ਸਿਹਤਮੰਦ ਭਵਿੱਖ ਲਈ ਪਰਿਵਾਰ ਨਿਯੋਜਨ ਕਰਨਾ ਲਾਜ਼ਮੀ : ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2025 : ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਨੈਸ਼ਨਲ ਆਬਾਦੀ ਕੰਟਰੋਲ ਪੰਦਰਵਾੜੇ ਦੇ ਤਹਿਤ ਸਥਾਨਕ ਜੱਚਾ-ਬੱਚਾ ਹਸਪਤਾਲ ਵਿਖੇ ਚੀਰਾ ਰਹਿਤ ਨਸਬੰਦੀ ਸਬੰਧੀ ਜਾਗਰੂਕ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ, ਮਰਦਾਂ ਵਿੱਚ ਪਰਿਵਾਰ ਨਿਯੋਜਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਣਾ, ਆਬਾਦੀ ਸਥਿਰਤਾ ਵੱਲ ਸਮਾਜਕ ਹਿੱਸੇਦਾਰੀ ਨੂੰ ਬੜਾਵਾ ਦੇਣਾ ਹੈ ਤਾਂ ਜੋ ਵੱਧ ਰਹੀ ਆਬਾਦੀ ਤੋਂ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਵਧ ਰਹੀ ਮਹਿੰਗਾਈ ਦੇ ਕਾਰਣ ਹਰੇਕ ਮਨੁੱਖ ਨੂੰ ਆਪਣਾ ਪਰਿਵਾਰ ਛੋਟਾ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੇ ਬੱਚਿਆਂ ਦੀ ਵਧੀਆ ਪਾਲਣ ਪੋਸ਼ਣ ਦੇ ਨਾਲ-ਨਾਲ ਉਨ੍ਹਾਂ ਨੂੰ ਮਿਆਰੀ ਪੱਧਰ ਦੀਆਂ ਸਾਰੀਆਂ ਸਹੂਲਤਾਂ ਦੇ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂ ਤੇ ਮੁਫਤ ਉਪਲਬਧ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਅਮਲੇ ਵੱਲੋਂ ਵੱਧ ਰਹੀ ਅਬਾਦੀ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਨੂੰ ਹਾਸਿਲ ਕਰਨ ਲਈ ਯੋਗ ਜੋੜਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਐਲ.ਐਚ.ਵੀ ਗੁਰਿੰਦਰ ਕੌਰ ਅਤੇ ਕੌਸ਼ਲਰ ਚਰਨਪਾਲ ਨੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਨਾਲ ਸਬੰਧਤ ਤਰੀਕੇ ਜਿਵੇਂ ਅੰਤਰਾ, ਛਾਇਆ, ਪੀ.ਪੀ.ਆਈ.ਯੂ.ਸੀ.ਡੀ ਅਤੇ ਨਲਬੰਦੀ/ਨਸਬੰਦੀ ਆਦਿ ਤਰੀਕੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫੈਮਿਲੀ ਪਲੈਨਿੰਗ ਰਾਹੀਂ ਵੱਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਣਗੇ ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵੀ ਸੰਭਾਲ ਹੋਵੇਗੀ।
ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਜਾਗਰੂਕ ਕਰਨ। ਇਸ ਮੌਕੇ ਏ.ਐਨ.ਐਮ ਗੁਰਪ੍ਰੀਤ ਕੌਰ ਅਤੇ ਡਬਲਿਊ.ਏ ਕਪਤਾਨ ਸਿੰਘ ਹਾਜ਼ਰ ਸਨ।