ਬਠਿੰਡਾ ਪੁਲਿਸ ਨੇ ਦਬੋਚਿਆ ‘ਆਸਟਰੇਲੀਆ’ ਤੋਂ ਆਇਆ ਜੋੜਾ –ਜਿੰਨ੍ਹਾਂ ਰਚਿਆ ਡਰਾਮਾ ਲੁੱਟ ਦਾ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2025 : ਬਠਿੰਡਾ ਜ਼ਿਲ੍ਹੇ ਵਿੱਚ ਗੋਨਿਆਣਾ ਜੈਤੋ ਮੁੱਖ ਸੜਕ ਤੇ ਲੁਟੇਰਿਆਂ ਵੱਲੋਂ ਕਾਰ ਸਵਾਰ ਪਤੀ ਪਤਨੀ ਤੋਂ ਸੋਨੇ ਦੇ ਗਹਿਣੇ ਲੁੱਟਣ ਦਾ ਮਾਮਲਾ ਡਰਾਮਾ ਨਿਕਲਿਆ ਜਿਸ ਤੋਂ ਅੱਜ ਬਠਿੰਡਾ ਪੁਲਿਸ ਨੇ ਪਰਦਾ ਚੁੱਕਿਆ ਹੈ। ਇਸ ਮਾਮਲੇ ’ਚ ਪੁਲਿਸ ਨੇ ਸ਼ਕਾਇਤਕਰਤਾ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਸਾਹਿਲ ਸਿੰਘ ਪੁੱਤਰ ਸ਼ਮਿੰਦਰ ਸਿੰਘ ਅਤੇ ਰਜਿੰਦਰ ਕੌਰ ਉਰਫ ਸੋਨੀਆ ਪਤਨੀ ਸਾਹਿਲ ਸਿੰਘ ਵਾਸੀਅਨ ਪਿੰਡ ਚੱਕ ਬਖਤੂ ਹਾਲ ਅਬਾਦ ਐਡੀਲੈਂਡ ਆਸਟਰੇਲੀਆ ਵਜੋਂ ਹੋਈ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪਤੀ ਪਤਨੀ ਦੀ ਇਸ ਹਰਕਤ ਕਾਰਨ ਉਨ੍ਹਾਂ 8 ਖਿਡਾਰੀ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੁਲਿਸ ਦੀ ਤਫਤੀਸ਼ ’ਚ ਸ਼ਾਮਲ ਹੋਣ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਚੋਂ ਗੁਜ਼ਰਨਾ ਪਿਆ ਜੋ ਲੱਗੇ ਤਾਂ ਪਤੀ ਪਤਨੀ ਜੋੜੇ ਦੀ ਸਹਾਇਤਾ ਕਰਨ ਸੀ ਪਰ ਉਲਟਾ ਉਨ੍ਹਾਂ ਤੇ ਡਾਕਾ ਮਾਰਨ ਦੇ ਦੋਸ਼ ਲੱਗ ਗਏ।

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਸਬੰਧੀ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਵਿੱਚ ਰਜਿੰਦਰ ਕੌਰ ਉਰਫ ਸੋਨੀਆ ਪਤਨੀ ਸਾਹਿਲ ਸਿੰਘ ਵਾਸੀ ਪਿੰਡ ਚੱਕ ਬਖਤੂ ਹਾਲ ਅਬਾਦ ਆਸਟਰੇਲੀਆ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਨੇੜਲੇ ਪਿੰਡ ਤੋਂ ਆਪਣੇ ਇੱਕ ਰਿਸ਼ਤੇਦਾਰ ਦੇ ਘਰੋਂ ਜਾਗੋ ਪ੍ਰੋਗਰਾਮ ਤੋਂ ਵਾਪਸ ਆਪਣੇ ਪਿੰਡ ਚੱਕ ਬਖਤੂ ਵਾਲਾ ਵਿਖੇ ਜਾ ਰਹੇ ਸਨ। ਜਦੋਂ ਉਹ ਕਰੀਬ ਰਾਤ 12.15ਵਜੇ ਜੈਤੋ ਰੋਡ ਤੋਂ ਪੈਟਰੋਲ ਪੰਪ ਲੰਘੇ ਤਾਂ ਉਨ੍ਹਾਂ ਦੇ ਲੜਕੇ ਨੂੰ ਉਲਟੀ ਆਉਣ ਵਰਗਾ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਕਾਰ ਰੋਕ ਲਈ। ਜਦੋਂ ਉਹ ਬੱਚੇ ਨੂੰ ਉਲਟੀ ਕਰਵਾਉਣ ਲੱਗੀ ਤਾਂ ਇਸ ਦੌਰਾਨ ਪਿੱਛੋਂ ਆ ਰਹੀ ਆਰਟੀਗਾ ਕਾਰ ਚੋਂ 7-8 ਨੌਜਵਾਨ ਉੱਤਰੇ ਜਿੰਨ੍ਹਾਂ ਚੋਂ ਇੱਕ ਨੇ ਪਿਸਤੌਲ ਦੀ ਨੋਕ ਤੇ ਉਨ੍ਹਾਂ ਨੂੰ ਸੋਨੇ ਦੇ ਗਹਿਣੇ ਅਤੇ ਨਕਦੀ ਵਗੈਰਾ ਦੇਣ ਲਈ ਕਿਹਾ।
ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਦੀ ਕਹਾਣੀ ਮੁਤਾਬਕ ਇੰਨ੍ਹਾਂ ਨੌਜਵਾਨਾਂ ਚੋਂ ਇੱਕ ਨੇ ਉਸ ਦੇ ਪਤੀ ਸਾਹਿਲ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤਾਂ ਉਸ ਨੇ ਡਰ ਦੇ ਮਾਰੇ ਤਕਰੀਬਨ 28 ਤੋਲੇ ਦੀਆਂ ਹੱਥ ’ਚ ਪਾਈਆਂ ਚੂੜੀਆਂ, 8 ਤੋਲਿਆਂ ਦਾ ਰਾਣੀ ਹਾਰ ਅਤੇ ਸਾਹਿਲ ਦੇ ਹੱਥ ’ਚ ਪਾਇਆ ਦੋ ਤੋਲਿਆਂ ਦੇ ਬਰੈਸਲੈਟ ਸਮੇਤ ਕੁੱਲ 39 ਤੋਲੇ ਸੋਨਾ ਖੋਹਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸੀਆਈਏ ਸਟਾਫ 2 , ਐਸਐਚਓ ਥਾਣਾ ਨੇਹੀਆਂ ਵਾਲਾ ਅਤੇ ਪੁਲਿਸ ਚੌਂਕੀ ਗੋਨਿਆਣਾ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਪਤੀ ਪਤਨੀ ਨੇ ਲੁੱਟ ਦੀ ਮਨਘੜਤ ਕਹਾਣੀ ਘੜੀ ਸੀ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਦੋਵੇਂ ਪਤੀ ਪਤਨੀ ਸੜਕ ਤੇ ਝਗੜਾ ਕਰ ਰਹੇ ਸਨ ਤਾਂ ਇਸੇ ਦੌਰਾਨ ਉਨ੍ਹਾਂ ਕੋਲ ਆਰਟੀਗਾ ਕਾਰ ਆਕੇ ਰੁਕੀ ਜਿਸ ਨੂੰ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਖੂਈ ਖੇੜਾ ਚਲਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਕਾਰ ਵਿੱਚ ਵਾਲੀਬਾਲ ਦੇ ਖਿਡਾਰੀ ਸੁਰੇਸ਼ ਕੁਮਾਰ ਤੇ ਸੌਰਵ ਕੁਮਾਰ ਪੁਤਰਾਨ ਰਾਮ ਕੁਮਾਰ, ਸੰਦੀਪ ਕੁਮਾਰ ਪੁੱਤਰ ਖੜਕ ਸਿੰਘ, ਪੰਕਜ ਕੁਮਾਰ ਪੁੱਤਰ ਰਾਜ ਕੁਮਾਰ,ਵਿਜੇ ਪਾਲ ਪੁੱਤਰ ਇੰਦਰਾਜ ਕੁਮਾਰ,ਪਵਨ ਕੁਮਾਰ ਪੁੱਤਰ ਦਲੀਪ ਕੁਮਾਰ,ਵਿਨੋਦ ਕੁਮਾਰ ਪੁੱਤਰ ਰਾਮ ਕੁਮਾਰ ਵਾਸੀਅਨ ਰਾਮਕੋਟ ਜਿਲ੍ਹਾ ਫਾਜ਼ਿਲਕਾ ਅਤੇ ਸਚਿਨ ਪੁੱਤਰ ਵਿਨੋਦ ਕੁਮਾਰ ਵਾਸੀ ਸਤੀਰਵਾਲਾ ਜਿਲ੍ਹਾ ਫਾਜ਼ਿਲਕਾ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਰਾਤ ਦਾ ਵਕਤ ਹੋਣ ਕਾਰਨ ਪਤੀ ਪਤਨੀ ਦੀ ਸਹਾਇਤਾ ਕਰਨ ਲਈ ਰੁਕੇ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਨੌਜਵਾਨਾਂ ਨੇ ਤਾਂ ਝਗੜਾ ਕਰ ਰਹੇ ਪਤੀ ਪਤਨੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਲਟਾ ਉਨ੍ਹਾਂ ਤੇ ਲੱਖਾਂ ਦਾ ਸੋਨਾ ਲੁੱਟਣ ਦੇ ਦੋਸ਼ ਲਾ ਦਿੱਤੇ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇੰਨ੍ਹਾਂ ਖਿਡਾਰੀ ਮੁੰਡਿਆਂ ਤੋਂ ਇਕੱਲੇ ਇਕੱਲੇ ਪੁੱਛਗਿਛ ਕੀਤੀ ਹੈ ਤਾਂ ਪੁਲਿਸ ਦਾ ਕਹਣੀ ਘੜਨ ਵਾਲਾ ਸ਼ੱਕ ਸਹੀ ਸਾਬਤ ਹੋ ਗਿਆ ਹੈ।
ਪੁਲਿਸ ਨੇ ਤਬਦੀਲ ਕੀਤੀਆਂ ਧਾਰਾਵਾਂ
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਪਤੀ ਪਤਨੀ ਵੱਲੋਂ ਦਿੱਤੀ ਇਤਲਾਹ ਦੇ ਅਧਾਰ ਤੇ ਲੁੱਟ ਖੋਹ ਦੇ ਦੋਸ਼ਾਂ ਵਾਲੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਜਿੰਦਰ ਕੌਰ ਉਰਫ ਸੋਨੀਆ ਅਤੇ ਸਾਹਿਲ ਸਿੰਘ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਨਾ ਅਤੇ ਸਰਕਾਰੀ ਡਿਊਟੀ ’ਚ ਵਿਘਨ ਪਾਇਆ ਹੈ ਜਿਸ ਨੂੰ ਦੇਖਦਿਆਂ ਹੁਣ ਐਫਆਈਆਰ ’ਚ ਪੁਰਾਣੀਆਂ ਧਾਰਾਵਾਂ ਨੂੰ ਖਤਮ ਕਰਕੇ ਨਵੀਆਂ ਧਾਰਾ ਜੋੜੀਆਂ ਗਈਆਂ ਹਨ ਜਿੰਨ੍ਹਾਂ ਤਹਿਤ ਦੋਵੇਂ ਗ੍ਰਿਫਤਾਰ ਕੀਤੇ ਗਏ ਹਨ।
ਸੱਚੀ ਇਤਲਾਹ ਦੇਣ ਲੋਕ ਐਸਐਸਪੀ
ਐਸਐਸਪੀ ਅਮਨੀਤ ਕੌਂਡਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਪੁਲਿਸ ਨੂੰ ਸਹੀ ਤੇ ਸੱਚੀ ਇਤਲਾਹ ਦੇਣ ਤਾਂ ਜੋ ਪੁਲਿਸ ਦਾ ਸਮਾਂ ਖਰਾਬ ਨਾ ਹੋਵੇ ਅਤੇ ਸ਼ਕਾਇਤਕਰਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ। ਉਨ੍ਹਾਂ ਕਿਹਾ ਕਿ ਝੂਠੀ ਸੂਚਨਾ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਚੋਰੀ ਜਾਂ ਲੁੱਟ ਦੇ ਸਮਾਨ ਬਾਰੇ ਵੀ ਲੋਕ ਸਚਾਈ ਦੱਸਣ ਤਾਂ ਜੋ ਸੱਚ ਸਾਹਮਣੇ ਆਉਣ ਤੇ ਮੁਕੱਦਮੇ ਤੇ ਮਾੜਾ ਪ੍ਰਭਾਵ ਅਤੇ ਸ਼ਕਾਇਤਕਰਤਾ ਨੂੰ ਨਮੋਸ਼ੀ ਦਾ ਸਾਹਮਣਾ ਨਾਂ ਕਰਨਾ ਪਵੇ।