Punjab News: PM ਦੀ ਆਲੋਚਨਾ ਕਰਨ 'ਤੇ ਡੀਸੀ ਨੇ ਮੰਗੀ ਮੁਆਫ਼ੀ
Ravi Jakhu
ਚੰਡੀਗੜ੍ਹ/ਨਵੀਂ ਦਿੱਲੀ, 19 ਸਤੰਬਰ, 2025: ਸੰਗਰੂਰ ਦੇ ਡਿਪਟੀ ਕਮਿਸ਼ਨਰ (DC) ਨੇ ਆਪਣੇ ਟਵਿੱਟਰ ਹੈਂਡਲ ਤੋਂ ਪੀਐੱਮ ਨਰਿੰਦਰ ਮੋਦੀ ਵੱਲੋਂ ਐਲਾਨੇ 1600 ਕਰੋੜ ਰੁਪਏ ਦੇ ਰਾਹਤ ਦੀ 10 ਸਤੰਬਰ ਨੂੰ ਆਲੋਚਨਾ ਕੀਤੀ ਸੀ। ਬੇਸ਼ੱਕ ਕੁੱਝ ਘੰਟਿਆਂ ਬਾਅਦ ਡੀਸੀ ਨੇ ਉਕਤ ਪੋਸਟ ਨੂੰ ਸੋਸ਼ਲ ਮੀਡੀਆ ਤੇ ਹਟਾ ਦਿੱਤਾ ਸੀ, ਪਰ ਕੁੱਝ ਲੋਕਾਂ ਨੇ ਡੀਸੀ ਦੀ ਪੋਸਟ ਦਾ ਸਕਰੀਨ ਸ਼ਾਟ ਲੈ ਕੇ ਪੀਐਮਓ ਦਫ਼ਤਰ ਨੂੰ ਭੇਜ ਦਿੱਤਾ ਸੀ। ਪੀਐਮਓ ਦਫ਼ਤਰ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਹੋਇਆ ਚੀਫ਼ ਸੈਕਟਰੀ ਪੰਜਾਬ ਨੂੰ ਕਾਰਵਾਈ ਲਈ ਲਿਖਿਆ ਸੀ। ਪੀਐੱਮਓ ਦਫ਼ਤਰ ਤੋਂ ਮਿਲੇ ਨੋਟਿਸ ਤੋਂ ਬਾਅਦ ਵਿੱਚ ਚੀਫ਼ ਸੈਕਟਰੀ ਨੇ ਡੀਸੀ ਸੰਗਰੂਰ ਨੂੰ ਤਲਬ ਕੀਤਾ ਤਾਂ, ਉਨ੍ਹਾਂ ਨੇ ਇਸ ਗੱਲ ਲਈ ਮੁਆਫ਼ੀ ਮੰਗੀ ਸੀ ਅਤੇ ਨਾਲ ਹੀ ਕਿਹਾ ਸੀ ਕਿ, ਸੋਸ਼ਲ ਟੀਮ ਵੱਲੋਂ ਉਕਤ ਪੋਸਟ ਗ਼ਲਤੀ ਦੇ ਨਾਲ ਅਧਿਕਾਰਿਤ ਐਕਾਊਂਟ ਤੋਂ ਪੈ ਗਈ। ਦੱਸ ਦਈਏ ਕਿ ਡੀਸੀ ਨੇ 10 ਸਤੰਬਰ ਨੂੰ ਪੋਸਟ ਪਾਉਣ ਤੋਂ ਡੇਢ ਘੰਟੇ ਬਾਅਦ ਜਿੱਥੇ ਪੋਸਟ ਹਟਾ ਦਿੱਤੀ ਸੀ, ਉਥੇ ਹੀ 12 ਸਤੰਬਰ ਨੂੰ DC ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਇਹ ਪੋਸਟ ਜ਼ਿਲ੍ਹਾ ਪੀਆਰ ਟੀਮ ਵੱਲੋਂ ਅਣਜਾਣੇ ਵਿੱਚ ਅਪਲੋਡ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਸਨੂੰ ਪਹਿਲਾਂ ਨਹੀਂ ਦੇਖਿਆ ਸੀ।

