ਪੰਜ ਕਾਂਗਰਸੀ ਲੀਡਰਾਂ ਨੂੰ ਕਾਰਜਕਾਰੀ ਜਥੇਦਾਰ ਵੱਲੋਂ ਕੀਤਾ ਗਿਆ ਤਲਬ
ਕੁਲਵਿੰਦਰ ਸਿੰਘ
ਅੰਮ੍ਰਿਤਸਰ 23 ਜੁਲਾਈ 2021 - ਅੱਜ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਜਿੱਥੇ ਉਨ੍ਹਾਂ ਨੇ ਬਰਗਾੜੀ ਮੋਰਚੇ ਵਿਖੇ ਪਹੁੰਚੇ ਪੰਜ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿਚ ਆ ਕੇ ਇਨਸਾਫ਼ ਦਾ ਭਰੋਸਾ ਦਵਾਇਆ ਸੀ ਅਤੇ ਬਰਗਾੜੀ ਅਤੇ ਮੋਰਚਾ ਮੁਲਤਵੀ ਕਰ ਦਿੱਤਾl
ਪਰ 9 ਦਸੰਬਰ 2018 ਤੋਂ ਅੱਜ ਤੱਕ ਸਰਕਾਰ ਆਪਣੇ ਵਾਅਦੇ ਉੱਤੇ ਖਰੀ ਨਹੀਂ ਉਤਰੀ ਸਗੋਂ ਮੁਕਰ ਚੁੱਕੀ ਹੈ। ਇਸ ਸਬੰਧੀ ਪੰਜ ਮੈਂਬਰੀ ਟੀਮ ਨੇ ਜੁਮੇਵਾਰੀ ਚੁੱਕੀ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਨਾ ਦਵਾਉਣ ਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਧੋਖਾ ਕੀਤਾ ਹੈ। ਇਸ ਵਾਸਤੇ ਪੰਥਕ ਸਿਧਾਂਤਾਂ ਦੇ ਘਾਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਘਰਸ਼ ਨਾਲ ਅਤੇ ਸੰਗਤਾਂ ਦੇ ਜਜ਼ਬਾਤਾਂ ਨਾਲ ਹੋਏ ਖਿਲਵਾੜ ਦੇ ਦੋਸ਼ ਅਧੀਨ ਆਪ ਸਭ ਨੂੰ ਪੰਥਕ ਮਰਯਾਦਾ ਅਤੇ ਸਰਬੱਤ ਖਾਲਸਾ ਵੱਲੋਂ ਬਖਸ਼ਿਸ਼ ਸੇਵਾ ਅਨੁਸਾਰ ਮਿਤੀ 23-08-2021 ਦਿਨ ਤੇ ਨੂੰ ਸਵੇਰੇ 11:00 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੰਜ ਪਿਆਰਿਆਂ ਸਾਹਮਣੇ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ ।
ਧਿਆਨ ਸਿੰਘ ਮੰਡ ਨੇ ਕਿਹਾ ਕਿ ਇਹ ਮੁੱਦਾ ਪੰਥ ਨਾਲ ਜੁੜਿਆ ਹੋਇਆ ਹੈ। ਇਸ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਤੋਂ ਬਚ ਕੇ ਗੁਰੂ ਪੰਥ ਦੀਆਂ ਅਸੀਸਾਂ ਦੇ ਪਾਤਰ ਬਣਨ ਦੀ ਕੋਸ਼ਿਸ਼ ਕੀਤੀ ਜਾਵੇ। ਅਤੇ ਇਸ ਦੇ ਅੱਗੇ ਹੀ ਉਨ੍ਹਾਂ ਕਿਹਾ ਕਿ ਜੋ ਹੁਣ ਕਾਂਗਰਸ ਵੱਲੋਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾ ਕੇ 6 ਮਹੀਨਿਆਂ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਪਹਿਲਾਂ ਵਾਂਗੂੰ ਬੇਅਦਬੀ ਦੇ ਨਾਮ ਉੱਤੇ ਸਿਆਸਤ ਹੀ ਕਰਨੀ ਹੈ।