ਬਠਿੰਡਾ ਦਾ ਬੱਸ ਅੱਡਾ ਬਚਾਉਣ ਲਈ ਸ਼ਹਿਰ ਬੰਦ ਕਰਕੇ ਕੱਢਿਆ ਜਬਰਦਸਤ ਰੋਸ ਮਾਰਚ
ਅਸ਼ੋਕ ਵਰਮਾ
ਬਠਿੰਡਾ,1ਅਗਸਤ 2025: ਬੱਸ ਅੱਡਾ ਬਚਾਉਣ ਲਈ ਚੱਲ ਰਹੇ ਸੰਘਰਸ਼ ਦੇ 100 ਦਿਨ ਪੂਰੇ ਹੋਣ ’ਤੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਸ਼ਹਿਰ ਦੀ ਬੱਸ ਅੱਡਾ ਮਾਰਕੀਟ, ਕੋਰਟ ਰੋਡ, ਸਬਜ਼ੀ ਮੰਡੀ, ਮਹਿਣਾ ਚੌਕ, ਮਿਠੋ ਵਾਲਾ ਮੋੜ ਅਤੇ ਆਰੀਆ ਸਮਾਜ ਚੌਕ ਨੂੰ ਦੁਪਹਿਰ 12 ਵਜੇ ਤੱਕ ਪੂਰੀ ਤਰ੍ਹਾਂ ਬੰਦ ਕਰਕੇ ਅੰਬੇਡਕਰ ਪਾਰਕ ਤੋਂ ਸਦਭਾਵਨਾ ਚੌਕ ਤੱਕ ਰੋਸ ਮਾਰਚ ਕੱਢਿਆ। ਇਸ ਮੌਕੇ ਹਾਜ਼ਰ ਰੋਸ ਨਾਲ ਭਰੇ ਪੀਤੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ ਦੌਰਾਨ ਇਸ ਲੋਕ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ। ਇਸ ਰੋਸ ਮਾਰਚ ਵਿੱਚ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਅਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।ਸੰਘਰਸ਼ ਕਮੇਟੀ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਅਤੇ ਆਪਣੀ ‘ਫੁੱਟ ਪਾਊ’ ਨੀਤੀ ਰਾਹੀਂ ਬੱਸ ਅੱਡਾ ਬਦਲਕੇ ਸ਼ਹਿਰ ਨੂੰ ਉਜਾੜਨਾ ਚਾਹੁੰਦੀ ਹੈ, ਜਿਸ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਗੁਰਪ੍ਰੀਤ ਸਿੰਘ ਆਰਟਿਸਟ ਅਤੇ ਹਰਵਿੰਦਰ ਹੈਪੀ ਨੇ ਕਿਹਾ ਕਿ ਸਰਕਾਰ ਹੁਣ ਆਮ ਲੋਕਾਂ ਦੀ ਨਹੀਂ ਰਹੀ, ਸਗੋਂ ਖਾਸ ਲੋਕਾਂ ਦੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਅੰਕੜੇ ਅਤੇ ਤਰਕ ਦੇਕੇ ਮੌਜੂਦਾ ਬੱਸ ਅੱਡੇ ਦੇ ਫਾਇਦੇ ਦੱਸੇ ਗਏ ਹਨ ਤਾਂ ਫਿਰ ਬਦਲਣ ਦੀ ਜਿੱਦ ਕਿਉਂ ਕੀਤੀ ਜਾ ਰਹੀ ਹੈ। ਸੰਦੀਪ ਬਾਬੀ ਅਤੇ ਕੰਵਲਜੀਤ ਭੰਗੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਲੋਕ ਅਵਾਜ਼ ਸੁਣ ਕੇ ਬਸ ਅੱਡਾ ਬਦਲਣ ਵਾਲਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਪਾਇਲ ਅਰੋੜਾ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਸਮਾਂ ਲੰਘਣ ਨਾਲ ਸੰਘਰਸ਼ ਖਤਮ ਹੋ ਜਾਏਗਾ ਜਦੋਂਕਿ ਲੋਕ ਫੈਸਲਾ ਵਾਪਿਸ ਨਾਂ ਬਦਲਣ ਦੀ ਸੂਰਤ ’ਚ ਇੱਟ ਨਾਲ ਇੱਟ ਖੜਕਾਉਣ ਲਈ ਤਿਆਰ ਹਨ। ਭਾਜਪਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਆਮ ਲੋਕਾਂ ਦੀ ਦੁਸ਼ਮਣ ਬਣਕੇ ਸਰਕਾਰ ਕਦੇ ਬੱਸ ਅੱਡਾ ਬਦਲਣ ਤੇ ਕਦੇ ਟੋਹ ਵੈਨ ਰਾਹੀਂ ਲੁੱਟ ਕਰ ਰਹੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣੇ ਤਾਨਾਸ਼ਾਹੀ ਫ਼ੈਸਲੇ ਨਾ ਵਾਪਸ ਲਏ ਤਾਂ 15 ਅਗਸਤ ਨੂੰ ਵੱਡੇ ਰੂਪ ’ਚ ਸੰਘਰਸ਼ ਹੋਵੇਗਾ। ਵਪਾਰ ਮੰਡਲ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਜੇ ਸਰਕਾਰ ਲੋਕ-ਵਿਰੋਧੀ ਨੀਤੀਆਂ ਤੋਂ ਪਿੱਛੇ ਨਾ ਹਟੀ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਮਿਲੇਗੀ। ਖੇਤ ਮਜ਼ਦੂਰ ਯੂਨੀਅਨ ਸਭਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਨੇ ਵੀ ਸਰਕਾਰ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਜਪਾ ਆਗੂ ਅਸ਼ੋਕ ਬਲਿਆਂਵਾਲੀ ਨੇ ਮੋਰਚੇ ਦੀ ਪੂਰਨ ਹਮਾਇਤ ਦਿੱਤੀ। ਇਸ ਮੌਕੇ ਆਗੂਆਂ ਨੇ ਇਕੋ ਸੁਰ ’ਚ ਲੈਂਡ ਪੂਲਿੰਗ ਨੀਤੀ ਖਿਲਾਫ ਲੜ ਰਹੇ ਕਿਸਾਨਾਂ ਦੇ ਹੱਕ ’ਚ ਡਟਣ ਦਾ ਐਲਾਨ ਵੀ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ, ਬੀਕੇਯੂ ਸਿੱਧੂਪੁਰ ਦੇ ਬਲਦੇਵ ਸਿੰਘ ਸੰਦੋਹਾ, ਬੂਟਾ ਸਿੰਘ ਤੁੰਗਵਾਲੀ (ਬੀਕੇਯੂ ਡਕੌਂਦਾ), ਅਮਰਜੀਤ ਹਨੀ,ਬਲਵਿੰਦਰ ਸਿੰਘ ਬਾਹੀਆ, ਵਿਦਿਆਰਥੀ ਆਗੂ ਸੰਕੇਤ ਵੈਦ ਅਤੇ ਦੇਵੀ ਦਿਆਲ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।