ਕਾਨੂੰਨੀ ਸੇਵਾਵਾਂ ਦੇ ਪ੍ਰਚਾਰ ਲਈ ਨੁੱਕੜ ਨਾਟਕ ਕਰਵਾਇਆ
ਸੰਜੀਵ ਜਿੰਦਲ
ਮਾਨਸਾ, 19 ਅਕਤੂਬਰ 2021 : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਐਡੀਸ਼ਨਲ ਮੈਂਬਰ ਸੈਕਟਰੀ ਦੇ ਹੁਕਮਾਂ ਅਨੁਸਾਰ 2 ਅਕਤੂਬਰ ਤੋਂ ਲੈ ਕੇ 14 ਨਵੰਬਰ ਤੱਕ ਪੈਨ ਇੰਡੀਆ ਕੰਪੈਨ ਦੇ ਤਹਿਤ ਰੇਲਵੇ ਫਾਟਕ ਕੋਲ ਮਜਦੂਰਾਂ ਵਿਚਕਾਰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਚੱਲ ਰਹੀਆਂ ਸੇਵਾਵਾਂ ਦੇ ਪ੍ਰਚਾਰ ਲਈ ਨੁੱਕੜ ਨਾਟਕ ਕਰਵਾਇਆ ਗਿਆ।
ਇਸ ਨੁੱਕੜ ਨਾਟਕ ਵਿਚ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਤਰਸੇਮ ਸੇਮੀ ਵੱਲੋਂ ਤਿਆਰ ਕਰਵਾਏ ਇਸ ਨਾਟਕ ਰਾਹੀਂ ਲੋਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਸੀ.ਜੇ ਐੱਮ-ਕਮ-ਸਕੱਤਰ ਮੈਡਮ ਸ਼ਿਲਪਾ ਵਰਮਾ ਅਤੇ ਦਿਲਸ਼ਾਦ ਕੌਰ ਜੋ ਵਿਸ਼ੇਸ਼ ਤੌਰ 'ਤੇ ਇਸ ਨੁੱਕੜ ਨੂੰ ਦੇਖਣ ਅਤੇ ਬੱਚਿਆਂ ਦੀ ਹੌਸਲਾ ਹਫਜਾਈ ਲਈ ਪਹੁੰਚੇ ਸਨ, ਉਨ੍ਹਾਂ ਕਿਹਾ ਕਿ ਅਜਿਹੇ ਨੁੱਕੜ ਨਾਟਕਾਂ ਦਾ ਆਯੋਜਨ ਕਰਵਾਉਣਾ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦਾ ਗਰੀਬ ਲੋਕਾਂ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਪਹੁੰਚਾਉਣਾ ਮੁੱਖ ਮਨੋਰਥ ਹੈ। ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਨੁਕੜ ਨਾਟਕ ਕਰਵਾ ਕੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਐਡਵੋਕੇਟ ਬਲਵੀਰ ਕੌਰ ਵੱਲੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਮੁਫਤ ਕਾਨੂੰਨੀ ਸਕੀਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਮਾਜ ਸੇਵੀ ਤਰਸੇਮ ਸੇਮੀ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਿੰਪਲ ਮੋਂਗਾ ਹਾਜ਼ਰ ਸਨ।