Verka Milk Price Hike 2026: ਮਹਿੰਗਾਈ ਦਾ ਇੱਕ ਹੋਰ ਝਟਕਾ! 13 ਨਵੰਬਰ ਤੋਂ ਮਹਿੰਗਾ ਹੋਵੇਗਾ ਵੇਰਕਾ ਦੁੱਧ
Babushahi Network
ਚੰਡੀਗੜ੍ਹ, 12 ਨਵੰਬਰ 2026: ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਟਿਡ (ਮਿਲਕਫੈੱਡ) ਨੇ ਆਪਣੇ ਪ੍ਰਸਿੱਧ ਸਹਿਕਾਰੀ ਬ੍ਰਾਂਡ ਵੇਰਕਾ ਦੇ ਵੱਖ-ਵੱਖ ਪੈਕਟਾਂ ਵਾਲੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਕੀਮਤਾਂ 13 ਨਵੰਬਰ ਦੀ ਸਵੇਰ ਤੋਂ ਲਾਗੂ ਹੋ ਜਾਣਗੀਆਂ। ਪੰਜਾਬ ਤੋਂ ਇਲਾਵਾ ਨਾਲ ਲੱਗਦੇ ਇਲਾਕਿਆਂ ਅਤੇ ਦਿੱਲੀ-ਐਨਸੀਆਰ ਵਿੱਚ ਵੀ ਇਹ ਵਧੀਆਂ ਦਰਾਂ ਲਾਗੂ ਹੋਣਗੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ ਮਈ-2026 ਵਿੱਚ ਵੀ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਹੁਣ ਨਵੇਂ ਫੈਸਲੇ ਨਾਲ ਆਮ ਘਰਾਂ ਦੇ ਮਹੀਨਾਵਾਰ ਬਜਟ ’ਤੇ ਹੋਰ ਬੋਝ ਪੈਣ ਦੀ ਸੰਭਾਵਨਾ ਹੈ।

ਅੱਧਾ ਲੀਟਰ ਪੈਕਟ ਦੀਆਂ ਨਵੀਆਂ ਕੀਮਤਾਂ
ਮਿਲਕਫੈੱਡ ਵੱਲੋਂ ਜਾਰੀ ਨਵੀਂ ਕੀਮਤ ਸੂਚੀ ਅਨੁਸਾਰ 500 ਮਿਲੀਲੀਟਰ ਫੁੱਲ ਕਰੀਮ ਦੁੱਧ 36 ਰੁਪਏ ਦੀ ਬਜਾਏ 38 ਰੁਪਏ ਵਿੱਚ ਮਿਲੇਗਾ। ਸਟੈਂਡਰਡ ਦੁੱਧ ਦੀ ਕੀਮਤ 33 ਤੋਂ ਵਧਾ ਕੇ 35 ਰੁਪਏ ਕਰ ਦਿੱਤੀ ਗਈ ਹੈ। ਟੋਨਡ ਦੁੱਧ 30 ਦੀ ਬਜਾਏ 31 ਰੁਪਏ ਅਤੇ ਡਬਲ ਟੋਨਡ ਦੁੱਧ 27 ਦੀ ਬਜਾਏ 28 ਰੁਪਏ ਦਾ ਹੋਵੇਗਾ। ਇਸੇ ਤਰ੍ਹਾਂ ਗਾਂ ਦੇ ਦੁੱਧ ਦੀ ਕੀਮਤ 31 ਤੋਂ ਵਧਾ ਕੇ 33 ਰੁਪਏ ਅਤੇ ਸਕਿਮਡ ਦੁੱਧ ਦੀ ਕੀਮਤ 24 ਤੋਂ ਵਧਾ ਕੇ 25 ਰੁਪਏ ਕਰ ਦਿੱਤੀ ਗਈ ਹੈ।
ਇੱਕ ਲੀਟਰ ਅਤੇ ਵੱਡੇ ਪੈਕਟ ਵੀ ਹੋਣਗੇ ਮਹਿੰਗੇ
ਇੱਕ ਲੀਟਰ ਫੁੱਲ ਕਰੀਮ ਦੁੱਧ ਹੁਣ 72 ਦੀ ਬਜਾਏ 76 ਰੁਪਏ ਵਿੱਚ ਮਿਲੇਗਾ, ਜਦਕਿ ਸਟੈਂਡਰਡ ਦੁੱਧ ਦੀ ਕੀਮਤ 65 ਤੋਂ ਵਧ ਕੇ 69 ਰੁਪਏ ਹੋਵੇਗੀ। ਟੋਨਡ ਦੁੱਧ 59 ਦੀ ਬਜਾਏ 61 ਰੁਪਏ ਅਤੇ ਡਬਲ ਟੋਨਡ ਦੁੱਧ 53 ਦੀ ਬਜਾਏ 55 ਰੁਪਏ ਦਾ ਹੋਵੇਗਾ।
1.5 ਲੀਟਰ ਵਾਲੇ ਫੁੱਲ ਕਰੀਮ, ਸਟੈਂਡਰਡ ਅਤੇ ਗਾਂ ਦੇ ਦੁੱਧ ਦੇ ਪੈਕਟਾਂ ਦੀਆਂ ਕੀਮਤਾਂ ਵਿੱਚ 6-6 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਦੀਆਂ ਨਵੀਆਂ ਕੀਮਤਾਂ ਕ੍ਰਮਵਾਰ 112, 102 ਅਤੇ 96 ਰੁਪਏ ਹੋਣਗੀਆਂ। ਦੋ ਲੀਟਰ ਫੁੱਲ ਕਰੀਮ ਦੁੱਧ ਹੁਣ 150 ਰੁਪਏ ਅਤੇ ਸਟੈਂਡਰਡ ਦੁੱਧ 136 ਰੁਪਏ ਵਿੱਚ ਮਿਲੇਗਾ।
ਕੁਝ ਪੈਕਟਾਂ ਦੀ ਮਾਤਰਾ ਵੀ ਘਟੇਗੀ
ਕੰਪਨੀ ਵੱਲੋਂ ਕੁਝ ਪੈਕਟਾਂ ਵਿੱਚ ਮਾਤਰਾ ਘਟਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। 350 ਮਿਲੀਲੀਟਰ ਟੋਨਡ ਦੁੱਧ ਦਾ ਪੈਕਟ ਹੁਣ 320 ਮਿਲੀਲੀਟਰ ਦਾ ਹੋਵੇਗਾ, ਜਦਕਿ 450 ਮਿਲੀਲੀਟਰ ਸਟੈਂਡਰਡ ਦੁੱਧ ਦਾ ਪੈਕਟ ਘਟਾ ਕੇ 430 ਮਿਲੀਲੀਟਰ ਕਰ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ 180/200 ਮਿਲੀਲੀਟਰ ਡਬਲ ਟੋਨਡ ਦੁੱਧ ਦੀ ਕੀਮਤ ਵੀ ਪਹਿਲਾਂ ਵਾਂਗ ਰਹੇਗੀ।
ਜ਼ਿਕਰਯੋਗ ਹੈ ਕਿ ਅਮੂਲ ਅਤੇ ਮਦਰ ਡੇਅਰੀ ਵੱਲੋਂ ਵੀ ਦੁੱਧ ਦੀਆਂ ਕੁਝ ਕਿਸਮਾਂ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਦਰਾਂ ਲਾਗੂ ਹੋਣ ਨਾਲ ਖਪਤਕਾਰਾਂ ਨੂੰ ਹੁਣ ਰੋਜ਼ਾਨਾ ਦੁੱਧ ਦੀ ਖਰੀਦ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ।
- Download Babushahi App
-
-