ਹੜ ਪ੍ਰਭਾਵਿਤ ਇਲਾਕਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆਵਾਂ ਦੀ ਫੀਸ ਭਰੀ ਦਲ ਬਾਬਾ ਰਾਮ ਸਿੰਘ ਜਥੇਬੰਦੀ ਨੇ
ਸਕੂਲ ਮੁਖੀਆਂ ਨੂੰ ਬਣਦੀ ਰਕਮ ਦੇ ਚੈੱਕ ਕੀਤੇ ਤਕਸੀਮ
ਫਾਜ਼ਿਲਕਾ 24 ਅਕਤੂਬਰ 2025
ਪਿਛਲੇ ਦਿਨੀ ਆਏ ਹੜਾਂ ਕਾਰਨ ਸਰਹੱਦੀ ਪਿੰਡਾਂ ਵਿੱਚ ਹੋਏ ਨੁਕਸਾਨ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ। ਇਸੇ ਲੜੀ ਵਿੱਚ ਦਲ ਬਾਬਾ ਰਾਮ ਸਿੰਘ ਜੀ ਜਥੇਬੰਦੀ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਇਹਨਾਂ ਪ੍ਰਭਾਵਿਤ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆਵਾਂ ਦੀ ਫੀਸ ਅਦਾ ਕੀਤੀ ਗਈ ਹੈ। ਇਸ ਸਬੰਧੀ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਤ ਬਾਬਾ ਹਾਕਮ ਸਿੰਘ ਨੇ ਜਥੇਬੰਦੀ ਵੱਲੋਂ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆਵਾਂ ਦੀ ਫੀਸ ਸਕੂਲ ਮੁਖੀਆਂ ਨੂੰ ਸੌਂਪੀ । ਸਰਹੱਦੀ ਪਿੰਡਾਂ ਦੇ ਸੱਤ ਸਕੂਲਾਂ ਦੇ 650 ਵਿਦਿਆਰਥੀਆਂ ਨੂੰ ਇਹ ਫੀਸ ਜਥੇਬੰਦੀ ਵੱਲੋਂ ਦਿੱਤੀ ਗਈ ਹੈ ।
ਜ਼ਿਲਾ ਸਿੱਖਿਆ ਅਫਸਰ ਅਜੇ ਸ਼ਰਮਾ ਨੇ ਜਥੇਬੰਦੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿੰਡ ਘੁਰਕਾ, ਝੰਗੜ ਭੈਣੀ, ਮੁਹਾਰ ਸੋਨਾ, ਕਾਵਾਂ ਵਾਲੀ, ਲਾਧੂਕਾ ਅਤੇ ਨੂਰ ਸ਼ਾਹ, ਲਾਲੋ ਵਾਲੀ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਦਸਵੀਂ ਅਤੇ ਬਾਰਵੀਂ ਦੀ ਬੋਰਡ ਪ੍ਰੀਖਿਆਵਾਂ ਦੀ ਇਸ ਫੀਸ ਦੀ ਅਦਾਇਗੀ ਜਥੇਬੰਦੀ ਵੱਲੋਂ ਕੀਤੀ ਗਈ ਹੈ, ਉਹਨਾਂ ਕਿਹਾ ਕਿ ਦਸਵੀਂ ਜਮਾਤ ਦੇ ਪ੍ਰਤੀ ਵਿਦਿਆਰਥੀ 1720 ਰੁਪਏ ਅਤੇ ਬਾਰਵੀਂ ਜਮਾਤ ਲਈ ਪ੍ਰਤੀ ਵਿਦਿਆਰਥੀ 2170 ਰੁਪਏ ਦੀ ਫੀਸ ਜਥੇਬੰਦੀ ਵੱਲੋਂ ਅਦਾ ਕਰ ਦਿੱਤੀ ਗਈ ਹੈ ਅਤੇ ਇਹਨਾਂ ਵਿਦਿਆਰਥੀਆਂ ਦੀ ਕੁੱਲ 12 ਲੱਖ 15 ਹਜਾਰ ਰੁਪਏ ਤੋਂ ਵੱਧ ਦੀ ਫੀਸ ਸਹਾਇਤਾ ਜਥੇਬੰਦੀ ਵੱਲੋਂ ਕੀਤੀ ਗਈ ਹੈ।
ਜਥੇਬੰਦੀ ਤੋਂ ਪਹੁੰਚੇ ਜਥੇਦਾਰ ਹਾਕਮ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਵਿੱਚੋਂ ਵਿਦਿਆ ਵਿੱਚ ਸਹਿਯੋਗ ਕਰਨਾ ਸਭ ਤੋਂ ਵੱਡੇ ਪੁੰਨ ਦਾ ਕਾਰਜ ਹੈ ਅਤੇ ਇਸ ਔਖੇ ਸਮੇਂ ਸਾਡੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਇਸੇ ਉਦੇਸ਼ ਨਾਲ ਜਥੇਬੰਦੀ ਵੱਲੋਂ ਇਹ ਸਹਾਇਤਾ ਦੇਣ ਲਈ ਸਮਾਗਮ ਉਲੀਕਿਆ ਗਿਆ ਹੈ।
ਸਕੂਲ ਪ੍ਰਿੰਸੀਪਲ ਰੇਨੂ ਬਾਲਾ ਵੱਲੋਂ ਸਕੂਲ ਵਿਖੇ ਪ੍ਰੋਗਰਾਮ ਉਲੀਕਣ *ਤੇ ਜਿਥੇ ਧੰਨਵਾਦ ਪ੍ਰਗਟ ਕੀਤਾ ਉਥੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਉਨ੍ਹਾਂ ਅਹਿਮ ਯੋਗਦਾਨ ਵੀ ਪਾਇਆ। ਪਿੰਡ ਦੇ ਸਰਪੰਚ ਵੱਲੋਂ ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ।
ਪ੍ਰਿੰਸੀਪਲ ਹੰਸ ਰਾਜ ਨੇ ਵੀ ਜਥੇਬੰਦੀ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਵਿਦਿਆ ਦਾਨ ਵਿੱਚ ਇੱਕ ਵੱਡਾ ਸਹਿਯੋਗ ਹੈ।
ਇਸ ਉਪਰਾਲੇ ਵਿੱਚ ਪ੍ਰਿੰਸੀਪਲ ਹੰਸ ਰਾਜ, ਲੈਕਚਰਾਰ ਰਾਜਬੀਰ ਅਤੇ ਕੁਲਵਿੰਦਰ ਸਿੰਘ ਬਰਾੜ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਜੇ ਸ਼ਰਮਾ ਅਤੇ ਜ਼ਿਲ੍ਾ ਸਿੱਖਿਆ ਅਫਸਰ ਪ੍ਰਾਇਮਰੀ ਸਤੀਸ਼ ਕੁਮਾਰ ਨੋਡਲ ਅਫਸਰ ਵਿਜੈ ਪਾਲ, ਡੀਐਸਪੀ ਅਵਿਨਾਸ਼ ਚੰਦਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ, ਪਿੰਡਾਂ ਦੇ ਸਰਪੰਚ, ਪੰਚ ਅਤੇ ਸਿਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ