ਭਾਰੀ ਬਰਸਾਤ 'ਚ ਵੀ ਆਊਟਸੋਰਸ ਮੀਟਰ ਰੀਡਰਾਂ ਦਾ ਧਰਨਾ ਰਿਹਾ ਜਾਰੀ
ਬਰਸਾਤ ਕਾਰਨ ਤੰਬੂਆਂ ਵਿੱਚ ਪਾਣੀ ਵੜ ਗਿਆ, ਜਿਸ ਨਾਲ ਸਾਰਾ ਕੀਮਤੀ ਸਮਾਨ ਬਰਸਾਤ ਦੀ ਲਪੇਟ ਵਿੱਚ ਆ ਗਿਆ
ਮੈਨੇਜਮੈਂਟ ਕੁੰਭਕਰਨੀ ਨੀਂਦ ਸੁੱਤੀ, ਆਊਟਸੋਰਸ ਮੁਲਾਜ਼ਮਾਂ ਦਾ ਮਨੁੱਖੀ ਘਾਣ ਜਾਰੀ
ਜੀ ਐਸ ਪੰਨੂ
ਪਟਿਆਲਾ 23 ਜਨਵਰੀ 2026; ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਪਟਿਆਲਾ ਦੇ ਹੈੱਡ ਆਫਿਸ ਅੱਗੇ ਆਪਣੀਆਂ ਹੱਕੀ ਮੰਗਾਂ ਲਈ ਕੜਾਕੇ ਦੀ ਠੰਡ ਵਿੱਚ ਪਿਛਲੇ 38 ਦਿਨਾਂ ਤੋਂ ਆਊਟਸੋਰਸ ਮੀਟਰ ਰੀਡਰ ਧਰਨਾ ਲਗਾ ਕੇ ਬੈਠੇ ਹਨ। ਮੀਟਰ ਰੀਡਰਾਂ ਦੀ ਹੜਤਾਲ ਪਿਛਲੇ 68 ਦਿਨਾਂ ਤੋਂ ਚੱਲ ਰਹੀ ਹੈ।
ਕੜਾਕੇ ਦੀ ਠੰਡ ਤੋਂ ਬਾਅਦ ਅੱਜ ਭਾਰੀ ਬਰਸਾਤ ਵਿੱਚ ਵੀ ਮੀਟਰ ਰੀਡਰਾਂ ਦਾ ਧਰਨਾ ਲਗਾਤਾਰ ਜਾਰੀ ਰਿਹਾ ਹੈ। ਮੀਂਹ ਦਾ ਪਾਣੀ ਤੰਬੂਆਂ ਵਿੱਚ ਵੜ ਗਿਆ ਹੈ। ਸਾਰਾ ਕੀਮਤੀ ਸਮਾਨ ਮੀਂਹ ਦੇ ਪਾਣੀ ਦੀ ਲਪੇਟ ਵਿੱਚ ਆ ਕੇ ਖਰਾਬ ਹੋ ਚੁੱਕਾ ਹੈ। ਇੱਥੋਂ ਤੱਕ ਕਿ ਖਾਣਾ ਬਣਾਉਣ ਦੀ ਜੋ ਵਿਵਸਥਾ ਕੀਤੀ ਹੋਈ ਸੀ, ਉਹ ਵੀ ਭਾਰੀ ਬਰਸਾਤ ਕਾਰਨ ਠੱਪ ਹੋ ਗਈ। ਅੱਜ ਸਾਰਾ ਦਿਨ ਧਰਨੇ 'ਤੇ ਹਾਜ਼ਰ ਮੀਟਰ ਰੀਡਰਾਂ ਨੂੰ ਭੁੱਖੇ ਰਹਿ ਕੇ ਠੰਡ ਅਤੇ ਮੀਂਹ ਵਿੱਚ ਗੁਜ਼ਾਰਨਾ ਪਿਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਵੱਲੋਂ ਦੱਸਿਆ ਗਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਨੂੰ ਪਿਛਲੇ ਲੰਮੇ ਸਮੇਂ ਤੋਂ ਲਿਖਤੀ ਅਤੇ ਜ਼ੁਬਾਨੀ ਤੌਰ 'ਤੇ ਮੰਗਾਂ ਦਾ ਹੱਲ ਕਰਨ ਲਈ ਮੀਟਿੰਗਾਂ ਕਰ ਰਹੇ ਹਾਂ।
ਕਿ ਚਿੱਪ ਵਾਲੇ ਸਮਾਰਟ ਮੀਟਰ ਬੰਦ ਹੋਣੇ ਚਾਹੀਦੇ ਹਨ, ਕਿਉਂਕਿ ਜਿੱਥੇ ਲੋਕਾਂ 'ਤੇ ਆਰਥਿਕ ਬੋਝ ਪਵੇਗਾ, ਉੱਥੇ ਹੀ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਵੀ ਖਤਮ ਹੋ ਜਾਵੇਗਾ।
ਜਥੇਬੰਦੀ ਵੱਲੋਂ ਸਮੂਹ ਵਿਭਾਗਾਂ ਦੇ ਆਊਟਸੋਰਸ/ਕੱਚੇ ਮੁਲਾਜ਼ਮ ਪੱਕੇ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਕਾਰਪੋਰੇਟ ਕੰਪਨੀਆਂ ਵੱਲੋਂ ਮੁਲਾਜ਼ਮਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ, ਇਸ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰੰਤੂ ਮੈਨੇਜਮੈਂਟ ਵੱਲੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ, ਮੰਗਾਂ ਦਾ ਹੱਲ ਕਰਵਾਉਣ ਵਾਲੇ ਮੁਲਾਜ਼ਮਾਂ ਨੂੰ ਕੰਪਨੀਆਂ ਨਾਲ ਮਿਲ ਕੇ ਨੌਕਰੀਆਂ ਤੋਂ ਕੱਢ ਦਿੱਤਾ ਜਾਂਦਾ ਹੈ, ਜੋ ਕਿ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਹੈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਮੰਗਾਂ ਦਾ ਹੱਲ ਨਹੀਂ ਹੁੰਦਾ ਹੈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਆਗੂ ਬਲਰਾਜ ਜੋਸ਼ੀ, ਰਣਜੀਤ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ, ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ, ਉਪ ਪ੍ਰਧਾਨ ਗੁਰਵਿੰਦਰ ਸਿੰਘ ਕਾਹਲੋਂ, ਉਪ ਪ੍ਰਧਾਨ ਜਗਸੀਰ ਸਿੰਘ, ਸਕੱਤਰ ਗੁਰਦੀਪ ਸਿੰਘ, ਮੁੱਖ ਸਲਾਹਕਾਰ ਜਸਵਿੰਦਰ ਸਿੰਘ, ਖਜ਼ਾਨਚੀ ਮਨਜਿੰਦਰ ਸਿੰਘ, ਖਜ਼ਾਨਚੀ ਕਿਸ਼ਨ ਕੁਮਾਰ, ਸਮੂਹ ਡਵੀਜ਼ਨ ਪ੍ਰਧਾਨ, ਅਤੇ ਮੀਟਰ ਰੀਡਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।