ਆਈ.ਈ.ਟੀ. ਭੱਦਲ ਨੂੰ ਮਿਲਿਆ ਨੈਕ ਪ੍ਰਮਾਣੀਕਰਨ - ਗੁਣਵੱਤਾ ਯੁਕਤ ਸਿੱਖਿਆ ਵੱਲ ਇੱਕ ਹੋਰ ਕਦਮ।
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਜੂਨ 2025: ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਆਈ.ਈ.ਟੀ.), ਭੱਦਲ ਨੇ ਇੱਕ ਹੋਰ ਵੱਡੀ ਉਪਲੱਬਧੀ ਹਾਸਲ ਕਰਦਿਆਂ ਰਾਸ਼ਟਰੀ ਮੁਲਾਂਕਣ ਅਤੇ ਪ੍ਰਮਾਣੀਕਰਨ ਪਰੀਸ਼ਦ (ਨੈਕ) ਵੱਲੋਂ “ਬੀ-ਪਲੱਸ” ਗਰੇਡ ਨਾਲ ਪ੍ਰਮਾਣੀਕਰਨ ਪ੍ਰਾਪਤ ਕੀਤਾ ਹੈ। ਕਾਲਜ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪ੍ਰਮਾਣੀਕਰਨ ਸੰਸਥਾ ਵੱਲੋਂ ਸਿੱਖਿਆ ਦੀ ਗੁਣਵੱਤਾ, ਸੰਸਥਾਗਤ ਪ੍ਰਬੰਧਨ, ਨਵੀਨਤਾ ਅਤੇ ਸਮਾਜਕ ਜ਼ਿੰਮੇਵਾਰੀ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਸਮੂਹ ਸਟਾਫ ਨੂੰ ਇਸ ਦੀ ਵਧਾਈ ਦਿੰਦਿਆ ਕਿਹਾ ਕਿ ਇਹ ਸਮੁੱਚੇ ਸਟਾਫ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਕਾਲਜ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ.ਐਸ.ਐਸ. ਬਿੰਦਰਾ ਨੇ ਨੈਕ ਪ੍ਰਮਾਣੀਕਰਨ ਪ੍ਰਕਿਰਿਆ ਦੀ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਇਸ ਪ੍ਰਕਿਰਿਆ ਤਹਿਤ ਨੈਕ ਪੀਅਰ ਟੀਮ ਵੱਲੋਂ ਸੰਸਥਾ ਦੇ ਅਨੇਕ ਪੱਖਾਂ ਦੀ ਵਿਸਥਾਰ ਪੂਰਵਕ ਜਾਂਚ ਕੀਤੀ ਜਾਂਦੀ ਹੈ, ਜਿਸ ਵਿੱਚ ਅਧਿਆਪਨ ਅਤੇ ਅਧਿਐਨ ਦੀ ਗੁਣਵੱਤਾ, ਵਿਦਿਆਰਥੀ ਕੇਂਦਰਿਤ ਗਤੀਵਿਧੀਆਂ, ਬੁਨਿਆਦੀ ਢਾਂਚਾ, ਰਿਸਰਚ ਤੇ ਵਿਕਾਸ, ਸਾਂਸਕ੍ਰਿਤਕ ਅਤੇ ਸਮਾਜਿਕ ਸਰਗਰਮੀਆਂ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਨੈਕ ਵੱਲੋਂ ਪ੍ਰਾਪਤ ਇਹ ਪ੍ਰਮਾਣੀਕਰਨ ਸਾਡੀ ਸੰਸਥਾ ਦੀ ਦ੍ਰਿੜ ਅਤੇ ਸਮੂਹਿਕ ਕਵਾਇਦ ਦਾ ਨਤੀਜਾ ਹੈ। ਇਹ ਸਿਰਫ਼ ਮਾਣਯੋਗ ਪਲ ਨਹੀਂ, ਸਗੋਂ ਸਾਡੀ ਆਗਾਮੀ ਯੋਜਨਾਵਾਂ ਲਈ ਇੱਕ ਮਜ਼ਬੂਤ ਮਾਰਗਦਰਸ਼ਨ ਵੀ ਹੈ। ਇਸ ਮੌਕੇ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਨੇ ਪ੍ਰਤਿਭਾਸ਼ਾਲੀ ਅਤੇ ਗਤੀਸ਼ੀਲ ਕੁਆਰਡੀਨੇਟਰਾਂ ਦੀ ਅਗਵਾਈ ਵਿੱਚ ਸਮੁੱਚੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਭਵਿੱਖ ਵਿੱਚ ਵੀ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਵਿਸ਼ੇਸ ਤੌਰ ਤੇ ਕਾਲਜ ਆਈ.ਕਿਊ.ਏ.ਸੀ. ਸੈੱਲ ਦੀ ਵੀ ਪ੍ਰਸੰਸਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਹੁਣ ਨੈਕ ਵੱਲੋਂ ਦਿੱਤੇ ਗਏ ਫੀਡਬੈਕ ਦੇ ਆਧਾਰ 'ਤੇ ਹੋਰ ਸੁਧਾਰ ਲਿਆਉਣ ਅਤੇ ਵਿਦਿਆਰਥੀ ਕੇਂਦਰਿਤ ਅਕਾਦਮਿਕ ਗਤੀਵਿਧੀਆਂ ਤੇ ਕੰਮ ਕਰੇਗੀ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਤਰਨਜੀਤ ਕੌਰ, ਉਂਕਾਰ ਸਿੰਘ, ਵਿਸ਼ਾਲ ਅਰੌੜਾ, ਨਿਲੇਸ਼ਵਰ ਟਾਕ, ਭਵਨਪ੍ਰੀਤ ਕੌਰ ਆਦਿ ਹਾਜ਼ਰ ਸਨ।