ਸ਼ਤਾਬਦੀ ਮੌਕੇ ਬੁੱਢਾ ਦਲ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਿਸ਼ੇਸ਼ ਨਗਰ ਕੀਰਤਨ ਅਯੋਜਿਤ ਕਰਨਗੀਆਂ: ਬਾਬਾ ਬਲਬੀਰ ਸਿੰਘ 96 ਕਰੋੜੀ
ਤਲਵੰਡੀ ਸਾਬੋ:- 31 ਜੁਲਾਈ 2025 - ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨਾਲ ਗੁਰਮਤਾ ਕਰਕੇ ਮਨਾਈਆਂ ਜਾਣ ਵਾਲੀਆਂ ਸ਼ਤਾਬਦੀਆਂ ਸਬੰਧੀ ਜਲਦ ਹੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਅਸਥਾਨ ਗੁ: ਸੀਸ ਗੰਜ ਸਾਹਿਬ ਦਿਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਸੀਸ ਭੇਟ ਨਗਰ ਕੀਰਤਨ ਅਤੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਨਗਰ ਕੀਰਤਨ ਹੋਣਗੇ।
ਇਨ੍ਹਾਂ ਸ਼ਤਾਬਦੀਆਂ ਮੌਕੇ ਸੋਵੀਨਰ, ਪੁਸਤਕਾਂ ਵਿਸ਼ੇਸ਼ ਤੌਰ ਤੇ ਰਲੀਜ਼ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਜਿਥੇ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਸ਼ਤਾਬਦੀਆਂ ਸਮੇਂ ਸਹਿਯੋਗ ਕਰਨਗੀਆਂ, ਉਥੇ ਨਿਹੰਗ ਸਿੰਘ ਵੱਖਰੇ ਤੌਰ ਤੇ ਵਿਸ਼ੇਸ਼ ਸਮਾਗਮ ਵੀ ਉਲੀਕਣਗੇ। ਉਨ੍ਹਾਂ ਕਿਹਾ ਬੁੱਢਾ ਦਲ ਵੱਲੋਂ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ ਜਲਦ ਪ੍ਰਕਾਸ਼ਨਾ ਕਰਵਾਈ ਜਾਵੇਗੀ। ਇਸ ਮੌਕੇ ਤੇ ਸਮਾਗਮ ਵਿਚ ਜੁੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿਤੀ। ਉਨ੍ਹਾਂ ਕਿਹਾ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਸਬੰਧੀ ਵਿਦਵਾਨਾਂ ਦੀ ਜੁੰਮੇਵਾਰੀ ਨਿਰਧਾਰਤ ਕਰ ਦਿਤੀ ਗਈ ਹੈ।