ਬਟਾਲਾ: ਵਿਧਾਇਕ ਸ਼ੈਰੀ ਕਲਸੀ ਨੇ ਮੁੱਖ ਮੰਤਰੀ ਸਿਹਤ ਬੀਮਾ ਹੈਲਥ ਕਾਰਡ ਬਣਾਉਣ ਦੀ ਕਰਵਾਈ ਸ਼ੁਰੂਆਤ
ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਕੀਤੇ ਜਾਣ ਵਾਲੇ ਨਿੱਜੀ ਹਸਪਤਾਲਾਂ ਵਿੱਚ ਵੀ ਬਿਨ੍ਹਾਂ ਨਕਦੀ ਤੋਂ ਇਲਾਜ ਕਰਵਾਇਆ ਜਾ ਸਕੇਗਾ-ਵਿਧਾਇਕ ਸ਼ੈਰੀ ਕਲਸੀ
ਰੋਹਿਤ ਗੁਪਤਾ
ਬਟਾਲਾ, 24 ਜਨਵਰੀ 2026- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਬਣਾਏ ਜਾਣ ਵਾਲੇ ਹੈਲਥ ਕਾਰਡ ਦੀ ਸ਼ੁਰੂਆਤ ਗਾਂਧੀ ਕੈਂਪ ਬਟਾਲਾ ਤੋਂ ਕਰਵਾਈ ਗਈ ਹੈ। ਬਟਾਲਾ ਵਿਖੇ ਇਹ ਕਾਰਡ ਬਣਾਉਣ ਦਾ ਕੰਮ ਲਗਾਤਾਰ ਚਲੇਗਾ। ਇਹ ਕਾਰਡ ਬਣਾਉਣ ਲਈ ਅਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਜਰੂਰੀ ਹੈ।
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਣਨ ਵਾਲੇ ਕਾਰਡਾਂ ਦੀ ਸ਼ੁਰੂਆਤ ਕਰਵਾਉਂਦਿਆ ਵਿਧਾਇਕ ਸ਼ੈਰੀ ਕਲਸੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਜਿਹੜੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ੳੇੁਸ ਦਾ ਸਮੁੱਚੇ ਪੰਜਾਬੀਆਂ ਨੂੰ ਵੱਡਾ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿੱਚ ਬਹੁਤ ਵੱਡੀ ਗੱਲ ਹੋਈ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅਜਿਹੀਆਂ ਸਹੂਲਤਾਂ ਤਾਂ ਵਿਦੇਸ਼ਾਂ ਵਿੱਚ ਨਹੀਂ ਮਿਲਦੀਆਂ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਨੇ ਸਿਹਤ ਸੰਬੰਧੀ ਸ਼ੁਰੂ ਕਰ ਦਿੱਤੀਆਂ ਹਨ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਦੱਸਿਆ ਕਿ ਇਸ ਕਾਰਡ ਰਾਹੀ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਹੋ ਸਕੇਗਾ ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਕੀਤੇ ਜਾਣ ਵਾਲੇ ਨਿੱਜੀ ਹਸਪਤਾਲਾਂ ਵਿੱਚ ਵੀ ਬਿਨ੍ਹਾਂ ਨਕਦੀ ਤੋਂ ਇਲਾਜ ਕਰਵਾਇਆ ਜਾ ਸਕਦਾ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਇਸ ਸਕੀਮ ਦਾ ਹਰ ਇੱਕ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰਡ ਸਰਕਾਰੀ ਮੁਲਾਜ਼ਮ ਵੀ ਬਣਾ ਸਕਦੇ ਹਨ।ਇਸ ਵਿੱਚ ਕੋਈ ਅਮਦਨ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਇਸ ਕਾਰਡ ਦੇ ਰਾਹੀ ਪਹਿਲਾਂ ਤੋਂ ਬੀਮਾਰੀਆਂ ਦੇ ਪੀੜਤ ਲੋਕਾਂ ਦਾ ਇਲਾਜ ਵੀ ਹੋ ਸਕੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ ਆਪਣਾ ਕਾਰਡ ਬਣਾਉਣ ਲਈ ਅਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈਕੇ ਆਉਣ।
ਇਸ ਮੌਕੇ ਲਾਭਪਾਤਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਚੇਚਾ ਧੰਨਵਾਦ ਕੀਤਾ ਕਿ ਜਿੰਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੇ ਸਿਹਤ ਸਹੂਲਤਾਂ ਦੇ ਖੇਤਰ ਵਿਚ ਮਿਸਾਲੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਦਾ 10 ਲੱਖ ਦਾ ਸਿਹਤ ਬੀਮਾ ਕੀਤਾ ਗਿਆ ਹੈ, ਜੋ ਬਹੁਤ ਵੱਡਾ ਉਪਰਾਲਾ ਹੈ।
ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਮਾਸਟਰ ਤਿਲਕ ਰਾਜ, ਮਨਜੀਤ ਸਿੰਘ ਬਮਰਾਹ, ਪ੍ਰਧਾਨ ਵੀਨੂੰ ਕਾਹਲੋਂ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਅਮਰੀਕ ਸਿੰਘ ਲੰਬੜਦਾਰ ਮੌਜੂਦ ਸਨ।