ਨੰਗਲ ਲੀਜ਼ ਦਾ ਮਸਲਾ ਜਲਦੀ ਹੱਲ ਹੋਣ ਦੀ ਸੰਭਾਵਨਾ ਬੱਝੀ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਬੀਬੀਐਮਬੀ ਦੇ ਚੇਅਰਮੈਨ ਨਾਲ ਮੁੜ ਕੀਤੀ ਮੁਲਾਕਾਤ
ਚੇਅਰਮੈਨ ਮਨੋਜ਼ ਤ੍ਰਿਪਾਠੀ ਨੇ ਰਿਪੋਰਟ ਦੇ ਆਧਾਰ 'ਤੇ ਲੋਕ ਹਿੱਤ ਵਿੱਚ ਬੀਬੀਐਮਬੀ ਲੀਜ਼ ਦਾ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ- ਅਜੈਵੀਰ ਸਿੰਘ ਲਾਲਪੁਰਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 26 ਮਾਰਚ 2025:ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਲੰਬੇ ਸਮੇਂ ਤੋਂ ਲਟਕ ਰਹੇ ਬੀਬੀਐਮਬੀ ਲੀਜ਼ ਦੇ ਮੁੱਦੇ ਦਾ ਸਥਾਈ ਹੱਲ ਲੱਭਣਾ ਅਤੇ ਹੋਰ ਜਨਹਿੱਤ ਦੇ ਮੁੱਦਿਆਂ 'ਤੇ ਸਕਾਰਾਤਮਕ ਵਿਚਾਰ ਵਟਾਂਦਰੇ ਕਰਨਾ ਸੀ। ਮੀਟਿੰਗ ਦੌਰਾਨ ਚੇਅਰਮੈਨ ਸ੍ਰੀ ਤ੍ਰਿਪਾਠੀ ਨੇ ਬੋਰਡ ਤੋਂ ਰਿਪੋਰਟ ਲੈਣ ਤੋਂ ਬਾਅਦ ਜਨਹਿੱਤ ਵਿੱਚ ਬੀਬੀਐਮਬੀ ਲੀਜ਼ ਦੇ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਭਰੋਸੇ ਨੇ ਸਥਾਨਕ ਵਸਨੀਕਾਂ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਦੇਣ ਦੀ ਉਮੀਦ ਜਗਾ ਦਿੱਤੀ ਹੈ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੁੰਝਲਦਾਰ ਲੀਜ਼ ਦਾ ਮਸਲਾ ਜਲਦੀ ਹੱਲ ਹੋ ਜਾਵੇਗਾ ਅਤੇ ਸਬੰਧਤ ਪਰਿਵਾਰਾਂ ਨੂੰ ਰਾਹਤ ਮਿਲੇਗੀ। ਮੀਟਿੰਗ ਵਿੱਚ ਲੀਜ਼ ਦੇ ਮੁੱਦੇ ਤੋਂ ਇਲਾਵਾ ਹੋਰ ਜਨਹਿੱਤ ਦੇ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਜਪਾ ਨੰਗਲ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ। ਚੇਅਰਮੈਨ ਸ੍ਰੀ ਤ੍ਰਿਪਾਠੀ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਢੁਕਵੇਂ ਕਦਮ ਚੁੱਕਣ ਦਾ ਭਰੋਸਾ ਵੀ ਦਿੱਤਾ। ਲਾਲਪੁਰਾ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਬੀਬੀਐਮਬੀ ਲੀਜ਼ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਅੱਜ ਚੇਅਰਮੈਨ ਦੇ ਸਕਾਰਾਤਮਕ ਭਰੋਸੇ ਤੋਂ ਬਾਅਦ ਇਹ ਜਨਤਕ ਮਸਲਾ ਜਲਦੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਰੂਪਨਗਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹਨ ਅਤੇ ਇਸੇ ਤਰ੍ਹਾਂ ਉਹ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਦੀ ਆਵਾਜ਼ ਕੇਂਦਰੀ ਲੀਡਰਸ਼ਿਪ ਅਤੇ ਅਧਿਕਾਰੀਆਂ ਤੱਕ ਪਹੁੰਚਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਅਜੈਵੀਰ ਸਿੰਘ ਲਾਲਪੁਰਾ ਸਰਗਰਮੀ ਨਾਲ ਇਲਾਕੇ ਦੇ ਮੁੱਦੇ ਚੁੱਕ ਰਹੇ ਹਨ, ਹਾਲ ਵਿੱਚ ਉਹਨਾਂ ਨੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨਾਲ ਜ਼ਿਲ੍ਹੇ ਨਾਲ ਜੁੜੇ ਰੇਲ ਮੁੱਦਿਆਂ ਬਾਬਤ ਮੁਲਾਕਾਤ ਕੀਤੀ ਸੀ।