ਸਰਬੱਤ ਦਾ ਭਲਾ ਟਰੱਸਟ ਦੀ 'ਹੜ੍ਹ ਪ੍ਰਭਾਵਿਤ ਵਿਆਹ ਯੋਜਨਾ' ਤਹਿਤ 300 ਧੀਆਂ ਦੇ ਵਿਆਹਾਂਂ ਦੀ ਜ਼ਿੰਮੇਵਾਰੀ ਸਾਡੀ : ਡਾ.ਉਬਰਾਏ
ਅਜਨਾਲਾ ਖੇਤਰ ਦੀਆਂ 8 ਹੋਰ ਧੀਆਂ ਨੂੰ ਵਿਆਹਾਂ ਲਈ ਇੱਕ-ਇੱਕ ਲੱਖ ਰੁਪਏ ਦੇ ਚੈੱਕ ਦਿੱਤੇ
ਅਜਨਾਲਾ/ ਅੰਮ੍ਰਿਤਸਰ 23 ਜਨਵਰੀ ( )- ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ ਦਿਲੀ ਕਾਰਨ ਪੂਰੀ ਦੁਨੀਆ ਅੰਦਰ ਆਪਣੀ ਨਵੇਕਲੀ ਪਛਾਣ ਬਣਾ ਚੁੱਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ''ਹੜ ਪ੍ਰਭਾਵਿਤ ਵਿਆਹ ਯੋਜਨਾ'' ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰ ਨਾਲ ਸੰਬੰਧਿਤ ਵੱਖ-ਵੱਖ ਪਰਿਵਾਰਾਂ ਦੀਆਂ 8 ਹੋਰਨਾਂ ਧੀਆਂ ਦੇ ਵਿਆਹਾਂ ਲਈ ਸਹਾਇਤਾ ਦੇ ਰੂਪ 'ਚ ਇੱਕ-ਇੱਕ ਲੱਖ ਰੁਪਏ ਦੇ ਚੈੱਕ ਸ਼ਗਨ ਵਜੋਂ ਦਿੱਤੇ ਗਏ।
ਇਸ ਸੇਵਾ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਉਚੇਚੇ ਤੌਰ ਤੇ ਸਰਹੱਦੀ ਖੇਤਰ 'ਚ ਪਹੁੰਚੇ ਡਾ.ਐਸ.ਪੀ.ਸਿੰਘ ਉਬਰਾਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਫ਼ੈਸਲੇ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀਆਂ 8, ਤਰਨਤਾਰਨ ਦੀਆਂ 27 ਅਤੇ ਫ਼ਿਰੋਜ਼ਪੁਰ ਦੀਆਂ 21 ਧੀਆਂ ਦੇ ਪਰਿਵਾਰਾਂ ਨੂੰ ਵਿਆਹਾਂ ਵਾਸਤੇ ਇੱਕ-ਇੱਕ ਲੱਖ ਰੁਪਏ ਦੇਣ ਉਪਰੰਤ ਹੁਣ ਤੱਕ ਟਰੱਸਟ ਵੱਲੋਂ ਕੁਲ 92 ਧੀਆਂ ਦੇ ਵਿਆਹ ਮੁਕੰਮਲ ਹੋ ਜਾਣਗੇ ਜਦ ਕਿ 28 ਜਨਵਰੀ ਨੂੰ ਫ਼ਾਜ਼ਿਲਕਾ ਖੇਤਰ ਦੀਆਂ 24 ਹੋਰਨਾਂ ਧੀਆਂ ਦੇ ਵਿਆਹਾਂ ਦਾ ਖਰਚ ਵੀ ਉਨ੍ਹਾਂ ਦੇ ਮਾਪਿਆਂ ਨੂੰ ਦੇ ਦਿੱਤਾ ਜਾਵੇਗਾ। ਡਾ. ਉਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦੀਆਂ ਧੀਆਂ ਦੇ ਵਿਆਹਾਂ ਵਾਸਤੇ 3 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ,ਜਿਸ ਸਦਕਾ ਟਰੱਸਟ 300 ਧੀਆਂ ਦੇ ਵਿਆਹਾਂ ਤੇ ਇੱਕ-ਇਕ ਲੱਖ ਰੁਪਏ ਸ਼ਗਨ ਵਜੋਂ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਵੇਗਾ। ਇਸ ਵੱਡੇ ਸੇਵਾ ਕਾਰਜ ਨੂੰ ਨੇਪਰੇ ਚੜਾਉਣ ਲਈ ਸਿਆਟਲ (ਯੂ.ਐਸ.ਏ.) ਦੀ ਸਮੂਹ ਸਾਧ ਸੰਗਤ ਵੱਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਲਈ ਡਾ.ਉਬਰਾਏ ਨੇ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਟਰੱਸਟ ਦੀ ਸਿਆਟਲ ਇਕਾਈ ਦੇ ਅਹੁਦੇਦਾਰ ਵੀ ਉਚੇਚੇ ਤੌਰ ਤੇ ਅਮਰੀਕਾ ਤੋਂ ਆ ਕੇ ਅੱਜ ਦੇ ਵਿਆਹ ਸਮਾਗਮਾਂ ਦਾ ਹਿੱਸਾ ਬਣੇ ਹਨ। ਸਮਾਗਮ ਦੇ ਅਖ਼ੀਰ 'ਚ ਸਾਬਕਾ ਸਰਪੰਚ ਗੁਰਚਰਨਜੀਤ ਸਿੰਘ ਰਾਜੂ ਅਵਾਨ ਵੱਲੋਂ ਡਾ.ਉਬਰਾਏ ਸਮੇਤ ਆਏ ਹੋਏ ਮਹਿਮਾਨਾਂ ਨੂੰ ਸਿਰਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਧੀਆਂ ਦੇ ਮਾਪਿਆਂ ਨੇ ਡਾ.ਉਬਰਾਏ ਸਮੇਤ ਟਰੱਸਟ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਦੀ ਬਦੌਲਤ ਅੱਜ ਉਹ ਆਪਣੀਆਂ ਧੀਆਂ ਦੇ ਵਿਆਹਾਂ ਦੇ ਖ਼ਰਚ ਤੋਂ ਭਾਰ ਮੁਕਤ ਹੋ ਗਏ ਹਨ।
ਇਸ ਮੌਕੇ ਟਰੱਸਟ ਦੀ ਸਿਆਟਲ ਇਕਾਈ ਦੇ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ,ਗੁਰਦੀਪ ਸਿੰਘ ਸਿੱਧੂ,ਹਰਦੀਪ ਸਿੰਘ ਸਿੱਧ(ਯੂ.ਐਸ.ਏ.), ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ,ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ,ਵਿੱਤ ਸਕੱਤਰ ਨਵਜੀਤ ਸਿੰਘ ਘਈ, ਜਗਦੇਵ ਸਿੰਘ ਛੀਨਾ ਤੋਂ ਇਲਾਵਾ ਬਲਜਿੰਦਰ ਸਿੰਘ ਅਵਾਨ,ਮਾਸਟਰ ਲਿਵਤਾਰ ਸਿੰਘ,ਸਾਬਕਾ ਸਰਪੰਚ ਬਲਵਿੰਦਰ ਸਿੰਘ ਹਰੜ੍ਹ,ਕ੍ਰਿਪਾਲ ਸਿੰਘ,ਬਲਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਜਿੰਦਰ ਮਸੀਹ ਸਮੇਤ ਇਲਾਕੇ ਦੇ ਮੋਹਤਬਰ ਵਿਅਕਤੀ ਮੌਜੂਦ ਸਨ।
Click to Follow Babushahi Facebook page →