2 ਵਿਅਕਤੀਆਂ ਵੱਲੋਂ ਖੁਦਕੁਸ਼ੀ ਦੇ ਮਾਮਲੇ ਦਾ ਐੱਸ.ਸੀ. ਕਮਿਸ਼ਨ ਨੇ ਲਿਆ ਨੋਟਿਸ
* ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਮੁਤਾਬਕ ਸਖ਼ਤ ਕਰਵਾਈ ਦੀਆਂ ਹਦਾਇਤਾਂ
ਪਟਿਆਲਾ/ ਪਾਤੜਾਂ, 31 ਜੁਲਾਈ 2025 - ਪਿਛਲੇ ਹਫਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਨਿਆਲ ਵਿਖੇ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਕਾਨੂੰਨ ਮੁਤਾਬਕ ਸਖਤ ਹਦਾਇਤ ਕੀਤੀ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ।
ਸ਼੍ਰੀ ਬੌਬੀ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਪਾਤੜਾਂ 'ਚ ਟਰੱਕ ਮਾਲਿਕ ਵੱਲੋਂ ਕਥਿਤ ਤੌਰ ਉੱਤੇ ਅਪਣੇ ਡਰਾਇਵਰ ਅਤੇ ਕਲੀਨਰ 'ਤੇ ਚੋਰੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਥਿਤ ਤੌਰ ਉੱਤੇ ਭੱਦੀ ਸ਼ਬਦਾਵਲੀ ਵਰਤਦਿਆਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਡਰਾਇਵਰ ਦਵਿੰਦਰ ਸਿੰਘ ਅਤੇ ਕਲੀਨਰ ਹਰਪ੍ਰੀਤ ਸਿੰਘ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ।
ਸ਼੍ਰੀ ਬੌਬੀ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਨਿਆਲ ਵਿਖੇ ਪੁੱਜ ਕੇ ਦੋਨਾਂ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਮੁਤਾਬਕ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।