Political Special: ਮਾਲਵੇ ਦੀ ‘ਚੋਣਾਂ ਵਾਲੀ ਲੱਸੀ’ ਨੂੰ ਫੂਕਾਂ ਮਾਰਨ ਲੱਗੀ ‘ਆਪ’ ਦੇ ਸਿਆਸੀ ਦੁੱਧ ਦੀ ਫੂਕੀ ਕਾਂਗਰਸ
ਅਸ਼ੋਕ ਵਰਮਾ
ਬਠਿੰਡਾ , 10 ਨਵੰਬਰ 2026 : ਪੰਜਾਬ ’ਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੀਆਂ ਸਿਆਸੀ ਅਤੇ ਚੁਣਾਵੀ ਤਿਆਰੀਆਂ ਤਹਿਤ ਮਾਲਵੇ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ 2017 ’ਚ ਸ਼ਾਨੋ ਸ਼ੌਕਤ ਨਾਲ ਜਿੱਤੀ ਕਾਂਗਰਸ ਪਾਰਟੀ ਨੂੰ 2022 ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਿਉਂਕਿ ਪੰਜਾਬ ਦੀ ਸਿਆਸਤ ਦਾ ਰਾਹ ਮਾਲਵੇ ਵਿੱਚੋਂ ਹੋ ਕੇ ਹੀ ਸੱਤਾ ਦੀ ਦਹਿਲੀਜ਼ ਤੱਕ ਪਹੁੰਚਦਾ ਹੈ ਜਿਸ ਲਈ ਕਾਂਗਰਸ ਨੇ ਆਪਣੀ ਪਹਿਲੀ ਵੱਡੀ ਕਵਾਇਦ ਲਈ ਮਾਲਵਾ ਪੱਟੀ ਨੂੰ ਚੁਣਿਆ ਹੈ। ਕਾਂਗਰਸ ਦੀ ਮੈਨੀਫੈਸਟੋ ਕਮੇਟੀ ਨੇ 11 ਨਵੰਬਰ ਨੂੰ ਮਾਲਵੇ ਦੇ ਅੱਧੀ ਦਰਜਨ ਮਹੱਤਵਪੂਰਨ ਜਿਲਿ੍ਹਆਂ ਦੀ ਮੀਟਿੰਗ ਸੱਦੀ ਹੈ ਜਿਸ ’ਚ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਮਾਨਸਾ , ਫਰੀਦਕੋਟ ਅਤੇ ਫਿਰੋਜ਼ਪੁਰ ਸ਼ਾਮਲ ਹੋਣਗੇ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ ਇਕੱਲੇ ਮਾਲਵੇ ’ਚ 69 ਹਲਕੇ ਹਨ ਜਿੰਨ੍ਹਾਂ ਚੋਂ ਕਾਂਗਰਸ ਨੇ 2017 ’ਚ 40 ਸੀਟਾਂ ਜਿੱਤੀਆਂ ਸਨ।
ਇਹੋ ਕਾਰਨ ਹੈ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ 2027 ਲਈ ਮਾਲਵੇ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਹੈ। ਪਾਰਟੀ ਇਸ ਵਾਰ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਸਿੱਧੇ ਆਮ ਲੋਕਾਂ, ਵੱਖ-ਵੱਖ ਵਰਗਾਂ ਅਤੇ ਸਮਾਜਿਕ ਜਥੇਬੰਦੀਆਂ ਦੀ ਰਾਇ ਲੈਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਮਾਲਵੇ ਦੇ ਇੰਨ੍ਹਾਂ ਮਹੱਤਵਪੂਰਨ ਜ਼ਿਲਿ੍ਹਆਂ ਵਿੱਚ ਕਿਸਾਨਾਂ , ਮਜ਼ਦੂਰਾਂ, ਵਪਾਰੀਆਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਮੁੱਦੇ ਲੰਬੇ ਸਮੇਂ ਤੋਂ ਸਿਆਸੀ ਬਹਿਸ ਦਾ ਹਿੱਸਾ ਰਹੇ ਹਨ। ਅਜਿਹੇ ਵਿੱਚ ਕਾਂਗਰਸ ਦੀ ਇਹ ਕਵਾਇਦ ਸਿਰਫ਼ ਚੋਣ ਮਨੋਰਥ ਪੱਤਰ ਤਿਆਰ ਕਰਨ ਤੱਕ ਸੀਮਤ ਨਹੀਂ ਬਲਕਿ ਪਾਰਟੀ ਦਾ ਸਿਆਸੀ ਅਧਾਰ ਮਜਬੂਤ ਕਰਨ ਲਈ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪਾਰਟੀ ਵੱਲੋਂ ਸਮਾਜਿਕ ਅਤੇ ਆਰਥਿਕ ਵਰਗ ਦੀਆਂ ਤਰਜੀਹਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਖ਼ਾਸ ਤੌਰ ’ਤੇ ਕਿਸਾਨ ਜਥੇਬੰਦੀਆਂ, ਵਪਾਰਕ ਐਸੋਸੀਏਸ਼ਨਾਂ, ਉਦਯੋਗ ਜਗਤ ਅਤੇ ਮੁਲਾਜ਼ਮ ਯੂਨੀਅਨਾਂ ਦੀਆਂ ਮੰਗਾਂ ਸੁਣਨਾ ਪਾਰਟੀ ਲਈ ਅਹਿਮ ਹੋਵੇਗਾ।
ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਵਰਗਾਂ ਦੇ ਮੁੱਦੇ ਚੋਣਾਂ ਦੌਰਾਨ ਸਿਆਸੀ ਬਹਿਸ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸੇ ਲਈ ਇਨ੍ਹਾਂ ਜ਼ਿਲਿ੍ਹਆਂ ਦੇ ਪ੍ਰਮੁੱਖ ਕਾਂਗਰਸੀ ਆਗੂਆਂ, ਸਾਬਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਸਮੇਤ ਸਮੂਹ ਅਹੁਦੇਦਾਰਾਂ ਨੂੰ ਸੱਦਿਆ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਕਾਂਗਰਸ ਦੀ ਮੈਨੀਫੈਸਟੋ ਕਮੇਟੀ ਨੇ ਵਿੱਚ ਵੱਖ-ਵੱਖ ਵਰਗਾਂ , ਟਰੇਡ ਯੂਨੀਅਨਾਂ , ਵਪਾਰਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਯਤਨ ਹੈ ਕਿ ਚੋਣ ਮੈਨੀਫੈਸਟੋ ਸਿਰਫ਼ ਵਾਅਦਿਆਂ ਤੱਕ ਸੀਮਤ ਨਾ ਰਹੇ , ਸਗੋਂ ਇਸ ’ਚ ਲੋਕਾਂ ਦੀਆਂ ਅਸਲ ਸਮੱਸਿਆਵਾਂ ਅਤੇ ਉਮੀਦਾਂ ਨੂੰ ਵੀ ਥਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 11 ਨਵੰਬਰ ਨੂੰ ਬਠਿੰਡਾ ਦੇ ਲਾਰਡ ਰਾਮਾ ਹਾਲ ਵਿਖੇ ਮੀਟਿੰਗ ਕਰਨ ਦੀ ਤਜਵੀਜ਼ ਹੈ ਜਿਸ ਵਿੱਚ ਕਾਂਗਰਸ ਦੀ ਜਿਲ੍ਹਾ ਪੱਧਰੀ ਲੀਡਰਸ਼ਿਪ ਨੂੰ ਸ਼ਾਮਲ ਹੋਣ ਦੀ ਹਦਾਇਤ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਹਨ ਜਦੋਂਕਿ ਸਹਾਇਕ ਚੇਅਰਮੈਨ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਮੈਂਬਰ ਵਜੋਂ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਅਤੇ ਹਰਦਿਆਲ ਸਿੰਘ ਕੰਬੋਜ ਸ਼ਾਮਲ ਕੀਤੇ ਗਏ ਹਨ। ਇੰਨ੍ਹਾਂ ਚੋਂ ਡਾ. ਅਮਰ ਸਿੰਘ ਅਤੇ ਗੁਰਜੀਤ ਔਜਲਾ ਬਠਿੰਡਾ ਪੁੱਜ ਗਏ ਹਨ ਜਿੱਥੇ ਉਨ੍ਹਾਂ ਨੇ ਸਥਾਨਕ ਆਗੂਆਂ ਨਾਲ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਹੈ। ਮੈਨੀਫੈਸਟੋ ਕਮੇਟੀ ਦਾ ਮਕਸਦ ਵੱਖ-ਵੱਖ ਵਰਗਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੀਆਂ ਮੰਗਾਂ, ਸਮੱਸਿਆਵਾਂ ਅਤੇ ਸੁਝਾਅ ਇਕੱਤਰ ਕਰਨਾ ਹੈ, ਤਾਂ ਕਿ 2027 ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਦੇ ਸਮੇਂ ਇਨ੍ਹਾਂ ਮੁੱਦਿਆਂ ਨੂੰ ਸ਼ਾਮਲ ਕੀਤਾ ਜਾ ਸਕੇ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਆਪਣੇ ਜ਼ਿਲਿ੍ਹਆਂ ਦੇ ਸਨਅਤਕਾਰਾਂ , ਵਪਾਰੀਆਂ, ਕਿਸਾਨਾਂ, ਮਜ਼ਦੂਰਾਂ , ਸਰਕਾਰੀ ਤੇ ਪ੍ਰਾਈਵੇਟ ਮੁਲਾਜ਼ਮਾਂ, ਅਧਿਆਪਕਾਂ, ਡਾਕਟਰਾਂ, ਨੌਜਵਾਨਾਂ ਅਤੇ ਮਹਿਲਾ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀਆਂ ਹਦਾਇਤਾਂ ਹਨ।
ਲੋਕਾਂ ਦੇ ਮੈਨੀਫੈਸਟੋ ’ਤੇ ਜੋਰ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਇਸ ਪਹਿਲਕਦਮੀ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਪਾਰਟੀ ਪੰਜਾਬੀਆਂ ਨੂੰ ਦਰਸਾਉਣਾ ਚਾਹੁੰਦੀ ਹੈ ਕਿ ਇਹ ਸਿਰਫ ਚੋਣ ਵਾਅਦੇ ਨਹੀਂ ਸਗੋਂ ਇਹ ਲੋਕਾਂ ਵੱਲੋਂ ਤਿਆਰ ਲੋਕਾਂ ਦਾ ਆਪਣਾ ਚੋਣ ਮਨੋਰਥ ਪੱਤਰ ਹੈ ਜਿਸ ’ਤੇ ਪਹਿਰਾ ਦੇਣ ਲਈ ਪਾਰਟੀ ਵਚਨਬੱਧ ਹੈ। ਚੋਣ ਵਾਅਦਿਆਂ ਅਤੇ ਸੱਤਾ ਵਿਰੋਧੀ ਲਹਿਰ ਦਾ ਲਾਹਾ ਲੈਣ ਦੀ ਰਣਨੀਤੀ ਤਹਿਤ ਆਮ ਆਦਮੀ ਪਾਰਟੀ ਨੇ 2022 ਦੌਰਾਨ ਮਾਲਵੇ ’ਚ ਰਿਕਾਰਡ ਤੋੜ ਜਿੱਤ ਦਰਜ ਕੀਤੀ ਸੀ ਜਦੋਂ ਵੱਡੀਆਂ ਵੱਡੀਆਂ ਸਿਆਸੀ ਤੋਪਾਂ ਲੁੜਕ ਗਈਆਂ ਸਨ। ਹੁਣ 2027 ’ਚ ਕਾਂਗਰਸ ਪਾਰਟੀ ਵੀ ਸੱਤਾ ਵਿਰੋਧੀ ਲਹਿਰ ਨੂੰ ਆਪਣੇ ਪੱਖ ’ਚ ਵਰਤਣ ਦੀਆਂ ਤਿਆਰੀਆਂ ਕਰਦੀ ਨਜ਼ਰ ਆਉਂਦੀ ਹੈ।
ਵੱਖ ਵੱਖ ਜੱਥੇਬੰਦੀਆਂ ਸੱਦੀਆਂ
ਪੰਜਾਬ ਕਾਂਗਰਸ ਦੇ ਸੱਦਾ ਪੱਤਰ ਅਨੁਸਾਰ ਪਾਰਟੀ ਨੇ ਵਪਾਰਕ ਅਤੇ ਹੋਰਨਾ ਜੱਥੇਬੰਦੀਆਂ ਨੂੰ ਆਪਣੀਆਂ ਮੁੱਖ ਮੰਗਾਂ , ਸਮੱਸਿਆਵਾਂ ਅਤੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਵਾਲੇ ਠੋਸ ਸੁਝਾਅ ਲਿਖਤੀ ਰੂਪ ਵਿੱਚ ਭੇਜਣ ਦੀ ਅਪੀਲ ਕੀਤੀ ਹੈ। ਕਾਂਗਰਸੀ ਆਗੂਆਂ ਨੂੰ ਆਪਣੇ ਸੰਪਰਕ ਵਿਚਲੀਆਂ ਇੰਨ੍ਹਾਂ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਆਪਣੀਆਂ ਮੰਗਾਂ ਲਿਖਤੀ ਰੂਪ ਵਿੱਚ ਤਿਆਰ ਕਰਵਾਉਣ ਲਈ ਕਿਹਾ ਗਿਆ ਹੈ ਜੋ 11 ਨਵੰਬਰ ਨੂੰ ਮੈਨੀਫੈਸਟੋ ਕਮੇਟੀ ਦੇ ਸਾਹਮਣੇ ਨਿੱਜੀ ਤੌਰ ’ਤੇ ਪੇਸ਼ ਕੀਤੇ ਜਾਣਗੇ।
- Download Babushahi App
-
-