Political Special ਚੱਲੇ ਕਾਰਤੂਸਾਂ ਤੇ ਨਵੇਂ ਨਕੋਰ ਲੀਡਰਾਂ ਨੇ ਸਿਆਸੀ ਥਾਪੀ ਲਈ ਰਗੜਿਆ ਕੇਜਰੀਵਾਲ ਅੱਗੇ ਮੱਥਾ
ਅਸ਼ੋਕ ਵਰਮਾ
ਬਠਿੰਡਾ , 09 ਨਵੰਬਰ 2026 : ਪੰਜਾਬ ’ਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਦੀ ਝਾਕ ’ਚ ‘ਹਾਕਮ ਧਿਰ ਆਮ ਆਦਮੀ ਪਾਰਟੀ’ ਦੇ ਆਗੂਆਂ ਨੇ ਦਿਵਾਲੀ ਦੀਆਂ ਵਧਾਈਆਂ ਬਹਾਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆਂ ਦੀਆਂ ਦੇਹਲੀਆਂ ਨੀਵੀਆਂ ਕਰ ਰੱਖੀਆਂ ਹਨ। ਪਾਰਟੀ ਉਮੀਦਵਾਰ ਬਣਨ ਦਾ ਸੁਫਨਾ ਸੰਜੋਈ ਬੈਠੇ ਇਨ੍ਹਾਂ ਆਗੂਆਂ ਨੇ ਕੇਜਰੀਵਾਲ ਤੇ ਸਿਸੋਦੀਆ ਨਾਲ ਫੋਟੋਆਂ ਆਪਣੇ ਸੋਸ਼ਲ ਮੀਡੀਆ ਪੇਜਾਂ ’ਤੇ ਸਾਂਝੀਆਂ ਕੀਤੀਆਂ ਹਨ। ਇਸ ਦਾ ਮਕਸਦ ਆਪੋ ਆਪਣੇ ਹਲਕਿਆਂ ’ਚ ਟਿਕਟ ਦਾ ਦਾਅਵਾ ਕਰਨ ਵਾਲੇ ਹੋਰਨਾਂ ਆਗੂਆਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਦਾਅਵੇਦਾਰੀ ’ਚ ਉਨ੍ਹਾਂ ਦਾ ਨੰਬਰ ਉੱਪਰ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਇੰਨ੍ਹਾਂ ਨੇਤਾਵਾਂ ’ਚ ਨਵੇਂ ਨਕੋਰੇ ਚਿਹਰੇ ਵੀ ਹਨ ਅਤੇ ਚੱਲੇ ਕਾਰਤੂਸ ਵੀ, ਜਿੰਨ੍ਹਾਂ ਨੂੰ ਪਾਰਟੀ ਵੱਲੋਂ ਕਰਵਾਏ ਸਰਵੇਖਣ ਦੌਰਾਨ ਉਨ੍ਹਾਂ ਦੇ ਹਲਕੇ ਦੇ ਵੋਟਰਾਂ ਨੇ ਢੁੱਕਵੇਂ ਨੰਬਰ ਨਹੀਂ ਦਿੱਤੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਵੀ ਵਧਾਈ ਦੇਣ ਆਏ ਹਰੇਕ ਲੀਡਰਾਂ ਦੀ ਤਸਵੀਰ ਆਪਣੇ ਫੇਸਬੁੱਕ ਪੇਜ ’ਤੇ ਸਾਂਝੀ ਕੀਤੀ ਜਾ ਰਹੀ ਹੈ। ਹੁਣ ‘ਸਿਆਸੀ ਦਿਵਾਲੀ ’ ਕਿਸ ਲਈ ਮੁਬਾਰਕ ਬਣਦੀ ਹੈ ਇਹ ਤਾਂ ਦੂਸਰੀ ਸੂਚੀ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਕੇਜਰੀਵਾਲ ਦੇ ਗੁੱਝੇ ਹਾਸੇ ਨੇ ਟਿਕਟ ਦੀ ਉਡੀਕ ਕਰ ਰਹੇ ਆਗੂਆਂ ਦੇ ਦਿਲਾਂ ਦੀਆਂ ਧੜਕਣਾਂ ਵਧਾਈਆਂ ਹੋਈਆਂ ਹਨ। ਯਾਦ ਰਹੇ ਕਿ ਆਮ ਆਦਮੀ ਪਾਰਟੀ ਨੇ 31 ਅਕਤੂਬਰ ਨੂੰ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਜਿਸ ’ਚ ਸਿਟਿੰਗ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਸੋਸ਼ਲ ਮੀਡੀਆ ’ਤੇ ਅਫਵਾਹਾਂ ਦਾ ਬਜ਼ਾਰ ਗਰਮ ਹੈ ਕਿ ਪਾਰਟੀ ਵੱਲੋਂ ਜਲਦੀ ਹੀ ਲੱਗਭਗ ਏਨੇ ਹੀ ਹਲਕਿਆਂ ਦੀ ਦੂਸਰੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਜਿਸ ਲਈ ਨਾਵਾਂ ਦੀ ਚੋਣ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਲਈ ਇਸ ਵਾਰ ਦੀ ਸਭ ਤੋਂ ਵੱਡੀ ਚੁਣੌਤੀ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰਾਂ ਦੀ ਚੋਣ ਦੇ ਨਾਲ , ਨਾਲ ਟਿਕਟ ਤੋਂ ਵਾਂਝੇ ਰਹਿਣ ਵਾਲੇ ਆਗੂਆਂ ਦੀ ਨਾਰਾਜ਼ਗੀ ਨੂੰ ਦੂਰ ਕਰਨਾ ਹੈ। ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਟਿਕਟਾਂ ਦੇ ਐਲਾਨ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਅਤੇ ਧੜੇਬੰਦੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਦਰਅਸਲ , ਆਮ ਆਦਮੀ ਪਾਰਟੀ ਦੇ ਅੰਦਰ ਇਹ ਚਰਚਾ ਹੈ ਕਿ ਪਾਰਟੀ ਦੇ 40 ਫੀਸਦੀ ਗੈਰ-ਕਾਰਗੁਜ਼ਾਰੀ ਕਰਨ ਵਾਲੇ ਵਿਧਾਇਕਾਂ ਦੀਆਂ ਟਿਕਟਾਂ ਰੱਦ ਕੀਤੀਆਂ ਜਾ ਸਕਦੀਆਂ ਹਨ। ਸਿਆਸੀ ਹਲਕਿਆਂ ਵਿੱਚ ਵੀ ਚਰਚਾਵਾਂ ਹਨ ਕਿ ਦੂਜੀ ਸੂਚੀ ਵਿੱਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸ ਨੂੰ ਦੇਖਦਿਆਂ ਟਿਕਟ ਦੇ ਦਾਅਵੇਦਾਰਾਂ ਅਤੇ ਹਾਲੇ ਤੱਕ ਟਿਕਟਾਂ ਮਿਲਣ ਤੋਂ ਵਾਂਝੇ ਵਿਧਾਇਕਾਂ ਵੱਲੋਂ ਸਿਆਸੀ ਖੈਰ ਲਈ ਹਾਈਕਮਾਂਡ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।
ਅਜਿਹੇ ਵਿੱਚ ਦੂਜੀ ਸੂਚੀ ’ਤੇ ਸਿਰਫ਼ ਟਿਕਟ ਦੇ ਚਾਹਵਾਨਾਂ ਹੀ ਨਹੀਂ , ਸਗੋਂ ਮੌਜੂਦਾ ਵਿਧਾਇਕਾਂ ਨੇ ਅੱਖ ਰੱਖੀ ਹੋਈ ਹੈ ਜਦੋਂਕਿ ਵਿਰੋਧੀ ਧਿਰਾਂ ਦੀ ਨਜ਼ਰ ਇਸ ਤੋਂ ਵੱਖਰੀ ਹੈ। ਇਸੇ ਦੌਰਾਨ ਕੱੁਝ ਵਿਧਾਇਕਾਂ ਨੂੰ ਟਿਕਟਾਂ ਕੱਟਣ ਦਾ ਡਰ ਹੈ, ਜਿੰਨ੍ਹਾਂ ਦੇ ਹਲਕਿਆਂ ਕਈ ਕਈ ਨਵੇਂ ਚਿਹਰੇ ਟਿਕਟਾਂ ਮਿਲਣ ਦੀ ਉਮੀਦ ਵਿੱਚ ਹਨ। ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੀ ਚਰਚਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਰਣਨੀਤੀ ਨਾਲ ਵੀ ਜੋੜਕੇ ਦੇਖਿਆ ਜਾ ਰਿਹਾ ਹੈ। ਦਿੱਲੀ ਵਿੱਚ ਪਾਰਟੀ ਨੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਸੀ ਜਿਸ ਦੇ ਕਾਫੀ ਚੰਗੇ ਨਤੀਜੇ ਸਾਹਮਣੇ ਆਏ ਸਨ। ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਦੂਸਰੀ ਵਾਰ ਸੱਤਾ ’ਚ ਆਉਣ ਲਈ ਪਾਰਟੀ ਵੱਲੋਂ ਦਿੱਲੀ ਪੈਟਰਨ ਲਾਗੂ ਕਰਨ ਤੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਇੱਕ ਸੀਨੀਅਰ ‘ਆਪ’ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਮੰਨਿਆ ਕਿ ਪਾਰਟੀ ਵੱਲੋਂ ਕਰਵਾਏ ਸਰਵੇਖਣਾਂ ਦੌਰਾਨ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਦੀ ਟਿਕਟ ਕੱਟਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਵਾਰ ਜਿੱਤ ਦਾ ਦਮ ਰੱਖਣ ਵਾਲੇ ਉਮੀਦਵਾਰ ਮੈਦਾਨ ’ਚ ਉਤਾਰਨਾ ਚਾਹੁੰਦੀ ਹੈ ਜਿਸ ਕਰਕੇ ਇਹ ਜਰੂਰੀ ਵੀ ਹੈ। ਉਨ੍ਹਾਂ ਮੰਨਿਆ ਕਿ ਜਿੰਨ੍ਹਾਂ ਵਿਧਾਇਕਾਂ ਨੂੰ ਟਿਕਟ ’ਤੇ ਕੈਂਚੀ ਚੱਲਣ ਦਾ ਖਦਸ਼ਾ ਹੈ , ਉਹ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਕੋਲ ਜੁਗਾੜ ਲਾਉਣ ’ਚ ਜੁਟੇ ਹੋਏ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਦਿੱਲੀ ਲੀਡਰਸ਼ਿਪ ਕੋਲ ਭੀੜ ਵਧਣ ਦਾ ਮੁੱਖ ਕਾਰਨ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੀ ਚਰਚਾ ਹੀ ਬਣੀ ਹੈ ਅਤੇ ਦੀਵਾਲੀ ਤੋਂ ਬਾਅਦ ਦੂਜੀ ਸੂਚੀ ਜਾਰੀ ਹੋਣ ਦੀ ਗੱਲ ਸਾਹਮਣੇ ਆਉਣ ਕਾਰਨ ਵੀ ਟਿਕਟਾਂ ਦੇ ਦਾਅਵੇਦਾਰਾਂ ਨੇ ਦਿੱਲੀ ਵੱਲ ਵਹੀਰਾਂ ਘੱਤੀਆਂ ਹਨ।
ਸਿਆਸੀ ਸਰਵਣ ਪੁੱਤ ਬਣਨ ਦੀ ਦੌੜ
ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਵਿਧਾਇਕਾਂ ’ਚ ‘ਆਪ ਹਾਈਕਮਾਂਡ’ ਦੇ ‘ਸਿਆਸੀ ਸਰਵਣ ਪੁੱਤ’ ਬਣਨ ਦੀ ਦੌੜ ’ਚ ਲੱਗ ਗਈ ਹੈ। ਇਸ ਦੀ ਪਹਿਲੀ ਮਿਸਾਲ ਰਾਹੁਲ ਗਾਂਧੀ ਵੱਲੋਂ ਸੰਗਰੂਰ ਰੈਲੀ ਵਿੱਚ ਭਗਵੰਤ ਮਾਨ ਨੂੰ ਨਿਸ਼ਾਨਾ ਬਨਾਉਣ ’ਤੇ ਸੋਸ਼ਲ ਮੀਡੀਆ ਰਾਹੀਂ ਵਿਧਾਇਕਾਂ ਦਾ ਤਿੱਖਾ ਵਿਰੋਧ ਹੈ। ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ’ਤੇ ਈਡੀ ਦੇ ਛਾਪੇ ਤੋਂ ਬਾਅਦ ਵਿਧਾਇਕਾਂ ਦੀ ਤਿੱਖੀ ਪ੍ਰਤੀਕਿਰਿਆ ਨੂੰ ਵੀ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਕਈ ਵਿਧਾਇਕ ਤਾਂ ਕੋਈ ਮਸਲਾ ਉੱਠਣ ਦੀ ਸੂਰਤ ’ਚ ‘ਦੋ ਦੋ ਹੱਥ ਕਰਨ’ ਲਈ ਤਿਆਰ ਬੈਠੇ ਹਨ।
- Download Babushahi App
-
-