ਮਿਲਟਸ ਦੀ ਖੇਤੀ ਅਤੇ ਖੁਰਾਕ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਨੀਵ ਦੀ ਸ਼ੁਰੂਆਤ ਅੱਜ- ਡਾ. ਰੂਹੀ ਦੁੱਗ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 17 ਮਈ 2022: ਫਰੀਦਕੋਟ ਜਿਲੇ ਵਿੱਚ ਮੂਲ ਅਨਾਜਾਂ (ਮਿਲਟ) ਦੇ ਖੇਤੀ ਨੂੰ ਉਤਸ਼ਾਹਤ ਕਰਨ ਅਤੇ ਇਨ੍ਹਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਪ੍ਰਤੀ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਅਤੇ ਖੇਤੀ ਵਿਰਾਸਤ ਮਿਸ਼ਨ ਜੈਤੋਂ ਤੋਂ ਇਲਾਵਾ ਹੋਰ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦਾ ਸਹਿਯੋਗ ਨਾਲ ਨੀਵ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮੂਲ ਅਨਾਜਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਨੀਵ ਅੱਜ ਮਿਤੀ 18 ਮਈ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਦੁਪਿਹਰ 1.30 ਤੋਂ 2.15 ਵਜੇ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਉਪਰੰਤ ਮੂਲ ਅਨਾਜਾਂ ਜਿਵੇਂ ਕਿ ਕੰਗਨੀ, ਕੋਧਰਾ, ਬਾਜਰਾ, ਜਵਾਰ, ਜੌਂ, ਗੁੱਟਕੀ ਆਦਿ ਤੋਂ ਬਣੇ ਪਕਵਾਨ ਹਾਜਰੀਨ ਨੂੰ ਖੁਆਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਲੋਕਾਂ ਨੂੰ ਮੂਲ ਅਨਾਜਾਂ ਦੀ ਖੇਤੀ ਅਤੇ ਖਾਣ ਪ੍ਰਤੀ ਜਾਗਰੂਕ ਕਰਨਾ ਹੈ ਜਿਸ ਨਾਲ ਸਾਡੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਬੀਮਾਰੀਆਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਖੇਤੀ ਵਿੱਚ ਵਿਭਿੰਨਤਾ ਆਵੇਗੀ। ਉਨ੍ਹਾਂ ਦਾ ਰੁਝਾਨ ਕੁਦਰਤੀ ਖੇਤੀ ਵੱਲ ਵੀ ਵਧੇਗਾ ਅਤੇ ਮੂਲ ਅਨਾਜਾਂ ਦੇ ਉਤਪਾਦ ਨਾਲ ਪਾਣੀ ਦੀ ਘੱਟ ਵਰਤੋਂ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸ਼ਨ ਇਸ ਉੱਦਮ ਲਈ ਖੇਤੀ ਵਿਰਾਸਤ ਮਿਸ਼ਨ ਜੈਤੋ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਮੂਲ ਅਨਾਜਾਂ ਵੱਲ ਲਿਆਂਦਾ ਜਾ ਸਕੇ।
ਉਨ੍ਹਾਂ ਕਿਹਾ ਕਿ ਮੂਲ ਅਨਾਜਾਂ ਪ੍ਰਤੀ ਪਰਤਨਾ ਸਮੇਂ ਦੀ ਲੋੜ ਹੈ ਅਤੇ ਸਾਡੀ ਸਿਹਤ ਲਈ ਵੀ ਅਤੇ ਵਾਤਾਵਰਣ ਦੇ ਸੁਧਾਰ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ. ਡਾ. ਰਾਜ ਬਹਾਦਰ, ਖੇਤੀ ਵਿਰਾਸਤ ਮਿਸ਼ਨ ਦੇ ਸ੍ਰੀ ਓਮੇਂਦਰ ਦੱਤ ਸਮੇਤ ਹੋਰ ਬੁਲਾਰੇ ਵੀ ਸੰਬੋਧਨ ਕਰਨਗੇ।