PM Modi ਅਤੇ ਨੇਪਾਲ ਦੇ PM ਬਾਲੇਨ ਸ਼ਾਹ ਨੇ ਮਿਲਾਇਆ ਹੱਥ, ਚੀਨ ਨੂੰ ਸਿੱਧਾ ਸੁਨੇਹਾ
ਫੌਜੀ ਭਰਤੀ ਅਤੇ ਆਰਥਿਕ ਪੈਕੇਜ ਸਮੇਤ ਕਈ ਵੱਡੇ ਐਲਾਨਾਂ ਦੀ ਸੰਭਾਵਨਾ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 23 ਨਵੰਬਰ, 2026: ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦਾ ਰਸਮੀ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਐਤਵਾਰ ਨੂੰ ਦੋ ਦਿਨਾਂ ਭਾਰਤ ਦੌਰੇ 'ਤੇ ਪਹੁੰਚੇ ਬਾਲੇਨ ਸ਼ਾਹ ਦੀ ਮਾਰਚ ਮਹੀਨੇ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲੀ ਭਾਰਤ ਫੇਰੀ ਹੈ। ਨੇਪਾਲ ਵਿੱਚ ਰਾਜਸ਼ਾਹੀ ਦੇ ਅੰਤ ਤੋਂ ਬਾਅਦ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਪੱਸ਼ਟ ਬਹੁਮਤ ਵਾਲੀ ਸਥਿਰ ਸਰਕਾਰ ਬਣੀ ਹੈ, ਜਿਸ ਕਾਰਨ ਦੋਵੇਂ ਦੇਸ਼ ਇਸ ਦੌਰੇ ਨੂੰ ਦੁਵੱਲੇ ਸਬੰਧਾਂ ਦੇ ਨਵੇਂ ਅਧਿਆਏ ਵਜੋਂ ਦੇਖ ਰਹੇ ਹਨ।
ਫੌਜ ਵਿੱਚ ਗੋਰਖਿਆਂ ਦੀ ਭਰਤੀ ਅਤੇ ਹੜ੍ਹ ਰਾਹਤ ਪੈਕੇਜ 'ਤੇ ਨਜ਼ਰਾਂ
ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ, ਇਸ ਦੌਰੇ ਦੌਰਾਨ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਮੁੱਖ ਏਜੰਡਾ ਹੈ। ਕੁਝ ਸਮਾਂ ਪਹਿਲਾਂ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਭਾਰਤ ਵੱਲੋਂ ਨੇਪਾਲ ਦੇ ਪੁਨਰ-ਨਿਰਮਾਣ ਲਈ ਇੱਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਭਾਰਤ ਵੱਲੋਂ ਹਾਲ ਹੀ ਵਿੱਚ ਅਗਨੀਵੀਰਾਂ ਦੀ ਸਥਾਈ ਭਰਤੀ ਸਬੰਧੀ ਲਏ ਗਏ ਫ਼ੈਸਲੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਨੇਪਾਲ ਸਰਕਾਰ ਭਾਰਤੀ ਫ਼ੌਜ ਵਿੱਚ ਗੋਰਖਾ ਨੌਜਵਾਨਾਂ ਦੀ ਭਰਤੀ ਮੁੜ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਅਗਨੀਪਥ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਨੇਪਾਲ ਵਿੱਚ ਭਾਰਤੀ ਫ਼ੌਜ ਦੇ ਦੋਵੇਂ ਭਰਤੀ ਕੇਂਦਰ ਬੰਦ ਕਰ ਦਿੱਤੇ ਗਏ ਸਨ, ਪਰ ਹੁਣ ਬਦਲੇ ਹਾਲਾਤਾਂ ਅਤੇ ਘਰੇਲੂ ਦਬਾਅ ਕਾਰਨ ਨੇਪਾਲ ਇਸ 'ਤੇ ਸਹਿਮਤ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸਰਹੱਦੀ ਵਿਵਾਦ ਇਸ ਮੁਲਾਕਾਤ ਦੇ ਏਜੰਡੇ ਵਿੱਚ ਸ਼ਾਮਲ ਨਹੀਂ ਹੈ, ਕਿਉਂਕਿ ਇਸ ਲਈ ਦੋਵਾਂ ਦੇਸ਼ਾਂ ਕੋਲ ਪਹਿਲਾਂ ਹੀ ਅਧਿਕਾਰਤ ਢਾਂਚਾ ਮੌਜੂਦ ਹੈ।
ਚੀਨ ਨੂੰ ਸਖ਼ਤ ਸੰਦੇਸ਼ ਅਤੇ 'ਰੋਟੀ-ਬੇਟੀ' ਦੇ ਰਿਸ਼ਤਿਆਂ ਦੀ ਮਜ਼ਬੂਤੀ
ਭਾਰਤ ਅਤੇ ਨੇਪਾਲ ਦਰਮਿਆਨ ਲਗਭਗ 1,800 ਕਿਲੋਮੀਟਰ ਲੰਬੀ ਖੁੱਲ੍ਹੀ ਸਰਹੱਦ ਹੋਣ ਕਾਰਨ ਨੇਪਾਲ ਵਿੱਚ ਵਧਦੀ ਚੀਨੀ ਦਖ਼ਲਅੰਦਾਜ਼ੀ ਭਾਰਤ ਲਈ ਚਿੰਤਾ ਦਾ ਵਿਸ਼ਾ ਰਹੀ ਹੈ। ਵਿਦੇਸ਼ ਮਾਮਲਿਆਂ ਦੇ ਮਾਹਿਰਾਂ ਅਨੁਸਾਰ, ਨੇਪਾਲ ਅਤੇ ਚੀਨ ਦੇ ਤਣਾਅਪੂਰਨ ਸਬੰਧਾਂ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਅਤੇ ਬਾਲੇਨ ਸ਼ਾਹ ਦੀ ਇਹ ਮੁਲਾਕਾਤ ਚੀਨ ਨੂੰ ਸਿੱਧਾ ਰਣਨੀਤਕ ਸੰਦੇਸ਼ ਹੈ। ਐਤਵਾਰ ਨੂੰ ਦਿੱਲੀ ਪਹੁੰਚਣ 'ਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਨੇਪਾਲੀ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਸੀ, ਜਿਸ ਤੋਂ ਬਾਅਦ ਬਾਲੇਨ ਸ਼ਾਹ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਵੀ ਅਹਿਮ ਮੁਲਾਕਾਤ ਕੀਤੀ।
ਅਯੁੱਧਿਆ ਤੋਂ ਜਨਕਪੁਰਧਾਮ ਲਈ ਚੱਲੇਗੀ 'ਸਰਯੂ-ਕਮਲਾ ਐਕਸਪ੍ਰੈਸ'
ਇਸ ਇਤਿਹਾਸਕ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਗੂੜ੍ਹਾ ਕਰਦਿਆਂ ਸੋਮਵਾਰ ਨੂੰ ਅਯੁੱਧਿਆ ਅਤੇ ਨੇਪਾਲ ਦੇ ਜਨਕਪੁਰਧਾਮ ਦਰਮਿਆਨ 'ਸਰਯੂ-ਕਮਲਾ ਐਕਸਪ੍ਰੈਸ' ਰੇਲਗੱਡੀ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਦਿੱਲੀ ਤੋਂ ਵਰਚੁਅਲ ਮਾਧਿਅਮ ਰਾਹੀਂ ਉਦਘਾਟਨੀ ਵਿਸ਼ੇਸ਼ ਰੇਲਗੱਡੀ (ਨੰਬਰ 04295) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜੋ ਦੁਪਹਿਰ 12:30 ਵਜੇ ਸਜੇ ਹੋਏ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ।
- Download Babushahi App
-
-