ਗੁਰਦਾਸਪੁਰ: ਬਾਰਿਸ਼ ਤੇ ਅਸਮਾਨੀ ਬਿਜਲੀ ਨੇ ਕਿਸਾਨ 'ਤੇ ਢਾਹਿਆ ਕਹਿਰ; ਕਰਜ਼ਾ ਚੁੱਕ ਕੇ ਬਣਾਇਆ ਮੁਰਗੀਖਾਨਾ ਤਬਾਹ, 25 ਲੱਖ ਦਾ ਨੁਕਸਾਨ
ਰੋਹਿਤ ਗੁਪਤਾ, ਗੁਰਦਾਸਪੁਰ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਿੱਬੜ ਵਿੱਚ ਕੁਦਰਤ ਦਾ ਅਜਿਹਾ ਕਹਿਰ ਟੁੱਟਿਆ ਕਿ ਇੱਕ ਕਿਸਾਨ ਦਾ ਵਸਦਾ-ਰਸਦਾ ਕਾਰੋਬਾਰ ਪਲਾਂ ਵਿੱਚ ਉਜੜ ਗਿਆ। ਤੇਜ਼ ਹਨੇਰੀ-ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਹਰਪ੍ਰੀਤ ਸਿੰਘ ਦਾ ਦੋ ਮੰਜ਼ਿਲਾ ਮੁਰਗੀਖਾਨਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ।
ਸੁਪਨੇ ਹੋਏ ਚਕਨਾਚੂਰ: 25 ਲੱਖ ਦਾ ਨੁਕਸਾਨ
ਪੀੜਤ ਕਿਸਾਨ ਹਰਪ੍ਰੀਤ ਸਿੰਘ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਉਸ ਨੇ ਵੱਡੇ ਚਾਅ ਅਤੇ ਮਿਹਨਤ ਨਾਲ ਦੋ ਕਨਾਲ ਜ਼ਮੀਨ ਵਿੱਚ ਇਹ ਦੋ ਮੰਜ਼ਿਲਾ ਮੁਰਗੀਖਾਨਾ ਤਿਆਰ ਕੀਤਾ ਸੀ। ਪਰ ਅਚਾਨਕ ਆਈ ਕੁਦਰਤੀ ਆਫ਼ਤ ਨੇ ਇਮਾਰਤ ਨੂੰ ਤਹਿਸ-ਨਹਿਸ ਕਰ ਦਿੱਤਾ। ਕਿਸਾਨ ਅਨੁਸਾਰ ਉਸ ਦਾ ਲਗਭਗ 24 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਕਰਜ਼ੇ ਦੀਆਂ ਕਿਸ਼ਤਾਂ ਦਾ ਫਿਕਰ
ਹਰਪ੍ਰੀਤ ਸਿੰਘ ਲਈ ਸਭ ਤੋਂ ਵੱਡੀ ਚਿੰਤਾ ਹੁਣ ਬੈਂਕ ਦਾ ਕਰਜ਼ਾ ਹੈ। ਉਸ ਨੇ ਦੱਸਿਆ, ਇਹ ਮੁਰਗੀਖਾਨਾ ਬੈਂਕ ਤੋਂ ਭਾਰੀ ਕਰਜ਼ਾ ਚੁੱਕ ਕੇ ਉਸਾਰਿਆ ਗਿਆ ਸੀ। ਕਿਸਾਨ ਨੂੰ ਹਰ ਮਹੀਨੇ ਬੈਂਕ ਦੀ 34 ਹਜ਼ਾਰ ਰੁਪਏ ਕਿਸ਼ਤ ਭਰਨੀ ਪੈਂਦੀ ਹੈ। ਕਾਰੋਬਾਰ ਤਬਾਹ ਹੋਣ ਤੋਂ ਬਾਅਦ ਹੁਣ ਕਿਸਾਨ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਬੈਂਕ ਦਾ ਕਰਜ਼ਾ ਕਿਵੇਂ ਮੋੜੇਗਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ।
ਸਰਕਾਰ ਤੋਂ ਮਦਦ ਦੀ ਗੁਹਾਰ
ਬਿਜਲੀ ਡਿੱਗਣ ਕਾਰਨ ਹੋਈ ਇਸ ਬਰਬਾਦੀ ਨੇ ਕਿਸਾਨ ਨੂੰ ਮਾਨਸਿਕ ਅਤੇ ਆਰਥਿਕ ਤੌਰ 'ਤੇ ਤੋੜ ਕੇ ਰੱਖ ਦਿੱਤਾ ਹੈ। ਕਿਸਾਨ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਪੈਰਾਂ 'ਤੇ ਖੜ੍ਹਾ ਹੋ ਸਕੇ।