ਮਾਘੀ ਨੂੰ ਸਮਰਪਿਤ ਬੁੱਢਾ ਦਲ ਵਲੋਂ ਗੁ: ਬਾਬਾ ਨੈਣਾ ਸਿੰਘ ਅਤੇ ਗੁ: ਬੱਗਸਰ ਸਾਹਿਬ ਵਿਖੇ ਧਾਰਮਿਕ ਸਮਾਗਮ ਹੋਣਗੇ
ਨਿਹੰਗ ਸਿੰਘਾਂ ਦੇ ਦਲ ਮੁਕਤਸਰ ਉਤਰਨ ਲੱਗੇ
ਮੁਕਤਸਰ ਸਾਹਿਬ:- 10 ਜਨਵਰੀ 2026- ਮਾਘੀ ਦੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਨਿਹੰਗ ਸਿੰਘ ਦਲਾਂ ਦੀਆਂ ਵੱਖ-ਵੱਖ ਛਾਉਣੀਆਂ ਵਿੱਚ ਸਾਫ ਸਫਾਈ ਤੇ ਨਿਹੰਗ ਸਿੰਘ ਦੇ ਪੁਜਣੇ ਸ਼ੁਰੂ ਹੋ ਗਏ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਬੱਗਸਰ ਸਾਹਿਬ ਜੱਸੀ ਬਾਗ ਵਾਲੀ ਵਿਖੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਉਤਾਰਨੇ ਸ਼ੁਰੂ ਹੋ ਗਏ ਹਨ ਅਤੇ ਮਾਘੀ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਰਹੀਆਂ ਹਨ। ਦੋਹਾਂ ਅਸਥਾਨਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲਾਹੀ ਅਖੰਡ ਬਾਣੀ ਦੇ ਅਖੰਡ ਪਾਠ ਮਿਤੀ 12 ਜਨਵਰੀ ਤੋਂ ਅਰੰਭ ਹੋ ਕੇ 14 ਜਨਵਰੀ ਨੂੰ ਭੋਗ ਪਾਏ ਜਾਣਗੇ। ਏਸੇ ਤਰ੍ਹਾਂ ਬੁੱਢਾ ਦਲ ਦੀ ਛਾਉਣੀ ਗੁ. ਬਾਬਾ ਨੈਣਾ ਸਿੰਘ ਜੀ ਵਿਖੇ ਸ੍ਰੀ ਦਸਮ ਗ੍ਰੰਥ ਜੀ ਦੇ ਭੋਗ 15 ਜਨਵਰੀ ਨੂੰ ਪੈਣਗੇ ਅਤੇ ਮਹੱਲਾ ਚੜੇ੍ਹਗਾ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਦੋਹਾਂ ਧਾਰਮਿਕ ਅਸਥਾਨਾਂ ਪੁਰ ਧਾਰਮਿਕ ਦੀਵਾਨ ਸੱਜਣਗੇ ਅਤੇ ਅੰਮ੍ਰਿਤ ਸੰਚਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਾਰੇ ਸਮਾਗਮ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ਨਾ ਹੇਠ ਕੀਤੇ ਜਾਣਗੇ।ਉਨ੍ਹਾਂ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਦੱਸਦਿਆ ਕਿਹਾ ਕਿ ਦੱਸਵੇਂ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਦਾ ਧਰਮ ਯੁੱਧ ਫਤਹਿ ਕੀਤਾ, ਧਰਮੀ ਸ਼ਹੀਦ ਸਿੰਘਾਂ ਨੂੰ ਵੱਖਵੱਖ ਖਿਤਾਬ ਬਖ਼ਸ਼ਦੇ ਹੋਏ ਅਤੇ ਹੋਰ ਅਨੇਕਾਂ ਬਚਨਾਂ ਰਾਹੀਂ ਕਲਯੁਗੀ ਜੀਵਾਂ ਦੇ ਉਧਾਰ ਕਰਦੇ ਹੋਏ ਮੁਕਤਸਰ ਤੋਂ ਪਿੰਡ ਜੱਸੀ ਬਾਗ ਵਾਲੀ ਗੁ: ਬੱਗਸਰ ਸਾਹਿਬ ਵਾਲੇ ਸਥਾਨ ਤੇ ਪੁਜੇ।ਮਾਘੀ ਮੇਲੇ ਨੂੰ ਸਮਰਪਿਤ ਦੋਹਾਂ ਮਹਾਨ ਤੀਰਥਾਂ ਪੁਰ ਧਾਰਮਿਕ ਸਮਾਗਮ ਚਾਰੇ ਦਿਨ ਚੱਲਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਣਗੇ। ਨਿਹੰਗ ਸਿੰਘ ਫੌਜਾਂ ਦੇੇ ਲਾਇਸੈਂਸ ਨਵੇਂ ਬਣਾਏ ਅਤੇ ਰੀਨਿਊ ਕੀਤੇ ਜਾਣਗੇ।