ਨਸ਼ਾ ਮੁਕਤ ਭਾਰਤ ਤਹਿਤ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
ਦਸਤਖ਼ਤ ਮੁਹਿੰਮ ਰਾਹੀਂ ਲਿਆ ਨਸ਼ਾ ਮੁਕਤ ਸਮਾਜ ਦਾ ਸੰਕਲਪ
ਰੋਹਿਤ ਗੁਪਤਾ
ਗੁਰਦਾਸਪੁਰ, 26 ਜੂਨ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ, ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਉੱਪਲ ਦੀ ਯੋਗ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਹੇਠ ਅੱਜ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਗੁਰਦਾਸਪੁਰ ਵਿਖੇ ਵੱਖ-ਵੱਖ ਅਹੁਦਿਆਂ ਲਈ ਹੋ ਰਹੀਆਂ ਇੰਟਰਵਿਊਆਂ ਵਿੱਚ ਸ਼ਾਮਲ ਹੋਣ ਆਏ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਦਸਤਖ਼ਤ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਲਈ ਆਪਣਾ ਯੋਗਦਾਨ ਪਾਉਣ ਦਾ ਸੰਕਲਪ ਵੀ ਦਿਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਅਤੇ ਜ਼ਿਲ੍ਹਾ ਨੋਡਲ ਅਧਿਕਾਰੀ ਮੁਕੇਸ਼ ਵਰਮਾ ਨੇ ਉਮੀਦਵਾਰਾਂ ਨੂੰ ਨਸ਼ੇ ਦੇ ਦੁਰਪ੍ਰਭਾਵਾਂ, ਇਸ ਦੇ ਸਮਾਜਿਕ, ਆਰਥਿਕ ਅਤੇ ਪਰਿਵਾਰਕ ਜੀਵਨ ਉੱਤੇ ਪੈਣ ਵਾਲੇ ਗੰਭੀਰ ਅਸਰਾਂ ਅਤੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਖੋਖਲਾ ਕਰਦਾ ਹੈ, ਸਗੋਂ ਪਰਿਵਾਰ ਦੀ ਖੁਸ਼ਹਾਲੀ, ਸਮਾਜ ਦੀ ਸ਼ਾਂਤੀ ਅਤੇ ਦੇਸ਼ ਦੀ ਤਰੱਕੀ ਲਈ ਵੀ ਵੱਡੀ ਰੁਕਾਵਟ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਜਾਗਰੂਕ ਅਤੇ ਜ਼ਿੰਮੇਵਾਰ ਨੌਜਵਾਨ ਹੀ ਨਸ਼ਾ ਮੁਕਤ ਪੰਜਾਬ ਅਤੇ ਨਸ਼ਾ ਮੁਕਤ ਭਾਰਤ ਦੀ ਮਜ਼ਬੂਤ ਨੀਂਹ ਰੱਖ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਪੁਰਸ਼ੋਤਮ ਸਿੰਘ ਦੇ ਸਹਿਯੋਗ ਅਤੇ ਗਗਨਦੀਪ ਧਾਲੀਵਾਲ ਦੀ ਦੇਖ-ਰੇਖ ਹੇਠ ਚੱਲ ਰਹੀ ਇੰਟਰਵਿਊ ਪ੍ਰਕਿਰਿਆ ਦੌਰਾਨ ਪਹੁੰਚੇ ਸਾਰੇ ਉਮੀਦਵਾਰਾਂ ਨੂੰ ਨਸ਼ਾ ਮੁਕਤ ਭਾਰਤ ਦਾ ਸੰਕਲਪ ਵੀ ਦਿਵਾਇਆ ਗਿਆ। ਇਸ ਤੋਂ ਇਲਾਵਾ ਦਫ਼ਤਰ ਪਰਿਸਰ ਵਿੱਚ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਨੌਜਵਾਨਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਆਪਣੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਸਹਾਇਕ ਕੌਂਸਲਰ ਹਰਦੀਪ ਸਿੰਘ ਸੈਣੀ ਵੀ ਮੌਜੂਦ ਰਹੇ।
- Download Babushahi App
-
-