ਦਸਮੇਸ਼ ਜੀ ਤੇਰੇ ਜਿਹਾ ਕੋਈ ਸਾਨੀ ਨਹੀਂ ਦੇਖਾ...
“O Dasmesh Ji (Guru Gobind Singh Ji), I have never seen anyone equal to You.”
ਹੇਸਟਿੰਗਜ਼ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਕਿ ਹਫ਼ਤਾ ਚੱਲੇ ਵਿਸ਼ੇਸ਼ ਕਥਾ ਸਮਾਗਮ
-ਗਿਆਨੀ ਅਜਮੇਰ ਸਿੰਘ ਫਤਹਿਗੜ੍ਹ ਸਾਹਿਬ ਵਾਲਿਆਂ ਕਥਾ ਨਾਲ ਨਿਹਾਲ ਕੀਤਾ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 28 ਦਸੰਬਰ 2025:-ਇਨ੍ਹਾਂ ਦਿਨਾਂ ਦਾ ਇਤਿਹਾਸ ਸਿੱਖ ਕੌਮ ਦੀ ਅਟੱਲ ਸ਼ਹਾਦਤ, ਅਡਿੱਗ ਵਿਸ਼ਵਾਸ ਅਤੇ ਬੇਮਿਸਾਲ ਬਲਿਦਾਨ ਦੀ ਯਾਦ ਦਿਵਾਉਂਦਾ ਹੈ। ਸਾਕਾ ਸਿਰਹਿੰਦ ਵਿੱਚ ਛੋਟੇ ਸਾਹਿਬਜ਼ਾਦਿਆਂ—ਸਾਹਿਬਜ਼ਾਦਾ ਫਤਹਿ ਸਿੰਘ ਜੀ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ—ਦੀ ਨਿਰਦਈ ਸ਼ਹਾਦਤ ਨੇ ਜ਼ੁਲਮ ਦੇ ਸਾਹਮਣੇ ਸੱਚ ਅਤੇ ਧਰਮ ਲਈ ਖੜ੍ਹੇ ਰਹਿਣ ਦਾ ਅਦਭੁੱਤ ਉਦਾਹਰਨ ਪੇਸ਼ ਕੀਤਾ। ਚਮਕੌਰ ਸਾਹਿਬ ਦੀ ਜੰਗ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਸਿੰਘਾਂ ਨੇ ਬੇਮਿਸਾਲ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਸਿਰ ਵਾਰ ਦਿੱਤਾ। ਮਾਤਾ ਗੁਜਰੀ ਜੀ ਨੇ ਸਿਰਹਿੰਦ ਦੇ ਠੰਢੇ ਬੁਰਜ ਵਿੱਚ ਅਪਾਰ ਧੀਰਜ ਅਤੇ ਅਟੱਲ ਸ਼ਰਧਾ ਨਾਲ ਆਪਣੇ ਪੋਤਿਆਂ ਦੀ ਸ਼ਹਾਦਤ ਸਹਿੰਦੀ ਹੋਈ ਆਪਣਾ ਜੋਤਿ-ਜੋਤ ਸਮਾ ਦਿੱਤਾ। ਇਹ ਸਾਰੇ ਬਲਿਦਾਨ ਸਿੱਖ ਇਤਿਹਾਸ ਦੇ ਸੋਨੇਲੇ ਅਧਿਆਇ ਹਨ, ਜੋ ਸਾਨੂੰ ਹਮੇਸ਼ਾਂ ਸੱਚ, ਨਿਆਂ ਅਤੇ ਮਨੁੱਖਤਾ ਲਈ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਸੱਚਮੁੱਚ ਕਿਸੇ ਕਵੀ ਨੇ ਖੂਬ ਕਿਹਾ ਹੈ ਕਿ ‘ਦਸਮੇਸ਼ ਜੀ ਤੇਰੇ ਜਿਹਾ ਕੋਈ ਸਾਨੀ ਨਹੀਂ ਦੇਖਾ।’
ਗੁਰਦੁਆਰਾ ਸਾਹਿਬ ਹੇਸਟਿੰਗਜ਼: ਸੋ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ 22 ਦਸੰਬਰ ਤੋਂ 28 ਦਸੰਬਰ ਤੱਕ ਰੋਜ਼ਾਨਾ ਸ਼ਾਮ ਦੇ ਵਿਸ਼ੇਸ਼ ਕਥਾ-ਕੀਰਤਨ ਦੀਵਾਨ ਸਜਾਏ ਗਏ ਜਿਸ ਦੇ ਵਿਚ ਗਿਆਨੀ ਅਜਮੇਰ ਸਿੰਘ ਫਤਹਿਗੜ੍ਹ ਸਾਹਿਬ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰਬਾਣੀ ਕਥਾ ਨਾਲ ਨਿਹਾਲ ਕੀਤਾ। ਹਜ਼ੂਰੀ ਰਾਗੀ ਭਾਈ ਗੁਰਨਾਮ ਸਿੰਘ ਦੇ ਜੱਥੇ ਨੇ ਸ਼ਬਦ ਕੀਰਤਨ ਕੀਤਾ। ਸਮੂਹ ਸੰਗਤ ਦੇ ਸਹਿਯੋਗ ਨਾਲ ਰਖਵਾਏ ਗਏ ਸ੍ਰੀ ਸਹਿਜ ਪਾਠ ਦੇ ਅੱਜ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਨੇ ਸਮੂਹ ਸੰਗਤ ਅਤੇ ਕਮੇਟੀ ਵੱਲੋਂ ਗਿਆਨੀ ਅਜਮੇਰ ਸਿੰਘ ਹੋਰਾਂ ਨੂੰ ਸਿਰੋਪਾਓ ਭੇਟ ਕਰਕੇ ਮਾਨ-ਸਤਿਕਾਰ ਦਿੱਤਾ। ਸਟੇਜ ਸਕੱਤਰ ਭਾਈ ਗੁਰਮੀਤ ਸਿੰਘ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।