ਬੇਜ਼ੁਬਾਨਾਂ ਤੇ ਢਾਅ ਗਿਆ ਕੋਈ ਕਹਿਰ : ਭੇਦਭਰੇ ਹਾਲਾਤਾਂ ਵਿੱਚ ਦੋ ਗਾਈਆਂ ਦੀ ਮੌਤ, ਕਈ ਦੀ ਹਾਲਤ ਗੰਭੀਰ
ਕਿਸੇ ਅਣਪਛਾਤੇ ਵੱਲੋਂ ਜਹਰੀਲਾ ਪਦਾਰਥ ਖਿਲਾਉਣ ਦੇ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ ਰਾਤ ਪਿੰਡ ਸ਼ਾਹਪੁਰ ਗੁਰਾਇਆ ਵਿੱਚ ਦੋ ਕੀਮਤੀ ਗਾਵਾਂ ਦੀ ਸੱਕੀ ਹਾਲਾਤਾਂ ਵਿੱਚ ਮੌਤ ਹੋਣ ਅਤੇ ਕਈ ਪਸ਼ੂਆਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਲਕ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੇਜ਼ੁਬਾਨਾਂ ਨੂੰ ਜਹਰੀਲਾ ਪਦਾਰਥ ਖਵਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸ਼ਾਹਪੁਰ ਗੁਰਾਇਆਂ ਦੇ ਪੀੜਿਤ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਅਸੀਂ ਪਸ਼ੂਆਂ ਦੀਆਂ ਧਾਰਾਂ ਕੱਢਣ ਲੱਗੇ ਤਾਂ ਦੋ ਕੀਮਤੀ ਗਾਵਾਂ ਦੀ ਮੌਤ ਹੋ ਚੁੱਕੀ ਸੀ ਤੇ ਬਾਕੀ ਪਸ਼ੂਆਂ ਗੰਭੀਰ ਸੀ ਤੇ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਚਾਰ ਤੋਂ ਪੰਜ ਪੇੜੇ ਮਿਲੇ ਜਿਨਾਂ ਵਿੱਚ ਕਿਸੇ ਨੇ ਜਹਿਰ ਮਿਲਾਇਆ ਹੋਇਆ ਸੀ ਤੇ ਉਹਨਾਂ ਪੇੜਿਆਂ ਦੇ ਖਾਣ ਨਾਲ ਸਾਡੇ ਕੀਮਤੀ ਪਸ਼ੂਆਂ ਦੀ ਮੌਤ ਹੋਈ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਹੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਾਡੇ ਟਰੈਕਟਰ ਨੂੰ ਵੀ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇਸ ਸਬੰਧੀ ਸਾਡੇ ਵੱਲੋਂ ਤੁਰੰਤ ਪੁਲਿਸ ਥਾਣਾ ਕੋਰੀਡੋਰ ਨੂੰ ਸੂਚਿਤ ਕੀਤਾ ਗਿਆ ਹੈ।
ਉਧਰ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਕੋਰੀਡੋਰ ਦੇ ਐਸਐਚਓ ਗੁਰਦਰਸ਼ਨ ਸਿੰਘ ਨੇ ਜਹਿਰੀਲੇ ਪੇੜੇ ਅਤੇ ਪਸ਼ੂਆਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।