ਅਮਰੀਕਾ ਵੱਸਦੇ ਰਣਜੀਤ ਗਿੱਲ ਨੇ ਯਾਦ ਕੀਤੇ ਸਰਦਾਰ ਬਲਵੀਰ ਸਿੰਘ ਮੋਹੀ ਨਾਲ ਬਿਤਾਏ ਯਾਦਗਾਰ ਪਲ੍ਹ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ/ਮਡੇਰਾ (ਕੈਲੀਫੋਰਨੀਆ):
ਪਟਿਆਲੇ ਵੱਸਦੇ ਮੋਹੀ ਪਰਿਵਾਰ ਦਾ ਇੱਕ ਪੂਰਾ “ਯੁੱਗ” ਬਣ ਕੇ ਜੀਵਿਆ ਸਰਦਾਰ ਬਲਵੀਰ ਸਿੰਘ ਮੋਹੀ ਪਿਛਲੇ ਦਿਨੀ ਆਪਣੀ ਰੰਗਲੀ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ ਲਹਿੰਦੇ ਸੂਰਜ ਵਾਂਗ ਸਦਾ ਲਈ ਅਸਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਅਮਰੀਕਾ ਵੱਸਦੇ ਦੋਸਤਾਂ, ਸਜਣਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਗਹਿਰਾ ਦੁੱਖ ਛਾ ਗਿਆ।
ਅਮਰੀਕਾ ਵੱਸਦੇ ਰਣਜੀਤ ਗਿੱਲ ਨੇ ਦੱਸਿਆ ਕਿ ਸਰਦਾਰ ਬਲਵੀਰ ਸਿੰਘ ਮੋਹੀ ਬੇਸ਼ੱਕ ਮੇਰੇ ਸੌਹਰਾ ਸਾਬ੍ਹ ਲਗਦੇ ਸਨ, ਪਰ ਉਹਨਾਂ ਨਾਲ ਬਿਤਾਏ ਪਲ੍ਹ ਸਦੀਵੀ ਨੇ। ਉਹਨਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਰਣਜੀਤ ਗਿੱਲ ਨੇ ਕਿਹਾ ਕਿ ਫਰਿਜ਼ਨੋ–ਮਡੇਰਾ ਨਿਵਾਸੀ ਸਰਦਾਰ ਪਸ਼ੌਰਾ ਸਿੰਘ ਢਿੱਲੋਂ ਨਾਲ ਉਹ ਹੌਟੀਕਲਚਰ ਡਿਪਾਰਟਮੈਂਟ ਵਿੱਚ ਇਕੱਠੇ ਕੰਮ ਕਰਦੇ, ਸਾਂਝੀ ਸੋਚ ਨਾਲ ਇਕੱਠੇ ਵਗਦੇ ਰਹੇ। ਕੰਢਾ ਘਾਟ ਤੋਂ ਲੈ ਕੇ ਪੰਜੌਰ ਗਾਰਡਨ ਤੱਕ ਇਕੱਠੇ ਕੰਮ ਕਰਦਿਆਂ ਬੇਅੰਤ ਯਾਦਾਂ ਬਣੀਆਂ, ਜੋ ਅੱਜ ਅੱਖਾਂ ਸਾਹਮਣੇ ਫਿਲਮ ਵਾਂਗ ਘੁੰਮ ਗਈਆਂ।
ਰਣਜੀਤ ਗਿੱਲ ਨੇ ਦੱਸਿਆ ਕਿ 1984 ਤੋਂ ਮੋਹੀ ਪਰਿਵਾਰ ਨਾਲ ਮੇਰਾ ਰਿਸ਼ਤਾ ਜੁੜਿਆ, ਜਿੱਥੋਂ ਅੱਜ ਤੱਕ ਬੇਅੰਤ ਮੁਹੱਬਤ ਤੇ ਅਪਣਾ’ਪਣ ਮਿਲ਼ਿਆ। ਕੁਝ ਦਿਨ ਪਹਿਲਾਂ ਹੀ ਉਹ ਅਰਬਨ ਇਸਟੇਟ (ਪਟਿਆਲ਼ਾ)‘ਅੰਕਲ ਜੀ’ ਨੂੰ ਮਿਲ ਕੇ ਆਏ ਸਨ। ਉਹਨਾਂ ਦਾ ਪੁੱਤਰ ਸਰਦਾਰ ਰੋਮੇਲ ਸਿੰਘ ਮੋਹੀ ਰਾਜਿੰਦਰਾ ਹਸਪਤਾਲ (ਪਟਿਆਲ਼ਾ) ਵਿਖੇ ਸਰਜਨ ਹੈ ਤੇ ਬੇਟੀ ਗੋਲਡੀ ਲੰਬੇ ਸਮੇਂ ਤੋਂ ਇੰਗਲੈਂਡ ਰਹਿੰਦੇ ਹਨ। 95ਵੇਂ ਸਾਲ ਦੀ ਉਮਰ ਦੇ ਹੁੰਦਿਆਂ, ਉਹਨਾਂ ਨੇ ਪੂਰੀ ਪਹਿਚਾਣ ਕੀਤੀ ਅਤੇ ਆਪਣੇ ਮਿੱਠੇ ਸੁਭਾਅ ਮੁਤਾਬਕ ਹੌਲੀ-ਹੌਲੀ ਗੱਲਬਾਤ ਵੀ ਕੀਤੀ। ਮੋਹੀ ਸਾਹਿਬ ਦੇ ਫਰਜ਼ੰਦ ਡਾਕਟਰ ਰੋਮੇਲ ਸਿੰਘ “ਰੂਬੀ” ਬਾਈ ਅਤੇ ਭਤੀਜੇ ਦੀਪਾ ਦੀ ਹਾਜ਼ਰੀ ਵਿੱਚ ਹਾਸੇ-ਮਜ਼ਾਕ ਨਾਲ ਪੁੱਛਿਆ, “ਕੁਝ ਖਾਧਾ ਪੀਤਾ ?”—ਜਿਸ ਨੇ ਉਨ੍ਹਾਂ ਦੀ ਜ਼ਿੰਦਾਦਿਲੀ ਤੇ ਮੁਹੱਬਤੀ ਸੁਭਾਅ ਨੂੰ ਆਖ਼ਰੀ ਸਾਹਾਂ ਤੱਕ ਕਾਇਮ ਰੱਖਿਆ।
ਰਣਜੀਤ ਗਿੱਲ ਨੇ ਕਿਹਾ ਕਿ ਸਰਦਾਰ ਬਲਵੀਰ ਸਿੰਘ ਮੋਹੀ “ਜੱਟ ਰੱਜਕੇ ਜਿਓਂਕੇ ਗਿਐ”। ਜਾਂਦੇ-ਜਾਂਦਿਆਂ ਮਨੁੱਖਤਾ ਦੇ ਭਲੇ ਲਈ, ਅਪਣਾ “ ਵਜ਼ੂਦ “ ਵੀ ਦਾਨ ਕਰ ਗਿਐ ..! ਬਹੁਤ ਦਾਨੀ ਪੁਰਸ਼ ਆਉਂਦੇ ਨੇ ਦੁਨੀਆਂ ‘ਤੇ , ਪਰ ਖੁਦ ਦੇ ਵਜ਼ੂਦ ਤੱਕ ਦਾਨ ਕਰ ਜਾਣ ਵਾਲ਼ੇ ਬਲਵੀਰ ਸਿੰਘ ਮੋਹੀ ਵਰਗੇ ਘੱਟ ਹੀ ਜੰਮਦੇ ਹਨ।
ਅੰਤ ਵਿੱਚ ਰਣਜੀਤ ਗਿੱਲ ਅਤੇ ਗੁਰਪ੍ਰੀਤ ਨੀਨਾ ਨੇ ਆਪਣੇ ਸਾਰੇ ਪਰਿਵਾਰ ਵਲੋਂ ਸਰਦਾਰ ਬਲਵੀਰ ਸਿੰਘ ਮੋਹੀ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਸ ਪਾਕ-ਪਵਿੱਤਰ ਰੱਬੀ ਰੂਹ ਨੂੰ ਪ੍ਰਮਾਤਮਾਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ।