ਔਜਲਾ ਕਲੋਨੀ ਦੇ ਹੋਏ ਨਰਕ ਵਰਗੇ ਹਾਲਾਤ, ਨਿਕਾਸੀ ਬੰਦ ਹੋਣ ਕਾਰਨ ਗਲੀਆਂ ਵਿੱਚ ਖੜੇ ਗੰਦੇ ਪਾਣੀ ਵਿੱਚੋਂ ਗੁਜਰਣ ਲਈ ਲੋਕ ਮਜਬੂਰ
ਦੁਖੀ ਲੋਕਾਂ ਨੇ ਆਉਣ ਵਾਲੀ ਹਰ ਚੋਣ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ
ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਨੋਵਾਨ ਦੇ ਫਲਾਈ ਓਵਰ ਦੇ ਹੇਠਾਂ ਵਸੀ ਵਾਰਡ ਨੰਬਰ ਛੇ ਵਿੱਚ ਪੈਂਦੀ ਔਜਲਾ ਕਾਲੋਨੀ ਨੂੰ ਵਸੇ ਹੋਏ 35 ਸਾਲ ਤੋਂ ਵੱਧ ਅਰਸਾ ਗੁਜਰ ਚੁੱਕਿਆ ਹੈ ਪਰ ਕਲੋਨੀ ਵਾਸੀਆਂ ਦੀ ਸਮੱਸਿਆਵਾਂ ਅੱਜ ਵੀ ਉਂਝ ਦੀਆਂ ਉੰਝ ਹਨ। ਵਸੋਂ ਦੀ ਸ਼ੁਰੂਆਤੀ ਦੌਰ ਵਿੱਚ ਹੀ ਕਲੋਨੀ ਵਾਸੀਆ ਲਈ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੈਦਾ ਹੋ ਗਈ ਸੀ ਜੋ ਅੱਜ ਤੱਕ ਬਰਕਰਾਰ ਹੈ । ਬੇਸ਼ੱਕ ਇਸ ਕਲੋਨੀ ਸ਼ਹਿਰ ਦੀ ਹੱਦ ਵਿੱਚ ਆਉਂਦੀ ਹੈ ਅਤੇ ਇੱਥੋਂ ਦੇ ਲੋਕ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੋਟ ਵੀ ਪਾਉਂਦੇ ਹਨ ਪਰ ਇੱਥੇ ਹਜੇ ਤੱਕ ਸੀਵਰੇਜ ਨਹੀਂ ਪਿਆ ਹੈ। ਕੀ ਲੱਗਦਾ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੁਰਾਣੀ ਹੈ ਪਰ ਅਕਾਲੀ ਸਰਕਾਰ ਵੇਲੇ ਸਥਾਨਕ ਵਿਧਾਇਕ ਨੇ ਇਸ ਦਾ ਆਰਜੀ ਤੌਰ ਤੇ ਸੜਕ ਦੇ ਕਿਨਾਰੇ 9 ਫੁੱਟੀ ਨਾਲਾ ਕੱਢ ਕੇ ਹੱਲ ਕਰ ਦਿੱਤਾ ਸੀ । ਹਾਲਾਂਕਿ ਉਸ ਵੇਲੇ ਵੀ ਨਾਲੇ ਰਾਹੀ ਇਹ ਪਾਣੀ ਸੜਕ ਦੇ ਦੂਜੇ ਪਾਸੇ ਹਾਈਵੇ ਦੇ ਖਾਲੀ ਪਏ ਪਲਾਟਾਂ ਵਿੱਚ ਸੁੱਟਿਆ ਗਿਆ ਸੀ ਪਰ ਕੁਝ ਸਮੇਂ ਬਾਅਦ ਜਦੋਂ ਇੱਥੇ ਬਾਈਪਾਸ ਬਣ ਗਿਆ ਤਾਂ ਇੱਥੇ ਜਗ੍ਹਾ ਦੀ ਕੀਮਤ ਵਧਣੀ ਸ਼ੁਰੂ ਹੋ ਗਈ । ਤੇ ਹੁਣ ਇਹਨਾਂ ਪਲਾਟਾਂ ਤੇ ਇਹਨਾਂ ਪਲਾਟਾਂ ਦੇ ਮਾਲਕਾਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਮਿੱਟੀ ਪਵਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਤਿੰਨ ਮਹੀਨੇ ਤੋਂ ਔਜਲਾ ਕਲੋਨੀ ਦੇ ਨਿਵਾਸਿਆ ਦੇ ਗੰਦੇ ਪਾਣੀ ਦੀ ਨਿਕਾਸੀ ਬਿਲਕੁਲ ਬੰਦ ਹੋ ਗਈ ਹੈ ।
ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਆਲਮ ਇਹ ਹੋ ਗਿਆ ਹੈ ਕਿ ਗਲੀਆਂ ਵਿੱਚ ਦੋ ਦੋ ਫੁੱਟ ਤੱਕ ਗੰਦਾ ਬਦਬੂ ਯੁਕਤ ਪਾਣੀ ਖੜਾ ਹੈ। ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਇਥੋਂ ਤੱਕ ਕਿ ਕਲੋਨੀ ਵਿੱਚ ਕੋਈ ਮਹਿਮਾਨ ਵੀ ਆ ਕੇ ਰਾਜ਼ੀ ਨਹੀਂ ਹੈ। ਸਕੂਲੀ ਬੱਚੇ ਇਸ ਪਾਣੀ ਵਿੱਚ ਉਹਨਾਂ ਕੇ ਸਕੂਲ ਜਾਂਦੇ ਹਨ ਜਿਸ ਕਾਰਨ ਉਹਨਾਂ ਦੀਆਂ ਵਰਦੀਆਂ ਵੀ ਖਰਾਬ ਹੋ ਜਾਂਦੀਆਂ ਹਨ। ਨੇੜੇ ਹੀ ਇੱਕ ਵੱਡੀ ਸਿੱਖਿਆ ਅਕਾਦਮੀ ਹੈ , ਜਿੱਥੇ ਹਜ਼ਾਰਾਂ ਬੱਚੇ ਸਿੱਖਿਆ ਗ੍ਰਹਿਣ ਕਰਦੇ ਹਨ ਅਤੇ ਇਸ ਅਕਾਦਮੀ ਦੇ ਬਾਹਰ ਵੀ ਗਲੀ ਵਿੱਚ ਚਿੱਕੜ ਹੋਇਆ ਪਿਆ ਹੈ।
ਕਲੋਨੀ ਵਾਸੀਆ ਦਾ ਕਹਿਣਾ ਹੈ ਕਿ ਉਹ ਆਪਣੀ ਸਮੱਸਿਆ ਨੂੰ ਲੈ ਕੇ ਹਰ ਕਿਸੇ ਨੂੰ ਮਿਲ ਚੁੱਕੇ ਹਨ ਪਰ ਹੁਣ ਹਾਰ ਗਏ ਹਨ ਅਤੇ ਫੈਸਲਾ ਕਰ ਲਿਆ ਹੈ ਕਿ ਜੇਕਰ ਉਹਨ੍ਾਂ ਦੇ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਤਾਂ ਠੀਕ ਹੈ। ਨਹੀਂ ਤਾਂ ਉਹ ਆਉਣ ਵਾਲੀ ਕਿਸੇ ਵੀ ਚੋਣ ਵਿੱਚ ਵੋਟ ਨਹੀਂ ਪਾਉਣਗੇ ਅਤੇ ਚੋਣਾਂ ਦਾ ਬਾਈਕਾਟ ਕਰਨਗੇ । ਜੇਕਰ ਕੋਈ ਲੀਡਰ ਬੇਸ਼ੱਕ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਉਹਨਾਂ ਦੀ ਸਮੱਸਿਆ ਹੱਲ ਕਰਦਾ ਹੈ ਤਾਂ ਉਹ ਸਾਰੇ ਉਸਦੇ ਲਈ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ।