Health Manister ਵੱਲੋਂ ਸੜਕਾਂ ਦੀ ਹਾਲਤ ਅਤੇ ਸੀਵਰੇਜ ਦੀ ਅਚਨਚੇਤ ਚੈਕਿੰਗ
ਹਰ ਹਫ਼ਤੇ ਹੋਵੇਗੀ ਮੌਕੇ ਤੇ ਜਾਂਚ, ਦਿਨ ਚ ਦੋ ਵਾਰ ਕਚਰਾ ਲਿਫਟਿੰਗ ਦੇ ਨਿਰਦੇਸ਼
ਡਿਪਟੀ ਮੇਅਰ ਨੂੰ ਵਾਰਡਾਂ ' ਚ ਕਮੇਟੀਆਂ ਬਣਾ ਕੇ ਗਿੱਲੇ ਤੇ ਸੁੱਕੇ ਕੂੜੇ ਲਈ ਯੋਜਨਾ ਬਣਾਉਣ ਦੇ ਦਿੱਤੇ ਨਿਰਦੇਸ਼
ਪਟਿਆਲਾ, 10 ਅਗਸਤ ਪੰਜਾਬ ਸਰਕਾਰ ਦੀ “ਰੰਗਲਾ ਪੰਜਾਬ” ਮੁਹਿੰਮ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਤੜਕੇ ਪਟਿਆਲਾ ਦੇ ਕਈ ਦਿਹਾਤੀ ਖੇਤਰਾਂ ‘ਚ ਅਚਨਚੇਤ ਦੌਰਾ ਕਰਦਿਆਂ ਵੱਖ-ਵੱਖ ਥਾਵਾਂ ਦੀ ਸਫ਼ਾਈ, ਸੜਕਾਂ ਦੀ ਹਾਲਤ, ਸੀਵਰੇਜ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਦੀ ਜਾਂਚ ਕੀਤੀ।
ਇਹ ਅਚਨਚੇਤ ਦੌਰਾ ਫੈਕਟਰੀ ਏਰੀਆ, ਪਰਾਂਠਾ ਮਾਰਕੀਟ, ਗੁਰਬਖਸ਼ ਕਾਲੋਨੀ, ਛੋਟੀ ਅਤੇ ਵੱਡੀ ਨਦੀ, ਝਿੱਲ, ਤ੍ਰਿਪੜੀ ਅਤੇ ਭਾਦਸੋਂ ਰੋਡ ਸਮੇਤ ਹੋਰ ਆਲੇ-ਦੁਆਲੇ ਦੇ ਇਲਾਕਿਆਂ ‘ਚ ਕੀਤਾ ਗਿਆ। ਉਨ੍ਹਾਂ ਇਲਾਕੇ ਦੇ ਪਾਰਕਾਂ, ਮਾਰਕੀਟਾਂ ਅਤੇ ਨਿਵਾਸੀ ਇਲਾਕਿਆਂ ਦਾ ਵਿਸਥਾਰ ਵਿੱਚ ਮੁਆਇਨਾ ਕੀਤਾ ਅਤੇ ਲੋਕਾਂ ਨਾਲ ਰਾਬਤਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਡਾ. ਬਲਬੀਰ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਲਾਕੇ ‘ਚ ਸੜਕਾਂ ਦੀ ਮੁਰੰਮਤ, ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ, ਪਾਰਕਾਂ ਦੀ ਸੰਭਾਲ ਅਤੇ ਸੀਵਰੇਜ ਸਿਸਟਮ ਦੀ ਠੀਕ ਦਿਸ਼ਾ ‘ਚ ਕੰਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਉਪਲਬਧ ਕਰਵਾਉਣਾ ਸਰਕਾਰ ਦੀ ਪਹਿਲ ਹੈ।
ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਰ੍ਹਾਂ ਦੀ ਚੈਕਿੰਗ ਹੁਣ ਹਰ ਹਫ਼ਤੇ ਕੀਤੀ ਜਾਵੇਗੀ ਤਾਂ ਜੋ ਜ਼ਮੀਨੀ ਹਕੀਕਤਾਂ ਦੀ ਨਿਗਰਾਨੀ ਨਿਰੰਤਰ ਚਲਦੀ ਰਹੇ। ਉਨ੍ਹਾਂ ਨੇ ਇਹ ਵੀ ਹੁਕਮ ਦਿੱਤਾ ਕਿ ਕਚਰੇ ਦੀ ਲਿਫਟਿੰਗ ਦਿਨ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ, ਤਾਂ ਜੋ ਕਚਰੇ ਦਾ ਜਮਾਵਾਂ ਨਾ ਹੋਵੇ ਅਤੇ ਬਿਮਾਰੀਆਂ ਫੈਲਣ ਤੋਂ ਰੋਕਿਆ ਜਾ ਸਕੇ।
ਡਾ. ਬਲਬੀਰ ਸਿੰਘ ਨੇ ਡਿਪਟੀ ਮੇਅਰ ਨੂੰ ਨਿਰਦੇਸ਼ ਦਿੱਤੇ ਕਿ ਵਾਰਡ ਅਧਾਰਤ ਕਮੇਟੀਆਂ ਬਣਾਈਆਂ ਜਾਣ ਜੋ ਕਿ ਗਿੱਲੇ ਅਤੇ ਸੁੱਕੇ ਕੂੜੇ ਦੀ ਵੱਖ-ਵੱਖ ਤਰੀਕੇ ਨਾਲ ਚੁਕਾਈ ਅਤੇ ਪ੍ਰਬੰਧਨ ਲਈ ਯੋਜਨਾ ਤਿਆਰ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ‘ਚ ਕੂੜਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਜਗਾ-ਜਗਾ ਗੰਦਗੀ ਦੇ ਢੇਰ ਲੱਗਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕਿਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਜੋ ਕਿ ਮੱਛਰਾਂ ਦੇ ਪੈਦਾ ਹੋਣ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਦੇ ਫੈਲਾਅ ਦਾ ਕਾਰਨ ਬਣ ਸਕਦਾ ਹੈ।
ਸਿਹਤ ਮੰਤਰੀ ਨੇ ਆਖ਼ਿਰ ਵਿੱਚ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਗ੍ਹਾ ਜਗਾ ਕੂੜਾ ਗੇਰਨ ਤੋਂ ਗ਼ੁਰੇਜ਼ ਕਰਨ । ਓਹਨਾ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਿਹਤਮੰਦ ਜੀਵਨ ਲਈ ਵਚਨਬੱਧ ਹੈ ਅਤੇ “ਰੰਗਲਾ ਪੰਜਾਬ” ਮੁਹਿੰਮ ਦੇ ਤਹਿਤ ਹਰ ਪੱਖੋਂ ਵਿਕਾਸ ਅਤੇ ਸਫਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਮੇਅਰ ਹਰਿੰਦਰ ਕੋਹਲੀ, ਸੁਰੇਸ਼ ਰਾਏ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ।