ਕਪੂਰਥਲਾ ਦੇ ਪਿੰਡ ਫੱਤੂਢੀਂਗਾ ਦੇ ਸਮਾਰਟ ਸਕੂਲ ਦੇ ਬਾਹਰ ਬਣੇ ਹੜ੍ਹਾਂ ਵਰਗੇ ਹਾਲਾਤ
ਕੰਧਾਂ ਫੜ੍ਹ-ਫੜ੍ਹ ਸਕੂਲ ਪਹੁੰਚਦੇ ਨੇ ਬੱਚੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰਲੋਧੀ 4 ਜੁਲਾਈ 2025 : ਆਮ ਤੌਰ ਤੇ ਬੋਲੀ ਜਾਂਦੀ ਪੰਜਾਬੀ ਦੀ ’ਕੰਨਾਂ ਨੂੰ ਹੱਥ ਲਵਾਉਣ' ਦੀ ਕਹਾਵਤ ਨੂੰ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਉਸ ਵੇਲੇ ਝੁਠਲਾ ਦਿੱਤਾ ਜਦੋਂ ਸਮਾਰਟ ਸਕੂਲ ਫੱਤੂਢੀਗਾ ਦੇ ਮੂਹਰੇ ਬੇਸ਼ੁਮਾਰ ਮੀਹ ਦਾ ਪਾਣੀ ਖੜਾ ਸੀ।
ਸਕੂਲ ਦੇ ਛੋਟੇ ਛੋਟੇ ਬੱਚੇ ਬਸਤੇ ਚੁੱਕੀ ਕੰਧਾਂ ਨੂੰ ਹੱਥ ਲਾ ਲਾ ਕੇ ਵਾਪਸ ਘਰਾਂ ਨੂੰ ਜਾ ਰਹੇ ਸਨ ਤਾਂ ਆਪਸ ਵਿੱਚ ਆਖ ਰਹੇ ਸਨ ਕਿ ਕੰਨਾ ਨੂੰ ਹੱਥ ਲਗਾਉਣ ਦੀ ਕਹਾਵਤ ਤਾਂ ਸੁਣੀ ਪਰ ਕੰਧਾਂ ਨੂੰ ਹੱਥ ਲਗਾਉਣ ਦੀ ਕਹਾਵਤ ਤਾਂ ਹੁਣ ਬਣੇਗੀ। ਜਿਸ ਵੇਲੇ ਸਕੂਲ ਦੇ ਸੈਂਕੜੇ ਬੱਚੇ ਕੰਧਾਂ ਨੂੰ ਹੱਥ ਲਾ ਲਾ ਕੇ ਰਸਤਾ ਪਾਰ ਕਰ ਰਹੇ ਸਨ ਤਾਂ ਉਸ ਵੇਲੇ ਕੋਈ ਵੀ ਟੀਚਰ ਉਹਨਾਂ ਦੀ ਨਿਗਰਾਨੀ ਕਰਨ ਵਾਸਤੇ ਨਹੀਂ ਆਇਆ ਅਤੇ ਨਾ ਹੀ ਕੋਈ ਪਿੰਡ ਦੀ ਪੰਚਾਇਤ ਦਾ ਕਿਸੇ ਨੁਮਾਇੰਦੇ ਨੇ ਅਵਾਜ਼ ਉਠਾਈ ।
ਅਜਿਹਾ ਦ੍ਰਿਸ਼ ਦੇਖ ਕੇ ਹਰ ਆਮ ਨਾਗਰਿਕ ਦਾ ਸਿਰ ਸ਼ਰਮ ਦੇ ਨਾਲ ਝੁਕ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੋਈ ਪਹਿਲੀ ਵਾਰ ਦੀ ਘਟਨਾ ਨਹੀਂ ਅਜਿਹਾ ਬੜੇ ਲੰਬੇ ਸਮੇਂ ਤੋਂ ਹੋ ਰਿਹਾ । ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹਾ ਜਾਣਦਿਆ ਹੋਇਆ ਵੀ ਅੱਖਾਂ ਮੀਟੀਆਂ ਹੋਈਆਂ ਹਨ। ਇਥੇ ਦੱਸਣਯੋਗ ਹੈ ਇਸ ਇਲਾਕੇ ਦੇ ਕਈ ਆਗੂ ਸੱਤਾ ਧਿਰ ਵਿੱਚ ਚੰਗੇ ਅਹੁਦਿਆਂ ਤੇ ਬਿਰਾਜਮਾਨ ਹਨ।ਇਹ ਵੀ ਸੱਚ ਹੈ ਕਿ ਕਈ ਤਾਂ ਮਾਪੇ ਬਰਸਾਤ ਦੇ ਦਿਨਾਂ ਵਿੱਚ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਹੀ ਨਹੀਂ ਭੇਜਦੇ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਕੂਲ ਦੇ ਗੇਟ ਅੰਦਰ ਬਿਜਲੀ ਦਾ ਇੱਕ ਸਰਕਟ ਹੈ, ਜਦ ਬਰਸਾਤ ਪੈਣ ਨਾਲ ਪਾਣੀ ਖੜਾ ਹੋ ਜਾਂਦਾ ਹੈ ਤਾਂ ਸਰਕਟ ਵਿੱਚੋਂ ਕਰੰਟ ਆਉਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਸਮਾਰਟ ਸਕੂਲਾਂ ਦਾ ਨਾਂ ਦੇ ਕੇ ਲੋਕਾਂ ਦੇ ਅੱਖੀ ਘੱਟਾ ਹੀ ਪਾਇਆ ਹੈ ਕੋਈ ਸਿੱਖਿਆ ਕ੍ਰਾਂਤੀ ਨਹੀਂ ਆਈ ਜੇਕਰ ਕਿਸੇ ਨੇ ਸਿੱਖਿਆ ਕ੍ਰਾਂਤੀ ਦੀ ਅਸਲੀ ਤਸਵੀਰ ਦੇਖਣੀ ਹੈ ਤਾਂ ਉਹ ਫੱਤੂਢੀਂਗਾ ਦੇ ਸਰਕਾਰੀ ਸਕੂਲ ਵਿੱਚ ਚਲਿਆ ਜਾਵੇ।
ਪੰਜਾਬ ਕਿਸਾਨ ਯੂਨੀਅਨ (ਬਾਗੀ) ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ ਨੇ ਇਸ ਘਟਨਾ ਨੂੰ ਜਾਣ ਕੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਹਮੇਸ਼ਾ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਲੜਾਈ ਲੜਦੀ ਆ ਰਹੀ ਹੈ ਤਾਂ ਅਜਿਹੇ ਮਸਲਿਆਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਰਹਾਂਗੇ ਅਤੇ ਹੱਲ ਕਰਾਉਣ ਲਈ ਸੰਘਰਸ਼ ਲੜਦੇ ਰਹਾਂਗੇ।