’ ਭਾਵ ਅਜਿਹਾ ਸ਼ਹਿਰ ਜਿੱਥੇ ਕੋਈ ਗਮ ਜਾਂ ਗਰੀਬੀ ਨਾ ਹੋਵੇ। ਨਾਮਕਰਨ ਕਰਨਾ ਇੱਕ ਚੰਗਾ ਉਪਰਾਲਾ ਹੈ, ਪਰ ਗੁਰੂ ਸਾਹਿਬ ਨੂੰ ‘ਸੱਚੀ ਸ਼ਰਧਾਂਜਲੀ’ ਤਾਂ ਹੁੰਦੀ ਜੇਕਰ ਪ੍ਰਧਾਨ ਮੰਤਰੀ ਅੱਜ ਬਜਟ ਵਿੱਚ ਦਲਿਤ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦੇ ਗੱਫ਼ੇ, ਬੇਜ਼ਮੀਨੇ ਮਜ਼ਦੂਰਾਂ ਲਈ ਪੱਕੇ ਰੁਜ਼ਗਾਰ ਅਤੇ ਗਰੀਬਾਂ ਲਈ ਪੱਕੀਆਂ ਛੱਤਾਂ ਦਾ ਐਲਾਨ ਕਰਕੇ ਆਉਂਦੇ।” ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਬਜਟ ਵਿੱਚ ਮਜ਼ਦੂਰਾਂ ਅਤੇ ਗਰੀਬ ਵਰਗ ਲਈ ਸਬਸਿਡੀਆਂ ਘਟਾ ਦਿੱਤੀਆਂ ਗਈਆਂ ਹਨ, ਜੋ ਕਿ ਗੁਰੂ ਸਾਹਿਬ ਦੀ ਸੋਚ ਦੇ ਉਲਟ ਹੈ।
ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਦਲਿਤ ਭਾਈਚਾਰੇ ਨੂੰ ਸਿਰਫ਼ ਵੋਟ ਬੈਂਕ ਨਹੀਂ ਸਮਝਿਆ। ਉਨ੍ਹਾਂ ਕਿਹਾ, “ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸ਼ੁਰੂ ਕੀਤੀਆਂ ਗਈਆਂ ‘ਆਟਾ-ਦਾਲ ਸਕੀਮ’, ‘ਸ਼ਗਨ ਸਕੀਮ’ ਅਤੇ ਐਸ.ਸੀ. ਭਾਈਚਾਰੇ ਲਈ 200 ਯੂਨਿਟ ਮੁਫ਼ਤ ਬਿਜਲੀ ਵਰਗੀਆਂ ਯੋਜਨਾਵਾਂ ਨੇ ਗਰੀਬਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਸੀ। ਪਰ ਅੱਜ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ‘ਆਪ’ ਸਰਕਾਰ ਸਿਰਫ਼ ਨਾਵਾਂ ਅਤੇ ਐਲਾਨਾਂ ਦੀ ਸਿਆਸਤ ਕਰ ਰਹੀਆਂ ਹਨ, ਜਦਕਿ ਗਰੀਬ ਦੀ ਥਾਲੀ ਖਾਲੀ ਹੁੰਦੀ ਜਾ ਰਹੀ ਹੈ।
ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਨੇ ਬਜਟ ਰਾਹੀਂ ਕਿਸਾਨਾਂ ਦੀ ਖਾਦ ਸਬਸਿਡੀ ’ਤੇ ਕੈਂਚੀ ਫੇਰ ਕੇ ਅੰਨਦਾਤੇ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੀ.ਐਸ.ਟੀ. ਦੀਆਂ ਗੁੰਝਲਾਂ ਅਤੇ ਐਕਸਪੋਰਟਰਾਂ ਦੇ ਰੁਕੇ ਹੋਏ ਪੁਰਾਣੇ ਕਲੇਮਾਂ ਬਾਰੇ ਧਾਰੀ ਚੁੱਪ ਨੇ ਪੰਜਾਬ ਦੇ ਵਪਾਰ ਨੂੰ ਬਰਬਾਦੀ ਕੰਢੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਮੁੱਦਿਆਂ 'ਤੇ ਸੂਬੇ ਦੇ ਹੱਕ ਕਿਉਂ ਮਰਵਾਏ?
ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਫ਼ੇਰੀ ਦੌਰਾਨ ਪੰਜਾਬ ਦੇ ਐਸ.ਸੀ. ਵਿਦਿਆਰਥੀਆਂ ਦੇ ਰੁਕੇ ਹੋਏ ਸਕਾਲਰਸ਼ਿਪ ਫੰਡਾਂ ਦੀ ਮੰਗ ਨਾ ਕਰਕੇ ਸਮਾਜ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਲਿਤ, ਪੱਛੜੇ ਅਤੇ ਕਿਸਾਨ ਵਰਗ ਦਾ ਭਵਿੱਖ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ‘ਸਰਬ-ਸਾਂਝੀ’ ਅਗਵਾਈ ਵਿੱਚ ਹੀ ਸੁਰੱਖਿਅਤ ਹੈ, ਜੋ ਹਰ ਵਰਗ ਨੂੰ ਗਲ਼ ਨਾਲ ਲਾ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ।
ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸਮਾਜ ਦੇ ਲਿਤਾੜੇ ਵਰਗਾਂ ਦੇ ਹੱਕਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਨਾਲ ਹਰ ਪੱਧਰ 'ਤੇ ਲੜਾਈ ਲੜੇਗਾ।